ਲੋਕੇਸ਼ ਰਿਸ਼ੀ
ਬਟਾਲਾ, 26 ਫਰਵਰੀ 2020 - ਸਨਅਤੀ ਸ਼ਹਿਰ ਬਟਾਲਾ ਦੀ ਪੁੱਡਾ ਗਰਾਊਂਡ ਵਿਖੇ ਵੀਰਵਾਰ ਤੋਂ ਪੰਜ ਰੋਜ਼ਾ ਰਾਸ਼ਟਰੀ ਪਸ਼ੂ-ਧਨ ਚੈਂਪੀਅਨਸ਼ਿਪ ਅਤੇ ਐਗਰੀ ਐਕਸਪੋ-2020 ਸ਼ੁਰੂ ਹੋ ਰਹੀ ਹੈ। ਇਸ ਰਾਸ਼ਟਰੀ ਪਸ਼ੂ-ਧਨ ਚੈਂਪੀਅਨਸ਼ਿਪ ਵਿੱਚ ਦੁੱਧ ਚੁਆਈ ਅਤੇ ਨਸਲ ਦੇ ਮੁਕਾਬਲਿਆਂ ਵਿੱਚ ਜੇਤੂ ਜਾਨਵਰਾਂ ਦੇ ਮਾਲਕਾਂ ਨੂੰ ਪੰਜਾਬ ਸਰਕਾਰ ਵੱਲੋਂ 2 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਸੂਬੇ ਭਰ ਅਤੇ ਦੂਸਰੇ ਸੂਬਿਆਂ ਤੋਂ ਪਸ਼ੂ ਪਹੁੰਚ ਗਏ ਹਨ।
ਵਧੇਰੇ ਜਾਨਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ, ਪਸ਼ੂ-ਧਨ ਮਾਲਕਾਂ, ਵੈਟਰਨਰੀਜ, ਪੋਸ਼ਣ ਮਾਹਿਰ ਅਤੇ ਫੂਡ ਪ੍ਰੋਸੈਸਿੰਗ ਸਮੇਤ ਐਗਰੀ ਸਾਇੰਸ ਤੋਂ ਵੱਖ-ਵੱਖ ਭਾਈਵਾਲਾਂ ਲਈ ਬਟਾਲਾ ਵਿਖੇ ਇਸ ਵਿਸ਼ਾਲ ਸਮਾਰੋਹ ਦੇ 11ਵੇਂ ਐਡੀਸ਼ਨ ਦਾ ਆਯੋਜਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ 11ਵੀਂ ਰਾਸ਼ਟਰੀ ਪਸ਼ੂ-ਧਨ ਚੈਂਪੀਅਨਸ਼ਿਪ 27 ਫਰਵਰੀ ਤੋਂ 2 ਮਾਰਚ ਤੱਕ ਕੁੱਲ਼ ਪੰਜ ਦਿਨ ਚੱਲੇਗੀ। ਇਸ ਵਿੱਚ ਵੱਖ ਵੱਖ ਮੁਕਾਬਲੇ ਕਰਵਾਏ ਜਾਣਗੇ ਜਿਸ ਵਿੱਚ ਗਾਵਾਂ, ਮੱਝਾਂ ਅਤੇ ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਹਨ ਅਤੇ ਨਾਲ ਹੀ ਘੋੜੇ, ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ, ਸੂਰ, ਕੁੱਤੇ, ਪੋਲਟਰੀ ਦੇ ਨਸਲਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੁੱਧ ਚੁਆਈ ਅਤੇ ਨਸਲ ਦੇ ਮੁਕਾਬਲਿਆਂ ਵਿੱਚ ਜੇਤੂ ਜਾਨਵਰਾਂ ਦੇ ਮਾਲਕਾਂ ਨੂੰ 2 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਇਸ ਦੇ ਨਾਲ ਹੀ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਮਾਲਕਾਂ ਨੂੰ ਉਨ੍ਹਾਂ ਦੇ ਪਸ਼ੂਆਂ ਦੀ ਦੇਖਭਾਲ ਅਤੇ ਪ੍ਰਬੰਧਨ ਲਈ ਵਿਗਿਆਨਕ ਅਤੇ ਤਕਨੀਕੀ ਜਾਣਨ ਸਬੰਧੀ ਉਤਸ਼ਾਹਿਤ ਕਰੇਗਾ ਤਾਂ ਜੋ ਦੁੱਧ ਦੀ ਪੈਦਾਵਾਰ ਨੂੰ ਵਧਾਇਆ ਜਾ ਸਕੇ ਅਤੇ ਪਸੂਆਂ ਦੀ ਨਸਲ ਵਿੱਚ ਸੁਧਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਇਸ ਸਾਲ ਦੁੱਧ ਚੁਆਈ ਦੇ ਮੁਕਾਬਲਿਆਂ ਦੇ ਜੇਤੂ ਲਈ ਇਨਾਮ ਦੀ ਚੋ ਆਈ ਵਧਾਈ ਗਈ ਹੈ।
ਡੀ.ਸੀ ਇਸ਼ਫਾਕ ਨੇ ਕਿਹਾ ਕਿ ਰਾਸ਼ਟਰੀ ਪਸ਼ੂ-ਧਨ ਚੈਂਪੀਅਨਸ਼ਿਪ ਅਤੇ ਐਕਸਪੋ 2020 ਦੌਰਾਨ ਤਕਨੀਕੀ ਸੈਸ਼ਨ ਵੀ ਕਰਵਾਏ ਜਾਣਗੇ। ਇਨ੍ਹਾਂ ਸੈਮੀਨਾਰ ਵਿੱਚ ਨਾਮਵਰ ਅਕਾਦਮਿਕ, ਵਿਗਿਆਨੀ, ਨੀਤੀ ਘਾੜੇ ਅਤੇ ਹੋਰ ਮਾਹਿਰ ਖੇਤੀਬਾੜੀ ਅਤੇ ਪਸੂ ਪਾਲਣ ਦੇ ਖੇਤਰ ਵਿਚ ਨਵੀਨਤਮ ਤਕਨੀਕਾਂ ਨੂੰ ਸਾਂਝਾ ਕਰਨ ਵਾਲੇ ਵੱਖ-ਵੱਖ ਸੈਸ਼ਨਾਂ ਨੂੰ ਸੰਬੋਧਿਤ ਕਰਨਗੇ ਜੋ ਕਿਸਾਨਾਂ ਦੀ ਉਤਪਾਦਕਤਾ ਨੂੰ ਵਧਾਉਣ ਵਿਚ ਸਹਾਈ ਹੋਣਗੇ।
ਮੁੱਖ ਸੈਸ਼ਨ ਵੱਖ-ਵੱਖ ਮੁੱਦਿਆਂ 'ਤੇ ਆਯੋਜਿਤ ਕੀਤੇ ਜਾਣਗੇ ਜਿਨ੍ਹਾਂ ਵਿਚ ਪਹਿਲੇ ਦਿਨ ਵੇਅ ਫਾਰਵਰਡ ਇੰਨ ਪਿੱਗ ਐਂਡ ਗੋਟ ਫਾਰਮਿੰਗ, ਦੂਜੇ ਦਿਨ ਡੇਅਰੀ ਫਾਰਮਿੰਗ ਦਾ ਭਵਿੱਖ: ਮੱਝ, ਦੇਸੀ ਗਾਂ ਅਤੇ ਵਿਦੇਸ਼ੀ ਪਸੂ, ਉਦਮਤਾ ਵਿਕਾਸ ਅਤੇ ਵਿੱਤ, ਪਸ਼ੂ-ਧਨ ਖੇਤਰ ਵਿਚ ਨਿਵੇਸ਼ ਵਿਸ਼ੇ 'ਤੇ ਸੈਸ਼ਨ ਕਰਵਾਏ ਜਾਣਗੇ। ਇਸ ਤੋਂ ਇਲਾਵਾ ਤੀਜੇ ਦਿਨ 'ਕਿਸਾਨਾਂ ਦੀ ਵਧ ਰਹੀ ਆਮਦਨੀ ਐਫ.ਪੀ.ਓ.ਐੱਸ ਅਤੇ ਮਾਰਕੀਟਿੰਗ ਦੀ ਭੂਮਿਕਾ, ਐਕੂਆ ਕਲਚਰ ਅਤੇ ਏਕੀਕ੍ਰਿਤ ਖੇਤੀ ਅਤੇ ਕਨਵਰਜੈਂਸ ਇੰਨਾ ਐਨੀਮਲ ਹਸਬੈਂਡਰੀ ਐਕਸਟੈਨਸ਼ਨ ਬਾਰੇ ਸੈਸ਼ਨ, ਚੌਥੇ ਦਿਨ ਵਨ-ਹੈਲਥ ਐਂਡ ਐਨੀਮਲ ਵੈੱਲਫੇਅਰ ਅਤੇ ਆਖ਼ਰੀ ਦਿਨ ਵਿਦਾਇਗੀ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮੇਲੇ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹਨ ਅਤੇ ਬਟਾਲਾ ਵਿਖੇ ਹੋਣ ਵਾਲੀ ਇਹ ਰਾਸ਼ਟਰੀ ਪਸ਼ੂ-ਧਨ ਪਸੂਆਂ ਅਤੇ ਐਕਸਪੋ ਯਾਦਗਾਰੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ 27 ਫਰਵਰੀ ਤੋਂ 2 ਮਾਰਚ ਤੱਕ ਬਟਾਲਾ ਵਿਖੇ ਰਾਸ਼ਟਰੀ ਪਸ਼ੂ-ਧਨ ਪਸੂਆਂ ਅਤੇ ਐਕਸਪੋ ਵਿੱਚ ਭਾਗ ਜ਼ਰੂਰ ਲੈਣ। ਉਨ੍ਹਾਂ ਕਿਹਾ ਕਿ ਚੈਂਪੀਅਨਸ਼ਿਪ ਵਿੱਚ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਪਸ਼ੂ ਪਾਲਕਾਂ ਦੇ ਰਹਿਣ ਦਾ ਪੁਖ਼ਤਾ ਇੰਤਜ਼ਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪਸ਼ੂ-ਧੰਨ ਚੈਂਪੀਅਨਸ਼ਿਪ ਅਤੇ ਐਕਸਪੋ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗੀ।