ਮਨਪ੍ਰੀਤ ਸਿੰਘ ਜੱਸੀ
- ਜੋ ਸ਼ਰਨ ਆਉਂਦਾ ਹੈ ਉਸ ਨੂੰ ਗਲੇ ਨਾਲ ਲਗਾਉਣਾ ਸਾਡਾ ਸਿੱਖੀ ਦਾ ਸਿਧਾਂਤ
ਅੰਮ੍ਰਿਤਸਰ, 26 ਫਰਵਰੀ 2020 - ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਵਿਚ ਜੋ ਹਿੰਸਾਂ ਦੀਆਂ ਬਹੁਤ ਹੀ ਮੰਦਭਾਗੀਆਂ ਘਟਨਾਵਾਂ ਵਾਪਰੀਆ ਹਨ, ਜਿਸ ਵਿਚ ਕਈ ਵਿਅਕਤੀਆਂ ਦੇ ਜ਼ਖਮੀ ਅਤੇ ਮਾਰੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਜਿਸ ਸਬੰਧੀ ਸਿੰਘ ਸਾਹਿਬ ਜੀ ਨੇ ਕਿਹਾ ਹੈ ਕਿ ਜੋ ਸ਼ਰਨ ਆਉਂਦਾ ਹੈ ਉਸ ਨੂੰ ਗਲੇ ਨਾਲ ਲਗਾਉਣਾ ਸਾਡਾ ਸਿੱਖੀ ਦਾ ਸਿਧਾਂਤ ਹੈ। ਇਸ ਵਕਤ ਦਿੱਲੀ ਵਿਚ ਹਾਲਾਤ ਬਹੁਤ ਹੀ ਨਾਜੁਕ ਬਣੇ ਹੋਏ ਹਨ, ਜਿਸ ਦੇ ਮੱਦੇਨਜ਼ਰ ਦਿੱਲੀ ਦੇ ਸਾਰੇ ਹੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਇਸ ਦੁੱਖ ਦੀ ਘੜੀ ਵਿਚ ਇਨ੍ਹਾਂ ਪੀੜਤਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ, ਭਾਵੇਂ ਉਹ ਪੀੜਤ ਹਿੰਦੂ / ਮੁਸਲਮਾਨ ਜਾਂ ਕੋਈ ਵੀ ਹੋਵੇ। ਜਿਹੜੇ ਵੀ ਹਿੰਸਾ ਦਾ ਸ਼ਿਕਾਰ ਹੋਏ ਲੋਕ ਨੇ ਉਨ੍ਹਾਂ ਦੀ ਗੁਰਦੁਆਰਾ ਸਾਹਿਬਾਨ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇ। ਸਿੰਘ ਸਾਹਿਬ ਜੀ ਨੇ ਖਾਸ ਤੌਰ 'ਤੇ ਇਹ ਵੀ ਕਿਹਾ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਪੀੜਤਾਂ ਨੂੰ ਸ਼ਰਨ ਵੀ ਦੇਣ ਅਤੇ ਲੰਗਰ ਆਦਿ ਦਾ ਪ੍ਰਬੰਧ ਵੀ ਕਰਨ। ਇਸ ਤੋਂ ਇਲਾਵਾ ਬੱਚਿਆਂ ਤੇ ਔਰਤਾਂ ਦੀ ਸੁਰੱਖਿਆ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਜਾਵੇ।