ਸੰਜੀਵ ਸੂਦ
- 28-29 ਫਰਵਰੀ ਨੂੰ ਪੈ ਸਕਦਾ ਹੈ ਪੰਜਾਬ ਦੇ ਕਈ ਹਿੱਸਿਆਂ 'ਚ ਮੀਂਹ ਅਤੇ ਹੋ ਸਕਦੀ ਹੈ ਗੜ੍ਹੇਮਾਰੀ
ਲੁਧਿਆਣਾ, 26 ਫਰਵਰੀ 2020 - ਪੰਜਾਬ 'ਚ ਆਉਂਦੇ ਦਿਨਾਂ 'ਚ ਮੌਸਮ ਇੱਕ ਵਾਰ ਮੁੜ ਤੋਂ ਆਪਣਾ ਮਿਜ਼ਾਜ ਬਦਲੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਮੁਤਾਬਕ 28-29 ਫਰਵਰੀ ਨੂੰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ। ਜਿਸ ਨਾਲ ਮੌਸਮ 'ਚ ਤਬਦੀਲੀ ਆਵੇਗੀ ਅਤੇ ਜੋ ਗਰਮੀ 'ਚ ਇਜ਼ਾਫਾ ਹੋਇਆ ਹੈ ਉਹ ਵੀ ਘਟੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਵਿਗਿਆਨੀ ਨੇ ਕਿਸਾਨਾਂ ਨੂੰ ਵੀ ਇਹ ਸਲਾਹ ਦਿੱਤੀ ਹੈ ਕਿ ਉਹ ਆਪਣੀ ਫਸਲ 'ਤੇ ਯੂਨੀਵਰਸਿਟੀ ਦੇ ਮਾਹਿਰਾਂ ਮੁਤਾਬਕ ਸਪਰੇਹਾਂ ਕਰਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ ਕੁਲਵਿੰਦਰ ਕੌਰ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਚ ਮੌਸਮ 'ਚ ਵੱਡੀ ਤਬਦੀਲੀ ਆਵੇਗੀ ਅਤੇ ਆਉਂਦੀ 28-29 ਤਾਰੀਕ ਨੂੰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਨਾਲ ਗੜ੍ਹੇਮਾਰੀ ਵੀ ਹੋ ਸਕਦੀ ਹੈ। ਡਾਕਟਰ ਕੁਲਵਿੰਦਰ ਕੌਰ ਨੇ ਕਿਹਾ ਹੈ ਕਿ ਕਣਕ ਦੀ ਅਤੇ ਸਰੋਂ ਦੀ ਫਸਲ ਨੂੰ ਇਸ ਵੇਲੇ ਬਿਮਾਰੀ ਦਾ ਖਤਰਾ ਰਹਿੰਦਾ ਹੈ ਅਤੇ ਅਜਿਹੇ 'ਚ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਹਦਾਇਤਾਂ ਮੁਤਾਬਕ ਕਿਸਾਨ ਆਪਣੀਆਂ ਫਸਲਾਂ ਨੂੰ ਸਪਰੇਅ ਕਰ ਸਕਦੇ ਨੇ। ਡਾ ਕੁਲਵਿੰਦਰ ਕੌਰ ਨੇ ਇਹ ਵੀ ਕਿਹਾ ਹੈ ਕਿ ਇਸ ਮੀਂਹ ਦੇ ਨਾਲ ਜੋ ਗਰਮੀ ਵਧੀ ਸੀ ਉਸ ਤੋਂ ਲੋਕਾਂ ਨੂੰ ਕੁਝ ਰਾਹਤ ਮਿਲੇਗੀ।