- ਡੀ.ਜੀ.ਪੀ.ਦਿਨਕਰ ਗੁਪਤਾ ਹੋਵੇ 295ੲੇ ਤਹਿਤ ਪਰਚਾ ਦਰਜ - ਆਗੂ
ਫਿਰੋਜ਼ਪੁਰ, 26 ਫਰਵਰੀ 2020 - ਬੀਤੇ ਦਿਨੇ ਪੰਚਕੂਲਾ ਵਿਖੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਵੱਲੋਂ ਸ੍ਰੀ ਕਰਤਾਰ ਪੁਰ ਸਾਹਿਬ ਦੇ ਲਾਘੇ ਨੂੰ ਲੈ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਸਰਧਾਲੂਆਂ ਨੂੰ ਅੱਤਵਾਦ ਨਾਲ ਜੋੜਨ ਦੇ ਬਿਆਨ ਨੂੰ ਲੈ ਕੇ ਦੁਨੀਆਂ ਭਰ ਵਿੱਚ ਵਸਦੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦੇ ਹਿਰਦੇ ਵਲੂਧਰੇ ਗਏ ਹਨ। ਡੀਜੀਪੀ ਪੰਜਾਬ ਦੇ ਇਸ ਬਿਆਨ ਦਾ ਜਿੱਥੇ ਸਮੁੱਚੇ ਸਿੱਖ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਪੰਜਾਬ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਇਸ ਬਿਆਨ ਨੂੰ ਸਿੱਖ ਵਿਰੋਧੀ ਅਤੇ ਬਿਆਨ ਪਿੱਛੇ ਕੋਈ ਵੱਡੀ ਸ਼ਾਜਿਸ਼ ਦਾ ਹੋਣਾ ਦੱਸਿਆ ਜਾ ਰਿਹਾ ਹੈ।
ਇਸ ਬਿਆਨ ਤੋਂ ਬਾਅਦ ਸੂਬੇ ਭਰ ਵਿੱਚ ਡੀਜੀਪੀ ਨੂੰ ਬਦਲਣ ਦੀ ਮੰਗ ਪੂਰੇ ਜੋਰ ਸ਼ੋਰ ਨਾਲ ਉੱਠ ਗਈ ਹੈ। ਅੱਜ ਜ਼ਿਲ੍ਹਾ ਫਿਰੋਜ਼ਪੁਰ ਡੀ.ਸੀ.ਦਫਤਰ ਦੇ ਸਾਹਮਣੇ ਸ਼ਹੀਦ ਊਧਮ ਸਿੰਘ ਯੂਥ ਕਲੱਬ ਖਾਈ ਫੇਮੇ ਕੀ, ਇੰਟਰਨੈਸ਼ਨਲ ਪੰਥਕ ਦਲ ਅਤੇ ਅਲਾਇਸ ਆਫ ਸਿੱਖ ਆਰਗਾਨੀਜ਼ ਵੱਲੋਂ ਸਾਂਝੇ ਤੌਰ ਤੇ ਹੱਥ ਵਿੱਚ ਤਖਤੀਆਂ ਫੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ,ਬਾਬਾ ਸਤਨਾਮ ਸਿੰਘ ਵੱਲੀਆਂ,ਮੌੜਾ ਸਿੰਘ ਅਨਜਾਣ , ਭਾਈ ਲਖਵਿੰਦਰ ਸਿੰਘ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਡੀ.ਜੀ.ਪੀ ਦੇ ਇਸ ਬਿਆਨ ਨਾਲ ਸ੍ਰੀ ਗੁਪਤਾ ਦਾ ਸਿੱਖ ਵਿਰੋਧੀ ਚਿਹਰਾ ਜੱਗ ਜਾਹਰ ਹੋ ਚੁੱਕਾ ਹੈ।
ਇਸ ਬਿਆਨ ਵਿੱਚੋਂ ਸਿੱਖਾਂ ਪ੍ਰਤੀ ਨਫਰਤ ਦੀ ਭਾਵਨਾ ਸਾਫ ਨਜਰ ਆ ਰਹੀ ਹੈ। ਉਹਨਾਂ ਕਿਹਾ ਕਿ ਸਿੱਖਾਂ ਦੀ ਲੰਮੇ ਅਰਸੇ ਤੋਂ ਆਪਣੇ ਗੁਰੂ ਦੇ ਅੱਗੇ ਕੀਤੀ ਅਰਦਾਸ ਨਾਲ ਇਹ ਲਾਘਾਂ ਖੁਲ੍ਹਿਆਂ ਹੈ ਜੋ ਕਿ ਸਿੱਖ ਵਿਰੋਧੀ ਤਾਕਤਾਂ ਨੂੰ ਰਾਸ ਨਹੀਂ ਆ ਰਿਹਾ। ਇਹ ਬਿਆਨ ਇੱਕ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹੈ। ਉਹਨਾਂ ਨੇ ਕਿਹਾ ਕਿ ਦਿਨਕਰ ਗੁਪਤਾ ਦਾ ਇਹ ਟਿੱਪਣੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਮੁੱਚੀ ਮਨੁੱਖਤਾ ਲਈ ਦਿੱਤੇ ਹੋਏ ਸੁਨਿਹਰੀ ਉਪਦੇਸ਼ ਕਿਰਤ ਕਰੋ ,ਨਾਮ ਜਪੋ, ਵੰਡ ਛਕੋ ਦੀ ਨਿਰਾਦਰੀ ਕੀਤੀ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਸਰਬੱਤ ਦੇ ਭਲੇ ਲਈ ਸਮੁੱਚੀ ਮਨੁੱਖਤਾ ਲਈ ਗੁਰੂ ਬਾਬਾ ਜੀ ਦਾ ਉਪਦੇਸ਼ ਮਿਲਦਾ ਹੈ।
ਉਹਨਾਂ ਸ਼ੰਕਾਂ ਜਾਹਿਰ ਕੀਤਾ ਕਿ ਪਿਛਲੇ ਦਿਨੀ ਸੰਯੁਕਤ ਰਾਸ਼ਟਰ ਦੇ ਸਕੱਤਰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਬਾਬੇ ਦੀ ਪੰਕਤ ਵਿੱਚੋਂ ਲੰਗਰ ਛਕਣ ਤੋਂ ਬਾਅਦ ਲਾਂਘੇ ਦੇ ਵਧੀਆ ਕਦਮ ਤੋਂ ਪ੍ਰਭਾਵਿਤ ਹੋ ਕੇ ਸਮੁੱਚੇ ਸਿੱਖਾਂ ਅਤੇ ਪਾਕਿਸਤਾਨ ਦੀ ਹਕੂਮਤ ਦੀ ਸ਼ਲਾਘਾ ਕੀਤੀ ਜੋ ਕਿ ਸਿੱਖ ਵਿਰੋਧੀਆਂ ਨੂੰ ਸਹਿਣ ਨਹੀਂ ਹੋ ਰਿਹਾ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡੀਜੀਪੀ ਦਿਨਕਰ ਗੁਪਤਾ ਨੂੰ ਤੁਰੰਤ ਬਦਲਿਆ ਜਾਵੇ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਪ੍ਰਤੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਮਾਜ ਸੇਵੀ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ,ਬਾਬਾ ਸਤਨਾਮ ਸਿੰਘ ਵਾਲੀਆਂ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ ਧਾਰਮਿਕ ਵਿੰਗ, ਸੁਖਚੈਨ ਸਿੰਘ ਖਾਈ ,ਮੌੜਾ ਸਿੰਘ ਅਨਜਾਣ, ਭਾਈ ਲਖਵਿੰਦਰ ਸਿੰਘ ਪੰਜਾਬ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ, ਯਾਦਵਿੰਦਰ ਸਿੰਘ ਭੁੱਲਰ,ਨਸੀਬ ਸਿੰਘ,ਗੁਰਜੀਤ ਸਿੰਘ,ਚਤਰ ਸਿੰਘ ਸੱਗੂ,ਜਗਦੀਪ ਸਿੰਘ,ਗੁਰਪਿੰਦਰ ਸਿੰਘ,ਅਮਨਦੀਪ ਸਿੰਘ,ਗੁਰਚਰਨ ਸਿੰਘ ਆਦਿ ਹਾਜਰ ਸਨ।