ਹਰਦਮ ਮਾਨ
ਸਰੀ, 26 ਫਰਵਰੀ 2020 - ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਕਵਾਂਟਲਿਨ ਪੌਲੀਟਿਕਨਿਕ ਯੂਨੀਵਰਸਿਟੀ ਅਤੇ ਦੀਪਕ ਬਿਨਿੰਗ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਤਾਰ੍ਹਵਾਂ ਸਲਾਨਾ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਕਵਾਂਟਲਿਨ ਪੌਲੀਟਿਕਨਿਕ ਯੂਨੀਵਰਸਿਟੀ, ਸਰੀ ਵਿੱਚ ਮਨਾਇਆ ਗਿਆ। ਜਿਸ ਵਿਚ ਸਕੂਲਾਂ ਵਿੱਚ ਪੰਜਾਬੀ ਪੜ੍ਹਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਸਮਾਗਮ ਦੀ ਸ਼ੁਰੂਆਤ ਕਵਾਂਟਲਿਨ ਪੌਲੀਟਿਕਨਿਕ ਯੂਨੀਵਰਸਿਟੀ ਦੇ ਅਗਜੈਕਟਿਵ ਡਾਇਰੈਕਟਰ ਸਟੀਵ ਲਵਰਨ ਅਤੇ ਦੀਪਕ ਬਿਨਿੰਗ ਫਾਊਂਡੇਸ਼ਨ ਦੇ ਪਾਲ ਬਿਨਿੰਗ ਦੇ ਸਵਾਗਤੀ ਸ਼ਬਦਾਂ ਨਾਲ ਹੋਈ।
ਪਲੀ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਕਿਹਾ ਕਿ ਕਨੇਡਾ ਵਿੱਚ ਪੰਜਾਬੀ ਦਾ ਭਵਿੱਖ ਬਹੁਤ ਉੱਜਲਾ ਹੈ ਅਤੇ ਇਹ ਕਨੇਡਾ ਦੇ ਕਈ ਨਗਰਾਂ, ਜਿੱਥੇ ਪੰਜਾਬੀ ਵਸੋਂ ਭਾਰੀ ਗਿਣਤੀ ਵਿੱਚ ਹੈ, ਰੁਜ਼ਗਾਰ ਦੀ ਭਾਸ਼ਾ ਬਣ ਚੁੱਕੀ ਹੈ। ਉਨ੍ਹਾਂ ਪੰਜਾਬੀ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਕਲਾਸਾਂ ਵਿੱਚ ਦਾਖਲਾ ਦਿਵਾਉਣ ਤਾਂ ਕਿ ਹੋਰ ਸਕੂਲਾਂ ਵਿੱਚ ਵੀ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰਵਾਈ ਜਾ ਸਕੇ। ਉਨ੍ਹਾਂ ਨੇ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਪੰਜਾਬੀ ਸਾਹਿਤਕਾਰ ਜਸਵੰਤ ਸਿੰਘ ਕੰਵਲ, ਡਾ ਦਲੀਪ ਕੌਰ ਟਿਵਾਣਾ, ਇੰਦਰ ਸਿੰਘ ਖਾਮੋਸ਼ ਅਤੇ ਡਾ. ਸੁਰਜੀਤ ਹਾਂਸ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਉੱਘੇ ਚਿੰਤਕ ਡਾ ਸਾਧੂ ਸਿੰਘ ਨੇ ਪੰਜਾਬੀ ਬੋਲੀ ਨੂੰ ਸਲਾਮ ਕਰਦਿਆਂ ਕਿਹਾ ਕਿ ਇਸ ਦਾ ਸ਼ਬਦ ਭੰਡਾਰ ਬਹੁਤ ਅਮੀਰ ਹੈ ਅਤੇ ਉਨ੍ਹਾਂ ਨੂੰ ਹੋਰ ਜ਼ਬਾਨਾਂ ਵਿੱਚੋਂ ਪੰਜਾਬੀ `ਚ ਤਰਜਮਾਂ ਕਰਦਿਆਂ ਕਦੇ ਵੀ ਕਿਸੇ ਸ਼ਬਦ ਦੀ ਤੋਟ ਮਹਿਸੂਸ ਨਹੀਂ ਹੋਈ। ਉਨ੍ਹਾਂ ਕਿਹਾ ਕਿ ਰਿਗਵੇਦ ਵਰਗੇ ਗ੍ਰੰਥ ਦੀ ਰਚਨਾ ਪੰਜਾਬੀ ਖਿੱਤੇ ਵਿੱਚ ਹੀ ਹੋਈ। ਉਨ੍ਹਾਂ ਧਨੀ ਰਾਮ ਚਾਤ੍ਰਿਕ ਦੀ ਕਵਿਤਾ, “ਵਸੇ ਰਸੇ ਘਰ ਬਾਰ ਤੇਰਾ, ਮੀਆਂ ਲਾਲ਼ਾ ਤੇ ਸਰਦਾਰ ਤੇਰਾ”, ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬੀ ਬੋਲੀ ਫਿਰਕਿਆਂ ਤੋਂ ਪਾਰ ਹੈ।
ਸਰੀ ਸਕੂਲ ਬੋਰਡ ਦੀ ਡਾਇਰੈਕਟਰ ਆਫ ਇੰਸਟਰੱਕਸ਼ਨਜ਼, ਸ਼ਾਨਾ ਰੌਸ ਨੇ ਕਿਹਾ ਕਿ ਮਾਂ ਬੋਲੀ ਬੱਚੇ ਦੇ ਵਿਅਕਤੀਤਵ ਵਿਕਾਸ ਵਿੱਚ ਵੱਡਾ ਰੋਲ ਅਦਾ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸਰੀ ਦੇ ਸਕੂਲਾਂ ਵਿੱਚ 75000 ਵਿੱਚੋਂ 23 ਪ੍ਰਤੀਸ਼ਤ ਬੱਚੇ ਪੰਜਾਬੀ ਮੂਲ ਦੇ ਹਨ ਅਤੇ ਇਨ੍ਹਾਂ ਵਿੱਚੋਂ 1477 ਬੱਚੇ ਸਰੀ ਦੇ ਪੰਜ ਐਲੀਮੈਂਟਰੀ ਅਤੇ ਅੱਠ ਸੈਕੰਡਰੀ ਸਕੂਲਾਂ ਵਿੱਚ ਪੰਜਾਬੀ ਪੜ੍ਹਦੇ ਹਨ। ਸਰੀ ਸ਼ਹਿਰ ਦੇ ਸਕੂਲ ਟਰੱਸਟੀ ਗੈਰੀ ਥਿੰਦ ਨੇ ਪੰਜਾਬੀਆਂ ਤੇ ਗਿਲਾ ਕਰਦਿਆਂ ਕਿਹਾ ਕਿ ਸਰੀ ਦੇ ਦੋ ਸਕੂਲਾਂ ਵਿੱਚ ਪੰਜਾਬੀ ਜਮਾਤਾਂ ਲਈ ਲੋੜੀਂਦੇ ਬੱਚੇ ਨਾ ਹੋਣ ਕਰਕੇ ਜਮਾਤਾਂ ਬੰਦ ਕਰਨੀਆਂ ਪਈਆਂ।
ਇਸ ਸਮਾਗਮ ਵਿੱਚ ਪ੍ਰਿੰਸਸ ਮਾਰਗਰੇਟ ਸੈਕੰਡਰੀ ਸਕੂਲ ਦੇ ਵਿਦਿਆਰਥੀ ਰਾਜਵੀਰ ਸਿੰਘ ਕਲੇਰ, ਸੇਮੀਆਮੂਹ ਸੈਕੰਡਰੀ ਸਕੂਲ ਦੀ ਮਹਿਕਪ੍ਰੀਤ ਕੌਰ ਧਾਲੀਵਾਲ, ਸ੍ਰੀ ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ ਦੀ ਸਹਿਜਪ੍ਰੀਤ ਕੌਰ ਧਾਲੀਵਾਲ, ਐਨਵਰ ਕਰੀਕ ਸੈਕੰਡਰੀ ਸਕੂਲ ਦੀ ਸੁਖਮਨ ਕੌਰ ਕੰਬੋਅ, ਗਰੀਨ ਟਿੰਬਰਜ਼ ਐਲੀਮੈਂਟਰੀ ਸਕੂਲ ਦੇ ਸਾਹਿਬ ਸਿੰਘ ਕੰਬੋਅ, ਸਿੰਡਰਿਕ ਐਲੀਮੈਂਟਰੀ ਸਕੂਲ ਦੀ ਨੰਨੀ ਬੱਚੀ ਭਵੀਨ ਕੌਰ ਗਿੱਲ ਨੇ ਕਵਿਤਾਵਾਂ ਪੜ੍ਹੀਆਂ ਅਤੇ ਗੀਤ ਗਾਏ।
ਇਸ ਮੌਕੇ ਕਰਵਾਏ ਗਏ ਕਹਾਣੀ ਮੁਕਾਬਲੇ ਵਿੱਚ ਪ੍ਰਿੰਸਸ ਮਾਰਗ੍ਰੇਟ ਸੈਕੰਡਰੀ ਸਕੂਲ ਤੋਂ ਗੁਰਨੂਰ ਕੌਰ ਦੀ ਕਹਾਣੀ 'ਲੋਕ ਕੀ ਕਹਿਣਗੇ' ਨੂੰ ਪਹਿਲਾ, ਇਸੇ ਹੀ ਸਕੂਲ ਤੋਂ ਅਵਨੀਤ ਕੌਰ ਸਮਰਾ ਦੀ ਕਹਾਣੀ 'ਪਹਿਚਾਣ' ਨੂੰ ਦੂਜਾ ਅਤੇ ਐਲ ਏ ਮੈਥੀਸਨ ਸੈਕੰਡਰੀ ਸਕੂਲ ਤੋਂ ਗੁਰਲੀਨ ਕੌਰ ਦੀ ਕਹਾਣੀ 'ਸਿਆਣੀ ਧੀ' ਨੂੰ ਤੀਜਾ ਸਥਾਨ ਮਿਲਿਆ। ਕਵਿਤਾ ਮੁਕਾਬਲੇ ਵਿੱਚ ਅਮਰੀਨ ਕੌਰ ਔਲਖ ਦੀ ਕਵਿਤਾ 'ਜੇ ਮੈਂ ਪੰਛੀ ਹੋਵਾਂ' ਨੂੰ ਪਹਿਲਾ, ਗੁਰਨੂਰ ਕੌਰ ਔਲਖ ਦੀ ਕਵਿਤਾ 'ਪ੍ਰਮਾਤਮਾ ਦੀ ਰਚਨਾ' ਨੂੰ ਦੂਜਾ ਅਤੇ ਹਰਲਾਜ ਕੌਰ ਦੀ ਕਵਿਤਾ 'ਸਨੋਅ ਪੈਂਦੀ ਦੇਖ' ਨੂੰ ਤੀਜਾ ਸਥਾਨ ਮਿਲਿਆ। ਇਹ ਤਿੰਨੋਂ ਖਾਲਸਾ ਸੈਕੰਡਰੀ ਸਕੂਲ ਸਰੀ ਦੀਆਂ ਵਿਦਿਆਰਥਣਾਂ ਹਨ। ਦੀਪਕ ਬਿਨਿੰਗ ਫਾਊਂਡੇਸ਼ਨ ਵੱਲੋਂ ਇਨ੍ਹਾਂ ਮੁਕਾਬਿਲਆਂ ਵਿੱਚ ਪਹਿਲੇ ਸਥਾਨ ਵਾਲੇ ਨੂੰ ਸੌ ਡਾਲਰ, ਦੂਜੇ ਸਥਾਨ ਲਈ ਪਝੱਤਰ ਡਾਲਰ ਤੇ ਤੀਜੇ ਸਥਾਨ ਲਈ ਪੰਜਾਹ ਡਾਲਰ ਇਨਾਮ ਵਜੋਂ ਦਿੱਤੇ ਗਏ। ਇਸ ਮੁਕਾਬਲੇ ਨੂੰ ਪੰਜਾਬੀ ਲੇਖਕ ਅਮਰੀਕ ਪਲਾਹੀ, ਕਵਿੰਦਰ ਚਾਂਦ ਅਤੇ ਸੁਰਿੰਦਰਪਾਲ ਕੌਰ ਬਰਾੜ ਨੇ ਜੱਜ ਕੀਤਾ।
ਅਖੀਰ ਵਿੱਚ ਪਲੀ ਦੇ ਵਾਈਸ ਪ੍ਰੈਜ਼ੀਡੈਂਟ ਡਾ. ਸਾਧੂ ਬਿਨਿੰਗ ਨੇ ਕਿਹਾ ਕਿ ਪੰਜਾਬੀ ਪਿਛਲੇ ਕੁਝ ਸਾਲਾਂ ਤੋਂ ਕਨੇਡਾ ਵਿਚ ਤੀਜੇ ਨੰਬਰ ’ਤੇ ਬੋਲੀ ਜਾਣ ਵਾਲੀ ਭਾਸ਼ਾ ਹੈ ਤੇ ਸਾਨੂੰ ਮੰਗ ਕਰਨੀ ਚਾਹੀਦੀ ਹੈ ਕਿ ਇਸ ਨੂੰ ਕਨੇਡਾ ਪੱਧਰ ’ਤੇ ਕਨੇਡੀਅਨ ਬੋਲੀ ਵਜੋਂ ਮਾਨਤਾ ਮਿਲੇ। ਪਲੀ ਵਲੋਂ ਪਿਛਲੇ ਦੋ ਦਹਾਕਿਆਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਪਰ ਲੋੜ ਹੈ ਕਿ ਇਹ ਮੰਗ ਸਮੁੱਚੇ ਭਾਈਚਾਰੇ ਵਲੋਂ ਉਠਾਈ ਜਾਵੇ ਤਾਂ ਕਿ ਸਾਡੇ ਭਾਈਚਾਰੇ ’ਚੋਂ ਚੁਣੇ ਹੋਏ ਸਿਆਸੀ ਨੇਤਾ ਇਸ ਵੱਲ ਧਿਆਨ ਦੇਣਾ ਸ਼ੁਰੂ ਕਰਨ। ਉਨ੍ਹਾਂ ਸਮਾਗਮ ਦੇ ਸਹਿਯੋਗੀ ਕਵਾਂਟਲਿਨ ਯੂਨੀਵਰਸਿਟੀ ਅਤੇ ਦੀਪਕ ਬਿਨਿੰਗ ਫਾਊਂਡੇਸ਼ਨ, ਪੰਜਾਬੀ ਮੀਡੀਆ ਅਤੇ ਸਾਰੇ ਵਲੰਟੀਅਰਾਂ ਦਾ ਧੰਨਵਾਦ ਕੀਤਾ।
ਸਮਾਗਮ ਦੌਰਾਨ ਰਜਿੰਦਰ ਪੰਧੇਰ ਦੀ ਕੋਸ਼ਿਸ਼ ਨਾਲ 150 ਤੋਂ ਵੱਧ ਕਿਤਾਬਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਵੰਡੀਆਂ ਗਈਆਂ।
ਸਮਾਗਮ ਦਾ ਸੰਚਾਲਨ ਐਲ ਏ ਮੈਥੀਸਨ ਸੈਕੰਡਰੀ ਸਕੂਲ ਦੀ ਪੰਜਾਬੀ ਅਧਿਆਪਕਾ ਅਤੇ ਪਲੀ ਦੀ ਸਰਗਰਮ ਮੈਂਬਰ ਪ੍ਰਭਜੋਤ ਕੌਰ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ। ਸਮਾਗਮ ਵਿਚ ਬੀ ਸੀ ਦੇ ਲੇਬਰ ਮਨਿਸਟਰ ਹੈਰੀ ਬੈਂਸ ਅਤੇ ਐਮ ਐਲ ਏ ਰਚਨਾ ਸਿੰਘ, ਡਾ. ਰਘਬੀਰ ਸਿੰਘ, ਜਰਨੈਲ ਸਿੰਘ ਸੇਖਾ, ਸੁਖਵੰਤ ਹੁੰਦਲ, ਡਾ. ਰਾਜਵੰਤ ਚਿਲਾਨਾ, ਹਰਚੰਦ ਸਿੰਘ ਬਾਗੜੀ, ਹਰਪ੍ਰੀਤ ਸੇਖਾ, ਮੱਖਣ ਟੁੱਟ, ਗੁਰਚਰਨ ਟੱਲੇਵਾਲੀਆ, ਪਲੀ ਦੇ ਬੋਰਡ ਮੈਂਬਰ ਪਾਲ ਬਿਨਿੰਗ, ਪ੍ਰਭਜੋਤ ਕੌਰ, ਰਜਿੰਦਰ ਪੰਧੇਰ, ਹਰਮਨ ਪੰਧੇਰ, ਦਯਾ ਜੌਹਲ, ਰਣਬੀਰ ਜੌਹਲ, ਪਰਵਿੰਦਰ ਧਾਰੀਵਾਲ, ਡਾ. ਕਮਲਜੀਤ ਕੌਰ ਅਤੇ ਅਤੇ ਭਾਈਚਾਰੇ ਦੀ ਜਾਣੀਆਂ ਪਛਾਣੀਆਂ ਸ਼ਖਸੀਅਤਾਂ ਹਾਜਰ ਸਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com