ਐਸ.ਏ.ਐਸ. ਨਗਰ, 27 ਫਰਵਰੀ 2020: ਮੋਰਿੰਡਾ, ਪੰਜਾਬ ਦੇ ਬਾਹਰਵਾਰ ਸਥਿਤ ਜਰਮਨ ਕੰਪਨੀ ਕਲਾਸ (ਸੀ.ਐਲ.ਏ.ਏ.ਐੱਸ.) ਦੇ ਇਕ ਉੱਚ ਪੱਧਰੀ ਵਫ਼ਦ ਨੇ ਅੱਜ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ, ਸ. ਬਲਬੀਰ ਸਿੰਘ ਸਿੱਧੂ ਅਤੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ, ਕਿਰਤ ਵਿਭਾਗ ਦੇ ਪ੍ਰਮੁੱਖ ਸਕੱਤਰ, ਸ੍ਰੀ ਵਿਜੇ ਕੁਮਾਰ ਜੰਜੂਆ ਅਤੇ ਹੋਰ ਸੀਨੀਅਰ ਸਰਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਵਿਚ ਬਿਹਤਰ ਰੁਜ਼ਗਾਰਯੋਗਤਾ ਦੇ ਨਜ਼ਰੀਏ ਅਤੇ ਬਿਹਤਰ ਹੁਨਰ ਪੂਲ ਨੂੰ ਬਰਕਰਾਰ ਰੱਖਣ ਲਈ ਫਲੈਕਸੀਬਲ ਮੈਨੂਫੈਕਚਰਿੰਗ ਕਨਸੈਪਟ ਨੂੰ ਲਾਗੂ ਕਰਨ, ਦੋਹਰੀ ਸਿੱਖਿਆ ਪ੍ਰਣਾਲੀ ਨੂੰ ਵਿਕਸਤ ਕਰਨਾ ਅਤੇ ਹੁਨਰ ਵਿਕਾਸ ਨਾਲ ਸਬੰਧਤ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸਿਹਤ ਮੰਤਰੀ ਨੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਪੰਜਾਬ ਕੋਲ ਵਪਾਰ ਅਤੇ ਕਾਰੋਬਾਰ ਨੂੰ ਪ੍ਰਫੁੱਲਤ ਕਰਨ ਲਈ ਢੁੱਕਵਾਂ ਮਾਹੌਲ ਹੈ।
ਜਰਮਨ ਦੇ ਵਫ਼ਦ ਵਿੱਚ ਸ੍ਰੀ ਜਾਨ ਹੈਂਡਰਿਕ ਮੋਹਰ (ਸੀ.ਈ.ਓ. ਬਿਜ਼ਨਸ ਯੂਨਿਟ ਗ੍ਰੇਨ ਐਂਡ ਮੈਂਬਰ ਆਫ਼ ਗਰੁੱਪ ਐਗਜੀਕਿਊਟਿਵ ਬੋਰਡ, ਕਲਾਸ ਜਰਮਨੀ) ਸਮੇਤ ਸ੍ਰੀ ਸ੍ਰੀਰਾਮ ਕਾਨਨ (ਮੈਨੇਜਿੰਗ ਡਾਇਰੈਕਟਰ, ਕਲਾਸ ਇੰਡੀਆ), ਸ੍ਰੀ ਸੁਮਿਤ ਕਪਲਿਸ਼ (ਜਨਰਲ ਮੈਨੇਜਰ, ਸਪਲਾਈ ਚੇਨ ਮੈਨੇਜਮੈਂਟ, ਕਲਾਸ ਇੰਡੀਆ) ਅਤੇ ਸ੍ਰੀ ਭਾਵਿਸ਼ ਅਵਸਥੀ (ਚੀਫ ਹਿਊਮਨ ਰਿਸੋਰਸ ਅਫ਼ਸਰ, ਕਲਾਸ ਇੰਡੀਆ) ਸ਼ਾਮਲ ਸਨ।