ਸੰਜੀਵ ਸੂਦ
- 22 ਲੱਖ 60 ਹਜ਼ਾਰ ਰੁਪਏ ਦੀ ਕਰੰਸੀ ਬਰਾਮਦ...
- ਲੁਧਿਆਣਾ ਪੁਲਸ ਨੂੰ ਵੱਡੀ ਕਾਮਯਾਬੀ
ਲੁਧਿਆਣਾ, 26 ਫਰਵਰੀ 2020 - ਲੁਧਿਆਣਾ ਕ੍ਰਾਈਮ ਬ੍ਰਾਂਚ 3 ਨੇ ਜਾਅਲੀ ਕਰੰਸੀ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ ਅਤੇ ਇਨ੍ਹਾਂ ਮੁਲਜ਼ਮਾਂ ਤੋਂ 22 ਲੱਖ 60 ਹਜ਼ਾਰ ਰੁਪਏ ਦੀ ਕਰੰਸੀ ਬਰਾਮਦ ਕੀਤੀ ਗਈ ਹੈ। ਜਿਸ ਸਬੰਧੀ ਡੀ.ਸੀ.ਪੀ. ਇਨਵੈਸਟੀਗੇਸ਼ਨ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਯੂਟਿਊਬ ਤੋਂ ਦੇਖ ਕੇ ਇਨ੍ਹਾਂ ਮੁਲਜ਼ਮਾਂ ਵੱਲੋਂ ਕਰੰਸੀ ਬਣਾਉਣੀ ਸ਼ੁਰੂ ਕੀਤੀ ਗਈ ਸੀ ਅਤੇ ਨਾਲ ਹੀ ਯੂਟਿਊਬ 'ਤੇ ਹੀ ਵੀਡੀਓ ਹੇਠਾਂ ਲਿਖੇ ਕੁਮੈਂਟਾਂ ਦੇ ਵਿੱਚ ਇੱਕ ਨੰਬਰ 'ਤੇ ਛੱਤੀਸਗੜ੍ਹ ਬੈਠੇ ਵਿਅਕਤੀ ਨਾਲ ਰਾਬਤਾ ਕਾਇਮ ਕਰਕੇ ਇਨ੍ਹਾਂ ਵੱਲੋਂ ਇਹ ਪੂਰਾ ਨੈੱਟਵਰਕ ਚਲਾਇਆ ਜਾ ਰਿਹਾ ਸੀ।
ਕਾਮਯਾਬੀ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਇਨਵੈਸਟੀਗੇਸ਼ਨ ਐੱਸਪੀਐੱਸ ਢੀਂਡਸਾ ਨੇ ਦੱਸਿਆ ਕਿ ਮੁਲਜ਼ਮ ਵਿੱਕੀ ਅਤੇ ਸਾਹਿਲ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਅਰੋੜਾ ਪੈਲੇਸ ਲਾਈਟਾਂ ਸ਼ਿਮਲਾਪੁਰੀ ਤੋਂ ਕਾਬੂ ਕੀਤਾ ਗਿਆ ਹੈ ਅਤੇ ਇਸ ਦੌਰਾਨ ਉਨ੍ਹਾਂ ਤੋਂ 9 ਲੱਖ 17 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੇ ਜਦੋਂ ਵਿੱਕੀ ਦੇ ਘਰ ਛਾਪੇਮਾਰੀ ਕੀਤੀ ਗਈ ਤਾਂ ਉੱਥੋਂ ਵੀ 13 ਲੱਖ 43 ਹਜ਼ਾਰ ਰੁਪਏ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਹੈ ਇਸ ਤੋਂ ਇਲਾਵਾ ਕਰੰਸੀ ਬਣਾਉਣ ਵਾਲਾ ਸਾਮਾਨ ਵੀ ਪੁਲਿਸ ਨੇ ਜ਼ਬਤ ਕੀਤਾ ਹੈ।
ਡੀ.ਸੀ.ਪੀ. ਮੁਤਾਬਕ ਮੁਲਜ਼ਮ ਛੱਤੀਸਗੜ੍ਹ ਦੇ ਰਹਿਣ ਵਾਲੇ ਨਰੇਸ਼ ਕੁਮਾਰ ਦੇ ਰਾਹੀਂ ਕਰੰਸੀ ਦੀ ਡੀਲਿੰਗ ਕਰਦੇ ਸਨ। ਮੁਲਜ਼ਮਾਂ ਵੱਲੋਂ ਯੂਟਿਊਬ 'ਤੇ ਵੀਡੀਓ ਵੇਖ ਕੇ ਇਹ ਕਰੰਸੀ ਬਣਾਈ ਜਾ ਰਹੀ ਸੀ। ਇੱਥੋਂ ਤੱਕ ਕਿ ਕਰੰਸੀ ਦੀ ਡੀਲ ਕਰਵਾਉਣ ਵਾਲਾ ਮੁਲਜ਼ਮ ਵੀ ਇਨ੍ਹਾਂ ਨੂੰ ਯੂ-ਟਿਊਬ ਰਾਹੀਂ ਹੀ ਮਿਲਿਆ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਉਨ੍ਹਾਂ ਤੋਂ ਪੂਰੇ ਨੈੱਟਵਰਕ ਸਬੰਧੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।