- ਡਿਪਟੀ ਕਮਿਸਨਰ ਚੰਦਰ ਗੈਂਦ ਨੇ ਝੂਠੀ ਰਿਪੋਰਟ ਭੇਜੀ ਸੀ
ਫਿਰੋਜ਼ਪੁਰ, 27 ਫਰਵਰੀ 2020 - ਪਿਛਲੇ ਦਿਨੀ ਫਿਰੋਜ਼ਪੁਰ ਸ਼ਹਿਰੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਵਿਧਾਨ ਸਭਾ ਵਿਚ ਉਠਾਏ ਗਏ ਸੁਆਲ ਜਿਸ ਵਿਚ ਉਹਨਾਂ ਨੇ ਇੱਕ ਵਿਅਕਤੀ 'ਤੇ ਨਜ਼ਾਇਜ਼ ਰੇਤ ਦੀ ਖੱਡ ਚਲਾਉਣ ਦੇ ਦੋਸ਼ ਲਗਾਏ ਸਨ ਅਤੇ ਨਾਲ ਹੀ ਇਹਨਾਂ ਲੋਕਾਂ ਦੇ ਪਾਕਿਸਤਾਨੀ ਤਸਕਰਾਂ ਨਾਲ ਸੰਬੰਧ ਹੋਣ ਦਾ ਖਦਸ਼ਾ ਵੀ ਪ੍ਰਗਟਾਇਆ ਸੀ, ਤੋਂ ਬਾਅਦ ਫਿਰੋਜ਼ਪੁਰ ਪ੍ਰੈਸ ਕਲੱਬ ਵਿਚ ਕਾਨਫਰੰਸ ਕਰਦਿਆਂ ਸਬੰਧਤ ਵਿਅਕਤੀ ਇਕਬਾਲ ਸਿੰਘ ਮੱਲਾ ਨੰਬਰਦਾਰ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਕਾਮਲ ਵਾਲਾ ਉਰਫ ਮੁੱਠਿਆਂ ਵਾਲਾ (ਥਾਣਾ ਆਰਿਫ ਕੇ) ਫਿਰੋਜ਼ਪੁਰ ਨੇ ਕਿਹਾ ਕਿ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਲਗਾਏ ਗਏ ਦੋਸ਼ ਝੂਠੇ ਅਤੇ ਬੇ ਬੁਨਿਆਦ ਹਨ।
ਮੱਲਾ ਨੇ ਕਿਹਾ ਕਿ ਉਨ੍ਹਾਂ ਦਾ ਮਾਲਕੀ ਰਕਬਾ ਵਾਕਿਆ ਪਿੰਡ ਕਾਮਲ ਵਾਲਾ ਵਾ ਪਿੰਡ ਜਾਮਾ ਮੇਘਾ, ਤਹਿਸੀਲ ਵਾ ਜ਼ਿਲ੍ਹਾ ਫਿਰੋਜ਼ਪੁਰ ਵਿਚ ਮਾਲਕੀ ਹੈ। ਇਨ੍ਹਾਂ ਪਿੰਡਾਂ ਦੇ ਰਕਬੇ ਵਿਚੋਂ ਅਸੀਂ ਕੁਝ ਰਕਬਾ ਰੇਤਾ ਕੱਢਣ ਲਈ ਮਾਈਨਿੰਗ ਵਿਭਾਗ ਪੰਜਾਬ ਸਰਕਾਰ ਨੂੰ ਦਿੱਤਾ ਹੋਇਆ ਹੈ। ਜਿਸ ਵਿਚ ਪੰਜਾਬ ਸਰਕਾਰ ਵੱਲੋਂ ਪ੍ਰਾਇਮ ਵਿਜ਼ਨ ਕੰਪਨੀ ਲਿਮਟਿਡ ਨੂੰ ਰੇਤਾ ਕੱਢਣ ਦਾ ਠੇਕਾ ਦਿੱਤਾ ਗਿਆ ਹੈ। ਇਸ ਜ਼ਮੀਨ ਵਿਚ ਪ੍ਰਾਇਮ ਵਿਜਨ ਕੰਪਨੀ ਦੇ ਕਰਮਚਾਰੀ ਕੰਮ ਕਰ ਰਹੇ ਹਨ। ਸਾਡਾ ਇਸ ਵਿਚ ਕੋਈ ਲਾਗਾ ਦੇਗਾ ਨਹੀਂ ਹੈ। ਮਿਤੀ 30 ਜਨਵਰੀ 2020 ਨੂੰ ਐੱਸਐੱਚਓ ਥਾਣਾ ਆਰਿਫਕੇ ਸਾਡੇ ਸਾਰੇ ਭਰਾਵਾਂ ਦੇ ਵਿਰੁੱਧ ਇਕ ਝੂਠੀ ਰਿਪੋਰਟ ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਨੂੰ ਭੇਜਦਾ ਹੈ ਅਤੇ ਇਸ ਝੂਠੀ ਰਿਪੋਰਟ ਦੇ ਆਧਾਰ ਤੇ ਮਿਤੀ 31 ਜਨਵਰੀ 2020 ਨੂੰ ਨੰਬਰ ਡੀਆਰਏਟੀ 2020/60 'ਤੇ ਫਿਰੋਜ਼ਪੁਰ ਦੇ ਡਿਪਟੀ ਕਮਿਸਨਰ ਚੰਦਰ ਗੈਂਦ ਨੇ ਮੁੱਖ ਸਕੱਤਰ ਨੂੰ ਸਾਡੇ ਵਿਰੁੱਧ ਝੂਠਾ ਪ੍ਰਪੋਗੰਡਾ ਕਰਕੇ ਇਕ ਪੱਤਰ ਭੇਜਿਆ ਸੀ, ਜਿਸ ਵਿਚ ਇਹ ਖੱਡ ਨੂੰ ਚਲਦੀ ਦੱਸ ਕੇ ਸਾਡੇ ਸਬੰਧ ਅੱਤਵਾਦੀਆਂ ਨਾਲ ਜੋੜੇ ਗਏ ਹਨ।
ਉਹਨਾਂ ਕਿਹਾ ਕਿ ਡੀਸੀ ਫਿਰੋਜ਼ਪੁਰ ਨੇ ਬਦਲੀ ਹੋਣ ਪਿੱਛੋਂ ਵਿਧਾਇਕ ਅਤੇ ਐੱਸਐੱਚਓ ਨਾਲ ਮਿਲ ਕੇ ਪਿਛਲੀ ਤਰੀਕ ਵਿਚ ਝੂਠੀਆਂ ਰਿਪੋਰਟਾਂ ਤਿਆਰ ਕੀਤੀਆਂ ਹਨ ਅਤੇ ਸਾਡੇ ਖਿਲਾਫ ਝੂਠਾ ਪ੍ਰਾਪੋਗੰਢਾ ਕੀਤਾ ਹੈ ਅਤੇ ਸਾਡੇ ਖਿਲਾਫ ਐੱਸਐੱਚਓ ਦੀ ਰਿਪੋਰਟ ਮੁਤਾਬਿਕ ਸਾਡੇ ਤਿੰਨੋਂ ਭਰਾਵਾਂ ਦੇ ਖਿਲਾਫ ਝੂਠੇ ਮੁਕੱਦਮੇ ਵਿਖਾਏ ਗਏ ਹਨ। ਉਨ੍ਹਾਂ ਵਿਚ ਮੁਕੱਦਮਾ ਨੰਬਰ 214 ਜੋ ਜੇਰੇ ਸਮਾਇਤ ਵਿਖਾਇਆ ਗਿਆ ਹੈ ਉਹ ਮਿਤੀ 23 ਅਕਤੂਬਰ 2019 ਨੂੰ ਬਰੀ ਹੋ ਚੁੱਕਾ ਹੈ ਅਤੇ ਮੁਕੱਦਮਾ ਨੰਬਰ 79 ਜੇਰੇ ਸਮਾਇਤ ਵਿਖਾਇਆ ਗਿਆ ਹੈ ਉਹ ਵੀ ਮਿਤੀ 18 ਅਕਤੂਬਰ 2019 ਨੂੰ ਬਰੀ ਹੋ ਚੁੱਕਾ ਹੈ। ਇਸੇ ਤਰ੍ਹਾਂ ਮੁਕੱਦਮਾ ਨੰਬਰ 196 ਜਿਸ ਵਿਚ ਉਸ ਨੂਂੰ 25 ਦਸੰਬਰ 2015 ਨੂੰ ਬੇਗੁਨਾਹ ਕੀਤਾ ਹੋਇਆ ਹੈ ਉਹ ਮਿਤੀ 27 ਨਵੰਬਰ 2019 ਨੂੰ ਬਰੀ ਹੋ ਚੁੱਕਾ ਹੈ ਹੁਣੇ ਉਸ ਇਕੱਲੇ ਦੇ ਵਿਰੁੱਧ ਮੁਕੱਦਮਾ ਨੰਬਰ 30 ਮਿਤੀ 3 ਮਈ 2019 ਥਾਣਾ ਆਰਿਫ ਕੇ ਪੈਡਿੰਗ ਹੈ ਅਤੇ ਉਸ ਦੇ ਦੋਵੇਂ ਭਰਾਵਾਂ ਸੁਖਵਿੰਦਰ ਸਿੰਘ ਅਤੇ ਕੇਵਲ ਸਿੰਘ ਦੇ ਵਿਰੁੱਧ ਕੋਈ ਵੀ ਮੁਕੱਦਮਾ ਪੈਡਿੰਗ ਨਹੀਂ ਹੈ।
ਉਸ ਦਾ ਇਕ ਭਰਾ ਕੇਵਲ ਸਿੰਘ ਜੋ ਕਿ ਸਾਬਕਾ ਫੌਜੀ ਹੈ ਅਤੇ 18 ਸਾਲ ਫੌਜ ਵਿਚ ਦੇਸ਼ ਦੀ ਸੇਵਾ ਕਰਕੇ ਆਇਆ ਹੈ ਅਤੇ ਦੂਜਾ ਭਰਾ ਸੁਖਵਿੰਦਰ ਸਿੰਘ ਬਲਾਕ ਸੰਮਤੀ ਦਾ ਮੈਂਬਰ ਰਿਹਾ ਹੈ ਅਸੀਂ ਆਪਣਾ ਕਾਰੋਬਾਰ ਅਮਨ ਅਮਾਨ ਨਾਲ ਕਰਦੇ ਹਾਂ। ਮੱਲਾ ਨੇ ਕਿਹਾ ਕਿ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਖੁਦ ਕਾਮਲਵਾਲਾ ਦੀ ਖੱਡ ਨੂੰ ਗੈਰ ਕਾਨੂੰਨੀ ਢੰਗ ਨਾਲ ਚਲਾਉਣਾ ਚਾਹੁੰਦਾ ਹੈ ਅਤੇ ਸਾਨੂੰ ਧੱਕੇ ਨਾਲ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਨਾ ਚਾਹੁੰਦਾ ਹੈ।
ਇਕਬਾਲ ਸਿੰਘ ਨੇ ਦੋਸ਼ ਲਗਾਇਆ ਕਿ ਬੀਤੀ 8 ਫਰਵਰੀ ਨੂੰ ਸਾਡੀ ਇਸ ਜ਼ਮੀਨ ਵਿਚ ਫਿਰੋਜ਼ਪੁਰ ਦੇ ਮੌਜ਼ੂਦਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਸਮੇਤ ਆਪਣੇ ਬਹੁਤ ਸਾਰੇ ਸਮਰੱਥਕਾਂ ਨੂੰ ਲੈ ਕੇ ਪਹੁੰਚਿਆ ਸੀ। ਜਿਨ੍ਹਾਂ ਵਿਚ ਪਰਮਜੀਤ ਸਿੰਘ ਪੰਮਾ ਪਿੰਡ ਰੁਕਨੇਵਾਲਾ ਅਤੇ ਉਸ ਦੇ ਸਾਥੀ ਵੀ ਹਨ ਜਿਸ ਨੇ ਕੁਝ ਸਾਲ ਪਹਿਲਾ ਐੱਸਡੀਐੱਮ ਕੋਰਟ ਫਿਰੋਜ਼ਪੁਰ ਦੇ ਬਾਹਰ ਉਸ (ਇਕਬਾਲ ਸਿੰਘ) 'ਤੇ ਹਮਲਾ ਕੀਤਾ ਸੀ ਤੇ ਉਸ ਨੂੰ ਗੋਲੀਆਂ ਮਾਰੀਆਂ ਸਨ ਜਿਸ ਵਿਚ ਉਹ ਕਾਫੀ ਜ਼ਖਮੀਂ ਹੋ ਗਿਆ ਸੀ। ਜਿਸ ਵਿਚ ਉਸਨੂੰ ਸਜ਼ਾ ਹੋ ਚੁੱਕੀ ਹੈ ਅਤੇ ਜ਼ਮਾਨਤ 'ਤੇ ਬਾਹਰ ਹੈ।
ਇਕਬਾਲ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਵਿਧਾਇਕ ਸਾਡੇ ਪਰਿਵਾਰ ਨੂੰ ਧਮਕੀ ਦੇ ਕੇ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਪਹਿਲਾ ਵੀ ਪ੍ਰਸ਼ਾਸਨ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ , ਡੀਜੀਪੀ ਪੰਜਾਬ ਪੁਲਿਸ ਚੰਡੀਗੜ੍ਹ ਨੂੰ ਚਿੱਠੀਆਂ ਰਾਹੀਂ ਸੂਚਿਤ ਕਰ ਚੁੱਕੇ ਹਾਂ । ਹੁਣ ਫਿਰ ਇਸ ਮਾਮਲੇ ਤੋਂ ਜਾਣੂ ਕਰਵਾਇਆ ਗਿਆ ਹੈ। ਇਕਬਾਲ ਸਿੰਘ ਨੇ ਕਿਹਾ ਕਿ ਵਿਧਾਇਕ ਪਿੰਕੀ ਨੇ ਵਿਧਾਨ ਸਭਾ ਵਿਚ ਜੋ ਮੁੱਦਾ ਉਠਾਇਆ ਹੈ ਕੋਰਾ ਝੂਠ ਹੈ, ਸਾਡਾ ਕਿਸੇ ਵੀ ਅੱਤਵਾਦੀ, ਵੱਖਵਾਦੀਆਂ ਜਾਂ ਕੋਈ ਦੇਸ਼ ਵਿਰੋਧੀ ਸਰਗਰਮੀ ਚਲਾਉਣ ਵਾਲਿਆਂ ਨਾਲ ਕੋਈ ਸਬੰਧ ਨਹੀਂ ਹੈ। ਜੇਕਰ ਸਾਡਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਮੌਜ਼ੂਦਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਇਸ ਦੇ ਉਪਰੋਕਤ ਸਾਥੀਆਂ ਦੀ ਹੋਵੇਗੀ। ਇਕਬਾਲ ਸਿੰਘ ਮੱਲਾ ਨੇ ਬੇਨਤੀ ਕੀਤੀ ਕਿ ਇਸ ਸਾਰੇ ਘਟਨਾ ਕਰਮ ਦੀ ਨਿਰਪੱਖ ਏਜੰਸੀ ਪਾਸੋਂ ਇਨਕੁਆਰੀ ਕਰਵਾਈ ਜਾਵੇ ਅਤੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ।