ਜੀ ਐਸ ਪੰਨੂ
ਪਟਿਆਲਾ, 26 ਫਰਵਰੀ 2020 - 'ਪਟਿਆਲਾ ਹੈਰੀਟੇਜ ਫੈਸਟੀਵਲ ਪੋਲੋ ਮੈਚ ਕਿਲਾ ਮੁਬਾਰਕ ਅਤੇ ਬਹਾਦਰਗੜ੍ਹ ਦੀਆਂ ਟੀਮਾਂ ਦਰਮਿਆਨ ਹੋਇਆ ਦੋਵਾਂ ਟੀਮਾਂ ਦੇ ਸਖ਼ਤ ਮੁਕਾਬਲੇ ਮਗਰੋਂ ਬਹਾਦਰਗੜ੍ਹ ਦੀ ਟੀਮ ਨੇ 7-5 ਅੰਕਾਂ ਨਾਲ ਮੈਚ ਜਿੱਤ ਲਿਆ। ਇੱਥੇ ਸੰਗਰੂਰ ਰੋਡ ਵਿਖੇ ਸਥਿਤ ਪਟਿਆਲਾ ਪੋਲੋ ਐਂਡ ਰਾਇਡਿੰਗ ਕਲੱਬ 'ਚ ਕਰਵਾਏ ਗਏ ਇਸ ਮੈਚ ਦੇ ਮੁੱਖ ਮਹਿਮਾਨ ਵਜੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਸ਼ਿਰਕਤ ਕੀਤੀ ਤੇ ਮੈਚ ਦੀ ਬਾਲ ਸਿਟ ਕੇ ਸ਼ੂਰੁਆਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਨੇ ਜਿੱਥੇ ਦੇਸ਼ ਵਿਦੇਸ਼ ਦੀ ਪੁਰਾਤਨ ਸ਼ਿਲਪ ਕਲਾ, ਖੇਡਾਂ, ਸੱਭਿਆਚਾਰ ਤੋਂ ਜਾਣੂ ਕਰਵਾਇਆ ਹੈ, ਉੱਥੇ ਹੀ ਸਾਨੂੰ ਵਿਰਾਸਤ ਅਤੇ ਅਮੀਰ ਵਿਰਸੇ ਨਾਲ ਵੀ ਜੋੜਿਆ ਹੈ। ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਅੱਜ ਦੇ ਇਸ ਪੋਲੋ ਮੈਚ ਨੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਜਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਆ ਹੈ।
'ਪਟਿਆਲਾ ਹੈਰੀਟੇਜ ਫੈਸਟੀਵਲ ਪੋਲੋ ਮੈਚ' ਦੌਰਾਨ ਬਹਾਦਰਗੜ੍ਹ ਦੀ ਟੀਮ ਭਾਵੇਂ ਪਹਿਲੇ ਚੱਕਰ 'ਚ ਕੋਈ ਗੋਲ ਨਾ ਕਰ ਸਕੀ ਪ੍ਰੰਤੂ ਇਸ ਟੀਮ ਨੇ ਇਸ ਖੇਡ ਦੇ ਬਾਕੀ ਤਿੰਨੇ ਚੱਕਰਾਂ ਦੌਰਾਨ ਵਿਰੋਧੀ ਟੀਮ ਕਿਲਾ ਮੁਬਾਰਕ 'ਤੇ ਦਬਾਅ ਬਣਾਈ ਰੱਖਿਆ ਤੇ ਅੰਤ ਨੂੰ ਸਖ਼ਤ ਮੁਕਾਬਲੇ ਮਗਰੋਂ 7-5 ਗੋਲਾਂ ਦੇ ਫਰਕ ਨਾਲ ਜਿੱਤ ਲਿਆ। ਪਹਿਲੇ ਦੋਵਾਂ ਚੱਕਰ 'ਚ ਕਿਲਾ ਮੁਬਾਰਕ ਦੀ ਟੀਮ ਦੇ ਕਰਨਲ ਐਨ.ਐਸ ਸੰਧੂ ਨੇ ਦਬਾਅ ਬਣਾਉਂਦਿਆਂ 1 ਗੋਲ ਕੀਤਾ। ਪਹਿਲੇ ਚੱਕਰ ਮਗਰੋਂ ਬਹਾਦਰਗੜ੍ਹ ਦੀ ਟੀਮ ਨੇ ਗੋਲ ਬਣਾਉਣ ਦੀ ਸ਼ੁਰੂਆਤ ਕਰਦਿਆਂ 2 ਗੋਲ ਕੀਤੇ ਤੇ ਕਿਲਾ ਮੁਬਾਰਕ ਦੀ ਟੀਮ ਕੋਈ ਗੋਲ ਨਾ ਕਰ ਸਕੀ।
ਤੀਜੇ ਚੱਕਰ ਦੌਰਾਨ ਬਹਾਦਰਗੜ੍ਹ ਟੀਮ ਨੇ ਦਬਾਅ ਜਾਰੀ ਰੱਖਦਿਆਂ 4 ਹੋਰ ਗੋਲ ਕੀਤੇ, ਇਸ ਚੱਕਰ 'ਚ ਗੋਲ ਕਰਨ ਲਈ ਕਿਲਾ ਮੁਬਾਰਕ ਟੀਮ ਦੇ ਕਰਨਲ ਐਨ.ਐਸ. ਸੰਧੂ, ਗੁਰਪਾਲ ਸਿੰਘ ਸੰਧੂ ਨੂੰ ਬਹਾਦਰਗੜ੍ਹ ਟੀਮ ਦੇ ਅਰਜਨ ਅਵਾਰਡੀ, 5 ਹੈਂਡੀਕੈਪ ਕਰਨਲ ਰਵੀ ਰਾਠੌਰ ਤੇ ਰੋਹਾਨ ਸਹਾਰਨ ਵੱਲੋਂ ਸਖ਼ਤ ਟੱਕਰ ਦਿੱਤੀ ਗਈ।
ਆਖਰੀ ਚੱਕਰ 'ਚ ਕਿਲਾ ਮੁਬਾਰਕ ਟੀਮ ਦੇ ਰਜੇਸ਼ ਸਹਿਗਲ ਦੋ ਗੋਲ ਕਰਦਿਆਂ ਖੇਡ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਆਖਰੀ ਚੱਕਰ 'ਚ ਇਹ ਟੀਮ 5 ਗੋਲਾਂ 'ਤੇ ਸਿਮਟ ਗਈ। ਜਦੋਂਕਿ ਬਹਾਦਰਗੜ੍ਹ ਦੀ ਟੀਮ ਨੇ ਸਖ਼ਤ ਟੱਕਰ ਦਿੰਦਿਆਂ ਆਖਰੀ ਚੱਕਰ 'ਚ 7 ਗੋਲਾਂ ਨਾਲ ਮੁਕਾਬਲਾ ਜਿੱਤ ਲਿਆ।
ਇਸ ਤੋਂ ਮਗਰੋਂ ਸ. ਗੁਰਪਾਲ ਸਿੰਘ ਸੰਧੂ, ਸ੍ਰੀ ਰਜੇਸ਼ ਸਹਿਗਲ, ਪੀ.ਪੀ.ਐਸ. ਸਕੂਲ ਨਾਭਾ ਅਤੇ ਫ਼ੌਜ ਦੇ 61 ਕੈਵਲਰੀ ਦੇ ਘੋੜ ਸਵਾਰ ਵਿਦਿਆਰਥੀਆਂ ਨੇ ਘੋੜਸਵਾਰੀ ਦੇ ਕਰਤੱਬ ਦਿਖਾਏ। ਇਨ੍ਹਾਂ ਜਾਨਦਾਰ ਘੋੜ ਸਵਾਰਾਂ ਨੇ ਘੋੜਸਵਾਰੀ ਕਰਦਿਆਂ ਖੜੇ ਹੋਕੇ ਸਲਿਊਟ, ਲੈਂਸ ਪੈਗ, ਤੀਹਰੀ ਟੈਂਟ ਪੈਗਿੰਗ, ਇੰਡੀਅਨ ਫਾਇਲ, ਰੁਮਾਲ ਚੁੱਕਣਾ, ਟ੍ਰਿਕ ਟੈਂਟ ਪੈਗਿੰਗ ਆਦਿ ਕਰਤੱਬ ਦਿਖਾਏ। ਇਸ ਦੌਰਾਨ ਕਰਨਲ ਮਨੋਜ ਦਿਵਾਨ ਤੇ ਲੈਫ. ਕਰਨਲ ਪ੍ਰਤੀਕ ਮਿਸ਼ਰਾ ਨੇ ਅੰਪਾਇਰ ਵਜੋਂ ਅਤੇ ਰੈਫ਼ਰੀ ਵਜੋਂ ਕਰਨਲ ਆਰ.ਪੀ.ਐਸ. ਬਰਾੜ ਨੇ ਭੂਮਿਕਾ ਨਿਭਾਈ। ਜਦੋਂਕਿ ਕੁਮੈਂਟਰੀ ਕਰਨਲ ਸ਼ਕਤੀ ਰਾਠੌਰ ਨੇ ਬਾਖੂਬੀ ਕੀਤੀ।