ਅਰਵਿੰਦ ਪਾਲ ਸਿੰਘ ਸੰਧੂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ
ਜਗਦੀਸ਼ ਥਿੰਦ
ਫਾਜ਼ਿਲਕਾ, 26 ਫਰਵਰੀ
ਕਿਸਾਨਾਂ ਨੂੰ ਸਹਾਇਕ ਧੰਦਿਆਂ ਨੂੰ ਅਪਨਾਉਣ ਲਈ ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਵੱਲੋਂ ਭਾਰੀ ਸਬਸਿਡੀ ਅਤੇ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਕਿਸਾਨਾਂ ਨੂੰ ਕੌਮੀ ਬਾਗਬਾਨੀ ਮਿਸ਼ਨ ਸਕੀਮ ਅਧੀਨ ਬਾਗਬਾਨੀ ਵਿਭਾਗ ਵੱਲੋਂ ਫਲਦਾਰ ਬੂਟਿਆ ਦੀ ਪੈਦਾਵਾਰ, ਖੁੰਭਾਂ ਦੀ ਕਾਸ਼ਤ, ਬਾਗਬਾਨੀ ਵਿਭਾਗ ਲਈ ਕੰਮ ਆਉਣ ਵਾਲੀਆਂ ਮਸ਼ੀਨਾਂ, ਸ਼ਹਿਦ ਦੀਆਂ ਮੱਖੀਆਂ ਪਾਲਣ, ਪੋਲੀ ਗਰੀਨ ਹਾਊਸ ਬਨਾਉਣ ’ਤੇ, ਵਰਮੀ ਖਾਦ ਯੂਨਿਟ ਲਗਾਉਣ ’ਤੇ 50 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈੇ। ਇਸ ਤਹਿਤ ਪਿਛਲੇ 2 ਸਾਲਾਂ ’ਚ 6263 ਲਾਭਪਾਤਰੀਆਂ ਨੂੰ 8 ਕਰੋੜ 10 ਲੱਖ 22 ਹਜ਼ਾਰ 298 ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ ਸ. ਸੰਧੂ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਸਾਲ 2018-19 ਦੌਰਾਨ ਬਾਗਬਾਨੀ ਮਿਸ਼ਨ ਸਕੀਮ ਅਧੀਨ 2327.1 ਹੈਕਟਰ ਰਕਬੇ ’ਚ ਨਵੇਂ ਬਾਗ ਲਗਾਉਣ ਤੇ 1907 ਕਿਸਾਨਾਂ ਨੂੰ 2 ਕਰੋੜ 79 ਲੱਖ 18 ਹਜਾਰ 510 ਰੁਪਏ ਦੀ ਸਬਸਿਡੀ ਦਿੱਤੀ ਗਈ। ਬਾਗਾਂ ਦੀ ਸੰਭਾਲ ਲਈ 1781 ਲਾਭਪਾਤਰੀਆਂ ਨੂੰ 1 ਕਰੋੜ 2 ਲੱਖ 93 ਹਜ਼ਾਰ 80 ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਗਈ ਹੈ। ਇਸ ਤੋਂ ਇਲਾਵਾ ਕਮਿਉਨਿਟੀ ਵਾਟਰ ਸਟੋਰੇਜ ਟੈਂਕ ਲਈ 36 ਲਾਭਪਾਤਰੀਆਂ ਨੂੰ 1 ਕਰੋੜ 15 ਲੱਖ 20 ਹਜ਼ਾਰ 158 ਰੁਪਏ ਦੀ ਸਬਸਿਡੀ ਦਿੱਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਸਾਲ 2017-18 ਦੋਰਾਨ ਕੌਮੀ ਬਾਗਬਾਨੀ ਮਿਸ਼ਨ ਸਕੀਮ ਅਧੀਨ 1382.4 ਹੈਕਟਰ ਰਕਬੇ ’ਚ ਨਵੇਂ ਬਾਗ ਲਗਾਉਣ ਤੇ 1056 ਕਿਸਾਨਾਂ ਨੂੰ 1 ਕਰੋੜ 65 ਲੱਖ 73 ਹਜ਼ਾਰ 450 ਰੁਪਏ ਦੀ ਸਬਸਿਡੀ ਦਿੱਤੀ ਗਈ। ਬਾਗਾਂ ਦੀ ਸੰਭਾਲ ਲਈ 1441 ਲਾਭਪਾਤਰੀਆਂ ਨੂੰ 75 ਲੱਖ 45 ਹਜ਼ਾਰ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਗਈ ਹੈ। ਕਮਿਊਨਿਟੀ ਵਾਟਰ ਸਟਰੇਜ਼ ਟੈਂਕ ਲਈ 9 ਲਾਭਪਾਤਰੀਆਂ ਨੂੰ 16 ਲੱਖ 9 ਹਜ਼ਾਰ 60 ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਗਈ ਹੈ ਅਤੇ ਨੈਚੂਰਲੀ ਵੇਟੀਂਲੇਟੀਡ ਸਿਸਟਮ ਅਧੀਨ 2 ਲਾਭਪਾਤਰੀਆਂ ਨੂੰ 17 ਲੱਖ 23 ਹਜਾਰ 40 ਰੁਪਏ, ਸੇਡ ਨੈਟ ਹਾਊਸ ਅਧੀਨ 1 ਲਾਭਪਾਤਰੀ ਨੂੰ 14 ਲੱਖ ਰੁਪਏ ਤੇ 29 ਮੱਧੂਮੱਖੀ ਪਾਲਕਾਂ ਨੂੰ 22 ਲੱਖ 40 ਹਜ਼ਾਰ ਅਤੇ ਪੈਕ ਹਾਊਸ ਅਧੀਨ 1 ਲਾਭਪਾਤਰੀ ਨੂੰ 2 ਲੱਖ ਰੁਪਏ ਦੀ ਸਬਸਿਡੀ ਮੁਹੱਇਆ ਕਰਵਾਈ ਗਈ।
ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਜਸਪਾਲ ਸਿੰਘ ਭੱਟੀ ਨੇ ਕਿਹਾ ਕਿ ਬਾਗਬਾਨੀ ਵਿਭਾਗ ਵੱਲੋਂ ਵੱਖ-ਵੱਖ ਸਕੀਮਾਂ ਚਲਾਈਆਂ ਜਾਂਦੀਆਂ ਹਨ ਜਿਨ੍ਹਾਂ ’ਤੇ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਜ਼ਿਲੇ੍ਹ ਦੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਕਣਕ ਤੇ ਝੋਨੇ ਦੇ ਫਸਲੀ ਚੱਕਰ ’ਚੋਂ ਨਿਕਲ ਕੇ ਬਾਗਬਾਨੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਹਾ ਲੈਣਾ ਚਾਹੀਦਾ ਹੈ ਜਿਸ ਨਾਲ ਉਹ ਆਪਣੀ ਆਰਥਿਕ ਸਥਿਤੀ ਨੂੰ ਹੋਰ ਮਜ਼ਬੂਤ ਕਰ ਸਕਦੇ ਹਨ।