ਰਜਨੀਸ਼ ਸਰੀਨ
ਲੁਧਿਆਣਾ, 27 ਫ਼ਰਵਰੀ 2020 - ਸਕੂਲ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਪ੍ਰਚਾਰਨ ਅਤੇ ਪਸਾਰਨ ਲਈ ਪ੍ਰਿੰਟ, ਸ਼ੋਸ਼ਲ, ਇਲੈਕਟ੍ਰੋਨਿਕ ਮੀਡੀਆ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਸਕੂਲਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਉਹ ਭਾਵੇਂ ਸਮਾਰਟ ਸਕੂਲ ਮੁਹਿੰਮ, ਗੁਣਾਤਮਕ ਸਿੱਖਿਆ, ਸਹਿ-ਅਕਾਦਮਿਕ ਕਿਰਿਆਵਾਂ, ਕਿਤਾਬ ਲੰਗਰ ਆਦਿ ਹੋਵੇ ਨੂੰ ਲੋਕਾਂ ਤੱਕ ਪਹੁੰਚਾਣ ਵਿੱਚ ਪ੍ਰਭਾਵਸ਼ਾਲੀ ਪੇਸ਼ਕਾਰੀ ਕਰਨ ਲਈ ਸ਼ੋਸ਼ਲ ਮੀਡੀਆ ਇੱਕ ਅਹਿਮ ਸਾਧਨ ਵੱਜੋਂ ਸਾਹਮਣੇ ਆ ਰਿਹਾ ਹੈ ਜਿਸ ਨਾਲ ਸਕੂਲੀ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ, ਅਧਿਆਪਕਾਂ ਦੇ ਵਿਚਾਰ ਅਤੇ ਮਾਪਿਆਂ ਦੀਆਂ ਸਰਕਾਰੀ ਸਕੂਲਾਂ ਪ੍ਰਤੀ ਸਾਕਾਰਤਮਕ ਸੋਚ ਨੂੰ ਨਵਾਂ ਹੁਲਾਰਾ ਮਿਲ ਰਿਹਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਸ਼ੋਸ਼ਲ ਮੀਡੀਆ ਜਿਲ੍ਹਾ ਕੁਆਰਡੀਨੇਟਰਾਂ ਦੀ ਵਿਸ਼ੇਸ਼ ਮਹੀਨਾਵਾਰ ਮੀਟਿੰਗ, ਜੋ ਕਿ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਸਿਆੜ (ਲੁਧਿਆਣਾ) ਵਿਖੇ ਕੀਤਾ। ਸਕੱਤਰ ਸਕੂਲ ਸਿੱਖਿਆ ਨੇ ਕਿਹਾ ਕਿ ਹੁਣ ਸਮਾਂ ਹੈ ਕਿ ਸਿੱਖਿਆ ਵਿਭਾਗ ਦੇ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਕਾਰਜਾਂ ਦੇ ਆ ਰਹੇ ਪ੍ਰਭਾਵੀ ਨਤੀਜਿਆਂ ਨੂੰ ਲੋਕਾਂ ਨਾਲ ਸਾਂਝਾ ਕੀਤਾ ਜਾਵੇ ਜਿਸ ਲਈ ਅਧਿਆਪਕਾਂ, ਸਕੂਲ ਮੁਖੀਆਂ ਅਤੇ ਸਕੂਲਾਂ ਨਾਲ ਜੁੜੇ ਉਨ੍ਹਾਂ ਸਭ ਪਤਵੰਤੇ ਸੱਜਣਾਂ ਨੂੰ ਕੜੀ ਵਿੱਚ ਜੋੜਨ ਦਾ ਕਾਰਜ ਸ਼ੋਸ਼ਲ ਮੀਡੀਆ ਟੀਮ ਨੂੰ ਕਰਨਾ ਪੈਣਾ ਹੈ।
ਉਨ੍ਹਾਂ ਟੀਮ ਨੂੰ ਉਤਸ਼ਾਹ ਦਿੰਦਿਆਂ ਕਿਹਾ ਕਿ ਆਉਣ ਵਾਲੇ ਕੁਝ ਸਮੇਂ ਵਿੱਚ ਵਿਭਾਗ ਵੱਲੋਂ ਦਾਖਲਾ ਮੁਹਿੰਮ ਨੂੰ ਭਖਾਇਆ ਜਾਣਾ ਹੈ ਤਾਂ ਜੋ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਮਾਰਟ ਸਕੂਲਾਂ ਵਿੱਚ ਦਾਖਲ ਕਰਵਾ ਕੇ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਇਸ ਮੌਕੇ ਸਮੂਹ ਸ਼ੋਸ਼ਲ ਮੀਡੀਆ ਕੋਆਰਡੀਨੇਟਰਾਂ ਨੇ ਵਿਸ਼ਵਾਸ਼ ਦਿਵਾਇਆ ਕਿ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਡਾ. ਜਰਨੈਲ ਸਿੰਘ ਕਾਲੇਕੇ, ਰਾਜਿੰਦਰ ਸਿੰਘ ਚਾਨੀ ਬੁਲਾਰਾ ਸਿੱਖਿਆ ਵਿਭਾਗ, ਮਨਦੀਪ ਸਿੰਘ, ਮੇਜਰ ਸਿੰਘ, ਪਵਿੱਤਰ ਸਿੰਘ, ਸਮਰਜੀਤ ਸਿੰਘ ਸ਼ਮੀ ਹੁਸ਼ਿਆਰਪੁਰ, ਦਵਿੰਦਰ ਕੁਮਾਰ ਅੰਮ੍ਰਿਤਸਰ, ਗਗਨਦੀਪ ਗੁਰਦਾਸਪੁਰ, ਜਸਵੀਰ ਸਿੰਘ ਸੰਗਰੂਰ, ਸੁਖਪਾਲ ਸਿੰਘ ਸਿੱਧੂ ਬਠਿੰਡਾ, ਸੰਦੀਪ ਕੁਮਾਰ ਫਾਜਿਲਕਾ, ਸਤਪਾਲ ਫਰੀਦਕੋਟ, ਯੋਗੇਸ਼ਵਰ ਸਲਾਰੀਆ ਹੁਸ਼ਿਆਰਪੁਰ, ਨਵੀਨ ਕੁਮਾਰ ਜਲੰਧਰ, ਗੁਰਮੀਤ ਸਿੰਘ ਲੁਧਿਆਣਾ, ਹਰਸ਼ ਗੋਇਲ ਮੋਗਾ, ਦੀਪਕ ਕੁਮਾਰ ਵਰਮਾ ਪਟਿਆਲਾ, ਬਲਵਿੰਦਰ ਸਿੰਘ ਰੂਪਨਗਰ, ਅਮ੍ਰਿਤਪਾਲ ਸਿੰਘ ਮੋਹਾਲੀ, ਗੁਰਦਿਆਲ ਸਿੰਘ ਨਵਾਂਸ਼ਹਿਰ, ਅਮਰਜੀਤ ਸਿੰਘ ਮੁਕਤਸਰ ਅਤੇ ਹੋਰ ਹਾਜ਼ਰ ਸਨ।