- ਫਿਰੋਜ਼ਪੁਰ ਰੋਸ ਰੈਲੀ 'ਚ ਲਾਮਿਸਾਲ ਇਕੱਠ ਕਰਨ 'ਤੇ ਸਮੁੱਚੀ ਲੀਡਰਸ਼ਿਪ ਤੇ ਵਰਕਰਾਂ ਦਾ ਧੰਨਵਾਦ - ਬਰਾੜ
- ਲੋਕਾਂ ਝੂਠ ਦੇ ਕੈਂਪਾਂ ਨੂੰ ਨਕਾਰਿਆ
ਫਿਰੋਜ਼ਪੁਰ, 27 ਫ਼ਰਵਰੀ 2020 - ਸ਼੍ਰੋਮਣੀ ਅਕਾਲੀ ਦਲ ਵਲੋਂ ਫਿਰੋਜ਼ਪੁਰ ਵਿਖੇ ਮੌਜੂਦਾ ਕਾਂਗਰਸ ਦੀ ਸਰਕਾਰ ਦੇ ਖਿਲਾਫ ਕੀਤੀ ਰੋਸ ਰੈਲੀ ਲਈ ਜ਼ਿਲ੍ਹਾ ਭਰ ਦੀ ਅਕਾਲੀ ਲੀਡਰਸ਼ਿਪ ਵਲੋਂ ਕੀਤੀ ਮਿਹਨਤ ਅਤੇ ਸਮੂਹ ਵਰਕਰ ਸਾਹਿਬਾਨ ਦੇ ਉਤਸ਼ਾਹ ਪੂਰਵਕ ਇਕੱਠ ਨੇ ਜਿਥੇ 2022 ਦੀ ਅਕਾਲੀ ਸਰਕਾਰ ਦਾ ਮੁੱਢ ਬੰਨ ਦਿੱਤਾ ਹੈ ,ਉਥੇ ਇਸ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਅਕਾਲੀ ਦਲ ਦੀ ਲਹਿਰ ਨੂੰ ਮਜਬੂਤੀ ਮਿਲੀ ਹੈ। ਅਕਾਲੀ ਦਲ ਦੀ ਹਰਮਨ ਪਿਆਰਤਾ ਤੇ ਮੋਹਰ ਲਾਉਣ ਲਈ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਸਰਦਾਰ ਚਰਨਜੀਤ ਸਿੰਘ ਬਰਾੜ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਅਤੇ ਸਿਆਸੀ ਸਕੱਤਰ ਸੁਖਬੀਰ ਸਿੰਘ ਬਾਦਲ ਨੇ ਸਮੂਹ ਵਰਕਰ ਸਾਹਿਬਾਨ ਦਾ ਧੰਨਵਾਦ ਕੀਤਾ ਹੈ।
ਸ. ਬਰਾੜ ਨੇ ਕਿਹਾ ਕਿ ਹਰ ਜ਼ਿਲ੍ਹਾ ਪੱਧਰ 'ਤੇ ਸ਼ੋਰਮਣੀ ਅਕਾਲੀ ਦਲ ਵਲੋ ਕੀਤੀਆ ਜਾ ਰਹੀਆਂ ਰੋਸ ਰੈਲੀਆਂ ਵਿੱਚ ਲੋਕਾ ਦੇ ਉਤਸ਼ਾਹ ਨੇ ਪੰਜਾਬ ਸਰਕਾਰ ਦੇ ਖਿਲਾਫ ਇੱਕ ਲੋਕ ਲਹਿਰ ਖੜੀ ਕਰ ਦਿੱਤੀ ਹੈ ਜਿਸ ਦੇ ਪ੍ਰਮਾਣ ਵਜੋਂ ਜੇਕਰ ਪੰਜਾਬ 'ਚ ਅੱਜ ਹੀ ਚੋਣਾਂ ਹੋ ਜਾਣ ਤਾਂ ਕਾਂਗਰਸ ਦਾ ਮੁਕੰਮਲ ਸਫਾਇਆ ਹੋ ਜਾਵੇਗਾ।
ਉਹਨਾਂ ਕਿਹਾ ਕਿ ਇਸੇ ਕਰਕੇ ਬੁਖਾਲਹਟ ਵਿੱਚ ਆਏ ਕਾਂਗਰਸੀ ਕੋਝੀਆਂ ਚਾਲਾਂ 'ਤੇ ਉਤਰ ਆਏ ਹਨ, ਜੋ ਆਪਣੀਆਂ ਨਿਕਾਮੀਆ ਨੂੰ ਛਪਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ, ਫਿਰੋਜ਼ਪੁਰ ਜ਼ਿਲ੍ਹੇ ਦੇ ਕਾਂਗਰਸੀ ਵਿਧਾਇਕਾਂ ਵਲੋਂ ਰੈਲੀ ਨੂੰ ਫੇਲ ਕਰਨ ਲਈ ਬਲਾਕ ਪੱਧਰ 'ਤੇ ਲੋਕਾਂ ਨੂੰ ਮੂਰਖ ਬਣਾਉਣ ਲਈ ਕੈਂਪ ਲਗਾਏ ਤਾਂ ਜੋ ਲੋਕ ਰੈਲੀ ਵਿਚ ਨਾ ਜਾਣ ਪਰ ਸੂਝਵਾਨ ਲੋਕਾਂ ਨੇ ਕਾਂਗਰਸ ਦੇ ਇਹਨਾਂ ਕੈੰਪਾਂ ਨੂੰ ਨਕਾਰ ਕੇ ਰੈਲੀ ਵਿਚ ਸ਼ਮੂਲੀਅਤ ਨੂੰ ਪਹਿਲ ਦਿੱਤੀ।
ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਬੜੀ ਚੰਗੀ ਤਰਾਂ ਇਹਨਾਂ ਦੀਆਂ ਸ਼ਾਤਰ ਚਾਲਾਂ ਨੂੰ ਸਮਝ ਚੁੱਕੇ ਹਨ, ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਲੋ ਜੋ ਵੀ ਲੋਕਾਂ ਨਾਲ ਵਾਅਦੇ ਕੀਤੇ ਜਾਦੇ ਹਨ ,ਉਹ ਉਹਨਾਂ ਦੀ ਪੂਰਤੀ ਕਰਦੇ ਆਏ ਹਨ ,ਇਸ ਨੂੰ ਖੁਦ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੰਨਦੇ ਹਨ, ਇਸ ਲਈ ਝੂਠੇ ਵਾਅਦਿਆਂ ਦੀ ਸਿਆਸਤ ਹੁਣ ਪੰਜਾਬ ਵਿਚ ਨਹੀਂ ਚੱਲੇਗੀ।