ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 27 ਫਰਵਰੀ 2020 - ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਅਤੇ ਇਤਿਹਾਸਿਕ ਧਰਤੀ ਕੀਰਤਪੁਰ ਸਾਹਿਬ ਸਮੇਤ ਉੱਤਰ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਸ੍ਰੀ ਨੈਣਾ ਦੇਵੀ ਦੇ ਦਰਸ਼ਨਾਂ ਲਈ ਦੇਸ਼ ਭਰ ਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਵੱਲੋਂ ਵਰਤੇ ਜਾਂਦੇ ਸੜਕੀ ਮਾਰਗ ਸ੍ਰੀ ਆਨੰਦਪੁਰ ਸਾਹਿਬ-ਗੜਸ਼ੰਕਰ-ਬੰਗਾ ਨੂੰ ਵਿਧਾਨ ਸਭਾ ਦੇ ਸਦਨ ਵਿੱਚ ਚਾਰ ਮਾਰਗੀ ਕਰਨ ਦਾ ਐਲਾਨ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਸਭ ਤੋਂ ਵੱਡੇ ਤਿਉਹਾਰ ਹੋਲੇ ਮਹੱਲੇ ਮੌਕੇ ਲੱਖਾਂ ਸ਼ਰਧਾਲੂਆਂ ਅਤੇ ਪੰਜਾਬੀਆਂ ਨੂੰ ਤੋਹਫਾ ਦਿੱਤਾ ਗਿਆ ਹੈ।
ਇਹ ਪ੍ਰਗਟਾਵਾ ਕਰਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਨ ਅੰਦਰ ਮੁੱਢ ਤੋਂ ਹੀ ਸ੍ਰੀ ਆਨੰਦਪੁਰ ਸਾਹਿਬ ਦੀ ਮੁਕੱਦਸ ਧਰਤੀ ਦੇ ਲਈ ਸ਼ਰਧਾ 'ਤੇ ਸਤਿਕਾਰ ਹੈ। ਇਹੀ ਕਾਰਨ ਹੈ ਕਿ ਜਦੋਂ ਉਹ ਜਨਵਰੀ 2019 'ਚ ਸ੍ਰੀ ਅਨੰਦਪੁਰ ਸਾਹਿਬ ਆਏ ਸਨ ਤਾਂ ਉਨ੍ਹਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਹੀ ਲੋਕ ਨਿਰਮਾਣ ਵਿਭਾਗ ਨੂੰ ਅਦੇਸ਼ ਦਿੱਤੇ ਸਨ ਕਿ ਸ੍ਰੀ ਆਨੰਦਪੁਰ ਸਾਹਿਬ-ਗੜਸ਼ੰਕਰ-ਬੰਗਾ ਦੀ ਖਸਤਾ ਹਾਲਤ ਸੜਕ 'ਚ ਸੁਧਾਰ ਕਰਵਾਇਆ ਜਾਵੇ।
ਜਿਸ ਤੋਂ ਬਾਅਦ ਵਿਭਾਗ ਵੱਲੋਂ ਟੈਂਡਰ ਲਗਾ ਕੇ ਕੰਮ ਵੀ ਸ਼ੁਰੂ ਕਰਵਾਇਆ ਜਾ ਚੁੱਕਿਆ ਹੈ। ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਅਪੀਲ ਕੀਤੀ ਸੀ ਕਿ ਉਹ ਇਸ ਮਾਰਗ ਨੂੰ ਚਾਰ ਮਾਰਗੀ ਕਰਨ ਤਾਂ ਜੋ ਸ੍ਰੀ ਆਨੰਦਪੁਰ ਸਾਹਿਬ ਨੂੰ ਆਉਣ ਵਾਲੀਆਂ ਸਾਰੀਆਂ ਹੀ ਸੜਕਾਂ ਚਾਰ ਮਾਰਗੀ ਹੋ ਜਾਣ, ਜਿਸਤੇ ਮੁੱਖ ਮੰਤਰੀ ਨੇ ਮੁਹਰ ਲਗਾਉਂਦੇ ਹੋਏ ਹੋਲੇ ਮਹੱਲੇ ਦੇ ਪਵਿੱਤਰ ਤਿਉਹਾਰ ਮੌਕੇ ਵਿਧਾਨ ਸਭਾ ਦੇ ਅੰਦਰ ਹੀ ਐਲਾਨ ਕਰਦੇ ਹੋਏ ਖਾਸ ਤੋਹਫਾ ਦਿੱਤਾ ਹੈ।