ਚੌਧਰੀ ਮਨਸੂਰ ਘਨੋਕੇ
ਕਾਦੀਆਂ, 27 ਫਰਵਰੀ 2020 - ਕਾਦੀਆਂ 'ਚ ਚੋਰੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਚੋਰਾਂ ਨੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਘਰ ਨੂੰ ਵੀ ਨਹੀਂ ਛੱਡਿਆ। ਜਿਸਦੇ ਕਾਰਨ ਸਥਾਨਕ ਐੱਸ.ਐੱਚ.ਓ. ਦੀ ਕਾਰਜਪ੍ਰਣਾਲੀ 'ਤੇ ਸਵਾਲਿਆ ਨਿਸ਼ਾਨ ਲਗ ਗਿਆ ਹੈ। ਇਸ ਸੰਬੰਧ 'ਚ ਬਿਕਰਮਜੀਤ ਸਿੰਘ ਨੇ ਆਪਣੇ ਬਿਆਨ ਦਰਜ ਕਰਵਾਏ ਅਤੇ ਦੱਸਿਆ ਕਿ ਉਹ ਪ੍ਰਤਾਪ ਸਿੰਘ ਬਾਜਵਾ ਮੈਂਬਰ ਪਾਰਲੀਮੈਂਟ ਰਾਜ ਸਭਾ ਨਾਲ ਪੀ.ਏ. ਲੱਗਾ ਹੋਇਆ ਹੈ। ਜਿਸਦੀ ਰਿਹਾਇਸ਼ ਮੁਹੱਲਾ ਸੰਤ ਨਗਰ ਰੇਲਵੇ ਰੋਡ ਕਾਦੀਆਂ 'ਤੇ ਹੈ। ਉਸਨੇ ਆਪਣੀ ਰਹਾਇਸ਼ ਨਾਲ ਆਪਣਾ ਇੱਕ ਦਫ਼ਤਰ ਬਣਾਇਆ ਹੈ।
ਉਸ ਨੇ ਦੱਸਿਆ ਕਿ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਨਿੱਜੀ ਅਸਲੇ 'ਚੋਂ ਉਸ ਨੂੰ 12 ਬੋਰ ਦੋਨਾਲੀ ਰੱਖਣ ਵਾਸਤੇ ਦਿੱਤੀ ਸੀ ਜੋ ਉਸਨੇ ਰਿਹਾਇਸ਼ ਦੇ ਨਾਲ ਦਫ਼ਤਰ/ਕਮਰਾ ਦੀ ਅਲਮਾਰੀ ਵਿੱਚ ਰੱਖੀ ਹੋਈ ਸੀ। ਉਹ 20 ਫ਼ਰਵਰੀ ਨੂੰ ਆਪਣੇ ਘਰੇਲੂ ਕੰਮ ਕਾਜ ਲਈ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੋਂ ਛੁੱਟੀ ਲੈ ਕੇ ਗਿਆ ਸੀ। ਜਦੋਂ ਉਹ ਕੱਲ 26 ਫ਼ਰਵਰੀ ਨੂੰ ਵਕਤ ਕਰੀਬ ਦਿਨ ਦੇ 11 ਵਜੇ ਪ੍ਰਤਾਪ ਸਿੰਘ ਬਾਜਵਾ ਦੀ ਰਿਹਾਇਸ਼ ਨਾਲ ਬਣੇ ਦਫ਼ਤਰ ਵਿੱਚ ਆਇਆ ਤਾਂ ਦਫ਼ਤਰ ਦਾ ਬਾਹਰਲਾ ਕੁੰਡਾ ਖੁੱਲ੍ਹਾ ਹੋਇਆ ਸੀ ਤੇ ਦਫ਼ਤਰ ਅੰਦਰ ਅਲਮਾਰੀ ਦਾ ਲਾਕ ਵੀ ਟੁੱਟਾ ਸੀ। ਜਦੋਂ ਅਲਮਾਰੀ ਚੈੱਕ ਕੀਤੀ ਗਈ ਤਾਂ ਉਸ ਵਿੱਚ 12 ਬੋਰ ਦੋਨਾਲੀ ਬੰਦੂਕ ਨਹੀਂ ਸੀ। ਜਿਸ ਨੂੰ ਕੋਈ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਜਿਸਤੇ ਸਥਾਨਕ ਪੁਲੀਸ ਨੇ ਐੱਫ਼.ਆਈ.ਆਰ. ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।