ਮੀਟਿੰਗ ਦੌਰਾਨ ਜ਼ਰੂਰੀ ਦਿਸ਼ਾ ਨਿਰਦੇਸ਼ ਦਿੰਦੇ ਸ਼੍ਰੀ ਤਰਸੇਮ ਮੰਗਲਾ , ਮੌਜੂਦ ਹਨ ਡਿਪਟੀ ਕਲੀਨਰ ਫਾਜ਼ਿਲਕਾ ਅਰਵਿੰਦ ਪਾਲ ਸੰਧੂ , ਐੱਸ ਐੱਸ ਪੀ ਹਰਜੀਤ ਸਿੰਘ ਅਤੇ ਹੋਰ ਅਧਿਕਾਰੀ
ਜਗਦੀਸ਼ ਥਿੰਦ
ਫ਼ਾਜ਼ਿਲਕਾ, 26 ਫਰਵਰੀ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੀ ਅਕਤੂਬਰ ਤੋਂ ਦਸੰਬਰ ਮਹੀਨੇ ਦੀ ਤਿਮਾਹੀ ਮੀਟਿੰਗ ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੈਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਤਰਸੇਮ ਮੰਗਲਾ ਦੀ ਅਗਵਾਈ ਹੇਠ ਹੋਈ।
ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨਜ ਜੱਜ ਨੇ ਗਵਾਹ ਸੁਰੱਖਿਆ ਸਕੀਮ ਨੂੰ ਲਾਗੂ ਕਰਨਾ ਅਤੇ ਲੋਕਾਂ ਨੂੰ ਇਸ ਸਕੀਮ ਬਾਰੇ ਜਾਗਰੁਕ ਕਰਨਾ, ਫੌਜਦਾਰੀ ਅਪਰਾਧ, ਰੇਪ, ਸਾਮੂਹਿਕ ਰੇਪ, ਤੇਜਾਬ ਹਮਲੇ ਦਾ ਕੇਸ, ਜਲਾਊਣ ਦੇ ਕੇਸ, ਆਦਿ ਵਿੱਚ ਐਫ.ਆਈ.ਆਰ. ਦੀ ਕਾਪੀ ਮੁਹੱਈਆ ਕਰਵਾਉਣਾ, ਘੋਰ ਅਪਰਾਧ ਵਿੱਚ ਐਫ. ਆਈ. ਆਰ. ਤੁਰੰਤ ਦਰਜ ਕਰਨਾ, ਵਿਕਟਿਮ ਮੁਆਵਜ਼ਾ ਸਕੀਮ ਦੇ ਅਧੀਨ ਤੇਜ਼ਾਬ ਪੀੜਤ, ਸੜਕ ਦੁਰਘਟਨਾ ਜਿਸ ਵਿੱਚ ਬੰਦਾ ਨਾ-ਮਾਲੂਮ ਹੋਏ ਅਤੇ ਮੁਫ਼ਤ ਕਾਨੂੰਨੀ ਸੇਵਾਵਾਂ, ਨੈਸ਼ਨਲ ਲੋਕ ਅਦਾਲਤ, ਮਹੀਨਵਾਰ ਲੋਕ ਅਦਾਲਤਾਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ।
ਇਸ ਵਿੱਚ ਪੰਜਾਬ ਵਿਕਟਿਮ ਮੁਆਵਜ਼ਾ ਸਕੀਮ ਅਧੀਨ ਵਾਰਸਨਾਮਾ ਸਰਟੀਫਿਕੇਟ ਅਤੇ ਅਦਮਪਤਾ ਰਿਪੋਰਟਾਂ, ਐਮ.ਐਲ.ਆਰ ਰਿਪੋਰਟਾਂ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੇ ਨਾਲ ਹੀ ਸਾਰੇ ਮੌਜ਼ੂਦ ਮੈਂਬਰਾਂ ਨੂੰ ਵਨ-ਸਟਾਪ ਸੈਂਟਰ ਜੋ ਕਿ ਸਿਵਲ ਹਸਪਤਾਲ ਵਿਖੇ ਆਮ ਲੋਕਾਂ ਦੀ ਸਹੂਲੀਅਤ ਲਈ ਖੋਲਿਆ ਗਿਆ ਹੈ ਅਤੇ ਇਸ ਵਿੱਚ ਆਉਣ ਵਾਲੀਆਂ ਮੁਸ਼ਕਿਲਾ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਸ਼੍ਰੀ ਰਾਜ ਪਾਲ ਰਾਵਲ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ 200 ਤੋਂ ਵੱਧ ਪੈਰਾ ਲੀਗਲ ਵਲੰਟੀਅਰ ਕੰਮ ਕਰ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਵਿਸਥਾਰ ਦੇਣ ਲਈ ਕਿਹਾ ਤਾਂ ਜੋ ਪੈਰਾ ਲੀਗਲ ਵਲੰਟੀਅਰ ਹਰ ਪਿੰਡ ਵਿੱਚ ਜਾ ਕੇ ਆਮ ਲੋੋਕਾਂ ਨੂੰ ਨਾਲਸਾ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਦੀ ਜਾਨਕਾਰੀ ਦੇ ਸਕਣ। ਉਹਨਾਂ ਨੇ ਇਹ ਵੀ ਦੱਸਿਆ ਕਿ ਅਕਤੂਬਰ ਤੋਂ ਦਸੰਬਰ ਮਹੀਨੇ ਦੇ ਵਿਚਕਾਰ 175 ਕੇਸਾਂ ਵਿੱਚ ਲੋਕਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਅਧੀਨ ਪੈਨਲ ਵਕੀਲ ਮੁਹੱਈਆ ਕਰਵਾਏ।
ਇਸ ਮੌਕੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ, ਸੀਨੀਅਰ ਪੁਲਿਸ ਕਪਤਾਨ ਹਰਜੀਤ ਸਿੰਘ, ਸਕੱਤਰ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਰਾਜ ਪਾਲ ਰਾਵਲ, ਚੀਫ ਜੂਡੀਸ਼ੀਅਲ ਮੈਜ਼ਿਸਟੇ੍ਰਟ ਅਮਿਤ ਕੁਮਾਰ ਗਰਗ, ਡਿਪਟੀ ਜਿਲ੍ਹਾ ਅਟਾਰਨੀ ਯੋਗੇਸ਼ ਕਸਰੀਜਾ ਹਾਜ਼ਰ ਸਨ।