ਅਸ਼ੋਕ ਵਰਮਾ
ਬਠਿੰਡਾ, 27 ਫਰਵਰੀ 2020 - ਆਮ ਆਦਮੀ ਪਾਰਟੀ ਦੇ ਵਪਾਰ ਟਰੇਡ ਵਿੰਗ ਪੰਜਾਬ ਦੀ ਇਕ ਮੀਟਿੰਗ ਪਾਰਟੀ ਦਫ਼ਤਰ ਚੰਡੀਗੜ ਵਿਖੇ ਹੋਈ। ਜਿਸ ਵਿਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਨੀਨਾ ਮਿੱਤਲ ਅਤੇ ਵਾਈਸ ਪ੍ਰਧਾਨ ਅਨਿਲ ਠਾਕੁਰ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਸੂਬੇ ਭਰ ਤੋਂ ਵੱਖ-ਵੱਖ ਜਿਲ੍ਹਿਆਂ ਤੋਂ ਪ੍ਰਧਾਨ ਅਤੇ ਜ਼ੋਨ ਇੰਚਾਰਜ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਟਰੇਡ ਵਿੰਗ ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਨੀਨਾ ਮਿੱਤਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਪਾਰੀਆਂ ਨਾਲ ਵੋਟਾਂ ਵੇਲੇ ਕੀਤੇ ਵਾਅਦੇ ਪੂਰੇ ਕਰੇ ਅਤੇ ਪੰਜਾਬ ਦੀ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਸਣੇ ਹੋਰ ਸਹੂਲਤਾਂ ਮੁਹੱਈਆ ਕਰਵਾਵੇ।
ਇਸ ਮੌਕੇ ਵਾਇਸ ਪ੍ਰਧਾਨ ਪੰਜਾਬ ਅਨਿਲ ਠਾਕੁਰ ਨੇ ਦੱਸਿਆ ਕਿ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਵਪਾਰੀਆਂ ਨਾਲ ਕੀਤੀ ਧੱਕੇਸ਼ਾਹੀ ਦੇ ਖਿਲਾਫ 16 ਮਾਰਚ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਬਿਜਲੀ ਕੁਨੈਕਸ਼ਨ ਕੱਟਿਆ ਅਤੇ ਇਸ ਮੌਕੇ ਪਾਰਟੀ ਵੱਲੋਂ ਮੋਤੀ ਮਹਿਲ ਦਾ ਘਿਰਾਓ ਵੀ ਕੀਤਾ ਜਾਵੇਗਾ। ਇਸ ਮੌਕੇ ਆਗੂਆਂ ਨੇ ਕਿਹਾ ਕਿ 29 ਫਰਵਰੀ ਨੂੰ ਆਮ ਆਦਮੀ ਪਾਰਟੀ ਦੇ ਬਠਿੰਡਾ ਦਫ਼ਤਰ ਨਜ਼ਦੀਕ ਘੋੜੇ ਵਾਲਾ ਚੌਕ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਮੁੱਖ ਤੌਰ ਤੇ ਪਾਰਟੀ ਦੇ ਐਮਪੀ ਭਗਵੰਤ ਮਾਨ ਸ਼ਿਰਕਤ ਕਰਨਗੇ। ਉਨ੍ਹਾਂ ਆਮ ਲੋਕਾਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਮਿੰਦਰ ਸਿੰਘ ਰੂਪ ਰਾਏ ਜੋਨ ਇੰਚਾਰਜ, ਸੁਖਬੀਰ ਬਰਾੜ ਆਈਟੀਆਈ ਮੀਡੀਆ ਇੰਚਾਰਜ, ਜ਼ਿਲਾ ਬਠਿੰਡਾ ਪ੍ਰਧਾਨ, ਮਲਕੀਤ ਸਿੰਘ ਬਠਿੰਡਾ, ਮਨਜੀਤ ਸਿੰਘ, ਸੁਭਾਸ਼ ਸ਼ਰਮਾਂ ਅਤੇ ਬਲਵੀਰ ਜ਼ੀਰਾ ਹਾਜ਼ਰ ਹੋਏ।