← ਪਿਛੇ ਪਰਤੋ
ਨਵੀਂ ਦਿੱਲੀ, 26 ਫਰਵਰੀ 2020 - ਦਿੱਲੀ 'ਚ ਹੋਈ ਹਿੰਸਾ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 18 ਹੋ ਗਈ ਹੈ। ਇਸ ਦੀ ਪੁਸ਼ਟੀ ਗੁਰੂ ਤੇਗ ਬਹਾਦਰ ਹਸਪਤਾਲ ਦੇ ਐਮ.ਡੀ ਸੁਨੀਲ ਕੁਮਾਰ ਗੌਤਮ ਵੱਲੋਂ ਕੀਤੀ ਗਈ। ਮ੍ਰਿਤਕਾਂ 'ਚ ਹੈੱਡ ਕਾਂਸਟੇਬਲ ਰਤਨ ਲਾਲ ਵੀ ਸ਼ਾਮਿਲ ਹੈ। ਇਸ ਤੋਂ ਬਿਨਾਂ ਮਿਲ ਰਹੀ ਜਾਣਕਾਰੀ ਦੇ ਅਨੁਸਾਰ 200 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਿੰਸਾ ਕਾਰਨ ਦਿੱਲੀ ਪੁਲਿਸ ਵੱਲੋਂ ਹਿੰਸਾ ਕਰਨ ਵਾਲਿਆ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਵੀ ਜਾਰੀ ਹੋਏ ਹਨ। ਉੱਥੇ ਹੀ ਦਿੱਲੀ 'ਚ ਹੋ ਰਹੀ ਹਿੰਸਾ ਦੇ ਕਾਰਨ ਦਿੱਲੀ ਨਾਲ ਲੱਗਦੇ ਦੂਜੇ ਸੂਬਿਆਂ ਦੇ ਸਾਰੇ ਬਾਰਡਰ ਸੀਲ ਕਰ ਦਿੱਤੇ ਗਏ ਹਨ। ਇਸ ਤੋਂ ਬਿਨਾਂ ਨਾਰਥ ਈਸ਼ਟ ਦਿੱਲੀ 'ਚ ਸੀ.ਬੀ.ਐੱਸ.ਈ. ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਹਿੰਦੀ ਨਿਊਜ਼ ਚੈਨਲ ਆਜਤਕ ਦੀ ਖਬਰ ਅਨੁਸਾਰ ਪੁਲਿਸ ਵੱਲੋਂ ਸ਼ੂਟ-ਐਟ-ਸਾਈਟ ਦਾ ਆਰਡਰ ਹਾਲਾਤਾਂ ਦੇਖਦੇ ਹੋਏ ਜਾਰੀ ਕੀਤਾ ਗਿਆ ਹੈ। ਦਿੱਲੀ ਦੇ ਕੁੱਝ ਇਲਾਕਿਆਂ 'ਚ ਪਥਰਾਅ ਵੀ ਹੋਇਆ ਹੈ ਅਤੇ ਕਈ ਥਾਵਾਂ 'ਤੇ ਆਗਜਨੀ ਵੀ ਕੀਤੀ ਗਈ ਅਤੇ ਹਿੰਸਕ ਪ੍ਰਦਰਸ਼ਨ ਵੀ ਹੋਏ ਹਨ ਅਤੇ ਜਿਸ ਕਾਰਨ ਪੁਲਿਸ ਨੂੰ ਹਾਲਾਤਾਂ 'ਤੇ ਕਾਬੂ ਪਾਉਣ ਲਈ ਲਾਠੀਚਾਰਜ ਵੀ ਕਰਨਾ ਪਿਆ। ਦਿੱਲੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਹਾਲਾਤਾਂ ਨੂੰ ਕਾਬੂ 'ਚ ਰੱਖਣ ਲਈ ਭਾਰੀ ਪੁਲਿਸ ਬਲ ਵੀ ਤੈਨਾਤ ਕੀਤੇ ਗਏ ਹਨ।
Total Responses : 935