ਬੀ.ਐੱਸ.ਐਫ ਨੇ ਸਰਹੱਦੀ ਵਿਦਿਆਰਥੀਆਂ ਨੂੰ ਵੰਡਿਆ ਪੜਾਈ ਸਬੰਧੀ ਲੋੜੀਂਦਾ ਸਮਾਨ
ਲੋਕੇਸ਼ ਰਿਸ਼ੀ
ਗੁਰਦਾਸਪੁਰ, 26 ਫਰਵਰੀ 2020-ਬੀ.ਐੱਸ.ਐਫ ਦੀ 10 ਬਟਾਲੀਅਨ ਵੱਲੋਂ ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋਂਕੇ ਟਾਹਲੀ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਡੀ.ਆਈ.ਜੀ ਬੀ.ਐੱਸ.ਐਫ ਗੁਰਦਾਸਪੁਰ ਰਜੇਸ਼ ਸ਼ਰਮਾ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ ਬਾਰਡਰ ਸਕਿਉਰਿਟੀ ਫੋਰਸ ਦੇ ਜਵਾਨਾਂ ਵੱਲੋਂ ਪਿੰਡ ਦੇ ਵਿਦਿਆਰਥੀਆਂ ਦੀ ਪੜਾਈ ਅਤੇ ਸਕੂਲ ਦੀ ਇਮਾਰਤ ਲਈ ਲੋੜੀਂਦਾ ਸਮਾਨ ਵੰਡਿਆ ਗਿਆ। ਡੀ.ਆਈ.ਜੀ ਭਲਾਈ ਨੇ ਜਿੱਥੇ ਇਸ ਸਮਾਗਮ ਨੂੰ ਸਰਹੱਦ ਤੇ ਵੱਸਦੇ ਲੋਕਾਂ ਅਤੇ ਸੈਨਾ ਦੇ ਤਾਲਮੇਲ ਵਿੱਚ ਵਾਧਾ ਕਰਨ ਦਾ ਜ਼ਰ੍ਹੀਆ ਦੱਸਿਆ। ਉੱਥੇ ਹੀ ਦੂਜੇ ਪਾਸੇ ਇਲਾਕੇ ਦੇ ਪਤਵੰਤੇ ਸੱਜਣਾਂ ਅਤੇ ਆਮ ਲੋਕਾਂ ਨੇ ਅਜਿਹੇ ਉਪਰਾਲਿਆਂ ਲਈ ਦੇਸ਼ ਦੀ ਸੈਨਾ ਦਾ ਧੰਨਵਾਦ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਆਈ.ਜੀ ਸ਼ਰਮਾ ਨੇ ਦੱਸਿਆ ਕਿ ਬੀ.ਐੱਸ.ਐਫ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਨਾਲ ਨਾਲ ਸਰਹੱਦ ਤੇ ਵੱਸਦੇ ਆਮ ਲੋਕਾਂ ਦੀ ਹਰ ਯੋਗ ਸਹਾਇਤਾ ਵੀ ਕਰਦੀ ਹੈ। ਤਾਂ ਜੋ ਦੇਸ਼ ਦੇ ਸਰਹੱਦੀ ਨਾਗਰਿਕਾਂ ਅਤੇ ਸੈਨਾ ਦਾ ਆਪਸੀ ਤਾਲਮੇਲ ਹੋਰ ਬਿਹਤਰ ਹੋ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੇ ਵਿਦਿਆਰਥੀ ਆਪਣੇ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਅੰਦਰ ਆਪਣੇ ਦੇਸ਼ ਦੀ ਸੈਨਾ ਪ੍ਰਤੀ ਪਿਆਰ ਅਤੇ ਸਤਿਕਾਰ ਹੋਣਾ ਵੀ ਬਹੁਤ ਜ਼ਰੂਰੀ ਹੈ।
ਡੀ.ਆਈ.ਜੀ ਸ਼ਰਮਾ ਨੇ ਦੱਸਿਆ ਕਿ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਬੀ.ਐੱਸ.ਐਫ ਵੱਲੋਂ ਪਿੰਡ ਪੱਖੋਕੇ ਟਾਹਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਮਾਗਮ ਕਰਵਾਇਆ ਗਿਆ ਅਤੇ ਇਸ ਸਮਾਗਮ ਦੌਰਾਨ 10 ਬਟਾਲੀਅਨ ਦੇ ਜਵਾਨਾਂ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਬਸਤੇ, ਬਲੈਕ-ਬੋਰਡ ਅਤੇ ਵਿੱਦਿਆ ਨਾਲ ਸਬੰਧਿਤ ਹੋਰ ਸਮਾਨ ਤੋਂ ਇਲਾਵਾ ਸਕੂਲ ਦੀ ਇਮਾਰਤ ਲਈ ਲੋੜੀਂਦੇ ਪੱਖੇ ਤੇ ਹੋਰ ਸਮਾਨ ਭੇਂਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਜ਼ਰੀਏ ਬੀ.ਐੱਸ.ਐਫ ਦੇ ਜਵਾਨ ਇਲਾਕਾ ਵਾਸੀਆਂ ਨਾਲ ਆਪਸੀ ਤਾਲਮੇਲ ਵਧਾਉਣ ਵਿੱਚ ਕਾਮਯਾਬ ਰਹੇ ਹਨ ਅਤੇ ਬੀ.ਐੱਸ.ਐਫ ਵੱਲੋਂ ਅੱਗੋਂ ਵੀ ਅਜਿਹੇ ਉਪਰਾਲੇ ਅਮਲ ਵਿੱਚ ਲਿਆਂਦੇ ਜਾਂਦੇ ਰਹਿਣਗੇ।
ਉੱਥੇ ਦੂਜੇ ਪਾਸੇ ਇਲਾਕੇ ਦੇ ਪਤਵੰਤੇ ਸੱਜਣਾਂ, ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸੈਨਾ ਵੱਲੋਂ ਕਿਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ। ਕਿ ਸਰਹੱਦੀ ਖੇਤਰ ਦੇ ਲੋਕਾਂ ਕੋਲ ਮੂਲ ਸਹੂਲਤਾਂ ਸਬੰਧੀ ਲੋੜੀਂਦੇ ਬਹੁਤੇ ਸਾਧਨ ਨਹੀਂ ਹਨ ਅਤੇ ਸੈਨਾ ਵੱਲੋਂ ਸਮੇਂ ਸਮੇਂ ਤੇ ਕੀਤੇ ਜਾਣ ਵਾਲੇ ਅਜਿਹੇ ਉਪਰਾਲਿਆਂ ਨਾਲ ਨਾ ਸਿਰਫ਼ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਲਾਭ ਹੁੰਦਾ ਹੈ। ਬਲ ਕਿ ਸੈਨਾ ਦੇ ਅਜਿਹੇ ਉਪਰਾਲਿਆਂ ਕਾਰਨ ਸਰਹੱਦੀ ਖੇਤਰ ਦੇ ਆਮ ਲੋਕ ਵੀ ਕਾਫ਼ੀ ਲਾਭ ਪ੍ਰਾਪਤ ਕਰਦੇ ਹਨ।