ਅਸ਼ੋਕ ਵਰਮਾ
ਸ਼੍ਰੀ ਮੁਕਤਸਰ ਸਾਹਿਬ, 26 ਫਰਵਰੀ 2020 - ਛੋਟੀ ਉਮਰੇ ਪੱਤਰਕਾਰੀ ’ਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਅਮਨਦੀਪ ਸਿੰਘ ਬਰਾੜ ਪਿੰਡ ਕਾਉਣੀ ਜੋ ਕਿ ਪਿਛਲੇ ਦਿਨੀ ਨਾ-ਮੁਰਾਦ ਬੀਮਾਰੀ ਕਾਰਨ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਅੱਜ ਗੁਰਦੁਆਰਾ ਨਿਰਮਲਗੜ ਸਾਹਿਬ ਪਿੰਡ ਕਾਉਣੀ ਵਿਖੇ ਕੀਰਤਨ ਤੇ ਅੰਤਿਮ ਅਰਦਾਸ ਮੌਕੇ ’ਚ ਵੱਖ ਵੱਖ ਪਾਰਟੀਆਂ ਦੇ ਆਗੂ, ਪੱਤਰਕਾਰ ਭਾਈਚਾਰਾ ਸਮੇਤ ਇਲਾਕਾ ਵਾਸੀਆਂ ਨੇ ਵੱਡੀ ਗਿਣਤੀ ’ਚ ਸ਼ਾਮਿਲ ਹੋ ਕੇ ਸ਼ਰਧਾ ਦੇ ਫ਼ੁਲ ਅਰਪਿਤ ਕੀਤੇ।
ਇਸ ਮੌਕੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਅਤੇ ਅਰਦਾਸ ਉਪਰੰਤ ਸਰਧਾਜ਼ਲੀਆਂ ਭੇਟ ਕਰਦੇ ਨਰਿੰਦਰ ਸਿੰਘ ਕਾਉਣੀ ਚੇਅਰਮੈਨ ਜ਼ਿਲਾ ਪ੍ਰੀਸ਼ਦ ਨੇ ਕਿਹਾ ਕਿ ਅਮਲਦੀਪ ਬਰਾੜ ਦੀ ਮੌਤ ਬਹੁਤ ਦੁੱਖਦਾਈ ਮੌਤ ਜਿਸ ਦਾ ਬੋਲ ਕੇ ਬਿਆਨ ਕਰਨਾ ਵੀ ਮੁਸ਼ਕਿਲ ਹੈ। ਉਨਾਂ ਕਿਹਾ ਕਿ ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਅਤੇ ਦੂਰ ਅੰਦੇਸ਼ੀ ਸੋਚ ਵਾਲੇ ਵੀਰ ਦੇ ਚਲੇ ਜਾਣ ਨਾਲ ਪਰਿਵਾਰ ਸਮੇਤ ਸਾਰੇ ਪੰਜਾਬ ਨੂੰ ਨਾ ਪੂਰਾਂ ਹੋਣ ਵਾਲਾ ਘਾਟਾ ਪਿਆ ਹੈ। ਉਨਾ ਇਸ ਦੁੱਖ ’ਚ ਸਰੀਕ ਹੋਈਆਂ ਸੰਗਤਾਂ ਦਾ ਧੰਨਵਾਦ ਕਰਦੇ ਬਰਾੜ ਦੇ ਜੀਵਨ ’ਤੇ ਚਾਨਣਾ ਪਾਇਆ ਅਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋ ਭੇਜੇ ਸ਼ੋਕ ਮਤੇ ਪੜ੍ਹੇ।
ਇਸ ਮੌਕੇ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਚੰਡੀਗੜ, ਪੱਤਰਕਾਰ ਭਾਈਚਾਰਾ, ਕਿਸਾਨ ਯੂਨੀਅਨਾਂ, ਮੁਲਾਜ਼ਮ ਆਗੂ, ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਆਗੂ ਤੋ ਇਲਾਵਾ ਪੰਚ, ਸਰਪੰਚ ਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ। ਬੁਲਾਰਿਆਂ ਨੇ ਕਮਲ ਬਰਾੜ ਨੂੰ ਆਣੀ ਉਮਰ ਨਾਂਲੋਂ ਕਿਤੇ ਵੱਧ ਸੁਚੱਜੀ ਪੱਤਰਕਾਰਤਾ ਵਾਲਾ ਸੂਝਵਾਨ ਪੱਤਰਕਾਰ ਦੱਸਦੇ ਆਖਿਆ ਕਿ ਉਸਦੀ ਕਦੇ ਘਾਟ ਮੀਡੀਆ ਜਗਤ ਨੂੰ ਹਮੇਸ਼ਾਂ ਰੜਕਦੀ ਰਹੇਗੀ। ਉਨਾਂ ਆਖਿਆ ਕਿ ਅਮਨ ਨੇ ਲੋਕ ਸਮੱਸਿਆਵਾਂ ਨੂੰ ਚੰਗੇ ਨਾਲ ਉਠਾ ਕੇ ਚੰਗੇ ਪੱਤਰਕਾਰ ਵਜੋਂ ਸਾਖ਼ ਬਣਾਈ ਅਤੇ ਪੰਜਾਬ ਦੇ ਚੋਣਵੇਂ ਪੱਤਰਕਾਰਾਂ ’ਚੋਂ ਇੱਕ ਸਨ ਅਤੇ ਇਸ ਖੇਤਰ ਵਿੱਚ ਹਮੇਸ਼ਾ ਉਹ ਦਿਲਚਸਪੀ ਨਾਲ ਵਿਚਰਦੇ ਰਹੇ। ਉਨ੍ਹਾਂ ਅਮਨ ਦੀ ਜੀਵਨੀ ਅਤੇ ਪੱਤਰਕਾਰਤਾ ਨੂੰ ਦਿੱਤੇ ਸਮੇਂ ਸਬੰਧੀ ਗੱਲਾਂ ਸਾਂਝੀਆਂ ਕੀਤੀਆਂ। ਬੁਲਾਰਿਆਂ ਨੇ ਕਿਹਾ ਕਿ ਅਮਨ ਬਰਾੜ ਦੇ ਵਿਛੋੜੇ ਨਾਲ ਪੱਤਰਕਾਰਤਾ 'ਚ ਆਮ ਲੋਕਾਂ ਦੀ ਗੱਲ ਕਰਨ ਵਾਲਾ ਇੱਕ ਯੁੱਗ ਸਮਾਪਤ ਹੋ ਗਿਆ ਹੈ।