ਲੋਕੇਸ਼ ਰਿਸ਼ੀ
ਗੁਰਦਾਸਪੁਰ, 27 ਫਰਵਰੀ 2020 - ਪੰਜਾਬ ਪੁਲਿਸ ਦੇ ਡੀ.ਜੀ.ਪੀ. ਦਿਨਕਰ ਗੁਪਤਾ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਸਬੰਧੀ ਦਿੱਤੇ ਗਏ ਬਿਆਨ ਦਾ ਮਾਮਲਾ ਹੱਲੇ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੋ ਸਕਿਆ। ਕਿ ਹੁਣ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਵਾਪਸ ਪਰਤੇ ਗੁਰਦਾਸਪੁਰ ਦੇ ਕੁੱਝ ਸ਼ਰਧਾਲੂਆਂ ਵੱਲੋਂ ਪੰਜਾਬ ਪੁਲਿਸ ਤੇ ਪੁੱਛ-ਗਿੱਛ ਦੇ ਬਹਾਨੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਗਏ ਹਨ। ਹਾਲਾਂਕਿ ਦੂਜੇ ਪਾਸੇ ਇਸ ਮਾਮਲੇ ਸਬੰਧੀ ਪੰਜਾਬ ਪੁਲਿਸ ਦੇ ਆਈ.ਜੀ ਨੇ ਪੰਜਾਬ ਪੁਲਿਸ ਵੱਲੋਂ ਅਜਿਹਾ ਕੁੱਝ ਕੀਤੇ ਜਾਣ ਸਬੰਧੀ ਕਿਸੇ ਵੀ ਹੁਕਮਾਂ ਤੋਂ ਸਾਫ਼ ਇਨਕਾਰ ਕੀਤਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਬਟਾਲਾ ਦੇ ਨਜ਼ਦੀਕੀ ਪਿੰਡ ਡੇਰੀਵਾਲ ਦਰੋਗਾ ਦੇ ਰਹਿਣ ਵਾਲੇ ਰਣਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਬੀਤੀ 25 ਜਨਵਰੀ ਨੂੰ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਹਰਦੀਪ ਸਿੰਘ ਪੁੱਤਰ ਜਗੀਰ ਸਿੰਘ ਨਾਲ ਡੇਰਾ ਬਾਬਾ ਨਾਨਕ ਦੇ ਕਾਰੀਡੋਰ ਰਸਤੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ। ਪਰ ਜਦੋਂ ਉਹ ਵਾਪਸ ਭਾਰਤ ਪਹੁੰਚੇ ਤਾਂ ਪੰਜਾਬ ਪੁਲਿਸ ਸਮੇਤ ਸੁਰੱਖਿਆ ਦੇ ਨੁਮਾਇੰਦਿਆਂ ਵੱਲੋਂ ਉਨ੍ਹਾਂ ਕੋਲੋਂ ਪਾਕਿਸਤਾਨੀ ਪੁਲਿਸ ਜਾਂ ਬਾਕੀ ਲੋਕਾਂ ਦੇ ਰਵਈਏ ਬਾਰੇ ਕੁੱਝ ਸਵਾਲ ਪੁੱਛਣੇ ਰੋਈਏ ਕਰ ਦਿੱਤੇ।
ਰਣਜੀਤ ਸਿੰਘ ਨੇ ਕਿਹਾ ਕਿ ਜਿੱਦਾਂ ਕਿ ਪਾਕਿਸਤਾਨੀਆਂ ਵੱਲੋਂ ਉਨ੍ਹਾਂ ਸਮੇਤ ਬਾਕੀ ਸ਼ਰਧਾਲੂਆਂ ਨਾਲ ਚੰਗਾ ਅਤੇ ਮਿਲਾਪੜਾ ਸਲੂਕ ਕੀਤਾ ਗਿਆ। ਉਨ੍ਹਾਂ ਨੇ ਉਸੇ ਹਿਸਾਬ ਨਾਲ ਆਪਣਾ ਜਵਾਬ ਦਿੰਦਿਆਂ ਭਾਰਤੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਪਾਕਿਸਤਾਨੀਆਂ ਵੱਲੋਂ ਕੀਤੇ ਗਏ ਵਧੀਆ ਵਤੀਰੇ ਸਬੰਧੀ ਜਵਾਬ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਉਸ ਵੇਲੇ ਤਾਂ ਕਿਸੇ ਨੇ ਵੀ ਉਨ੍ਹਾਂ ਨੂੰ ਕੁੱਝ ਨਹੀਂ ਕਿਹਾ ਅਤੇ ਉਹ ਆਪਣੇ ਘਰ ਵਾਪਸ ਆ ਗਏ। ਪਰ ਬਾਅਦ ਵਿੱਚ ਸਬੰਧਿਤ ਠਾਣੇ ਵੱਲੋਂ ਇਕ ਵਾਰ ਫੇਰ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਉਹ ਆਪਣੇ ਇਲਾਕੇ ਦੇ ਪਤਵੰਤੇ ਸੱਜਣਾਂ ਨਾਲ ਠਾਣੇ ਪਹੁੰਚੇ। ਜਿਸ ਤੋਂ ਬਾਦ ਉਨ੍ਹਾਂ ਨੂੰ ਵਾਪਸ ਘਰ ਭੇਜ ਦਿੱਤਾ ਗਿਆ।
ਰਣਜੀਤ ਸਿੰਘ ਅਤੇ ਹਰਜੀਤ ਸਿੰਘ ਸਮੇਤ ਬਾਕੀ ਲੋਕਾਂ ਨੇ ਕਿਹਾ ਕੀ ਉਹ ਪਾਕਿਸਤਾਨ ਵਿਖੇ ਸਿਰਫ਼਼ ਆਪਣੇ ਸਾਲਾਂ ਤੋਂ ਵਿੱਛੜੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਜਾਂਦੇ ਹਨ। ਨਾ ਕਿ ਆਪਣੇ ਦੇਸ਼ ਦੀ ਬੁਰਾਈ ਜਾਂ ਉਸ ਸਬੰਧੀ ਕਿਸੇ ਸ਼ਰਾਰਤੀ ਸਾਜ਼ਿਸ਼ ਦਾ ਹਿੱਸਾ ਬਣਨ। ਉਹ ਵੀ ਆਪਣੇ ਦੇਸ਼ ਨੂੰ ਓਨਾ ਹੀ ਪਿਆਰ ਕਰਦੇ ਹਨ। ਜਿਨ੍ਹਾਂ ਕਿ ਦੇਸ਼ ਅੰਦਰ ਰਹਿਣ ਵਾਲੇ ਬਾਕੀ ਧਰਮਾਂ ਦੇ ਲੋਕ। ਉਨ੍ਹਾਂ ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਕੋਲ ਅਪੀਲ ਕੀਤੀ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਇਸ ਤਰਾਂ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ।
ਉੱਥੇ ਦੂਜੇ ਪਾਸੇ ਇਸ ਪੂਰੇ ਮਾਮਲੇ ਸਬੰਧੀ ਆਈ ਜੀ ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨਾਲ ਗੱਲ ਕਰਨ ਤੇ ਉਨ੍ਹਾਂ ਨੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਅਜਿਹੀ ਕਿਸੇ ਵੀ ਕਾਰਵਾਈ ਦੀ ਜਾਣਕਾਰੀ ਹੋਣ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ। ਕਿ ਪੰਜਾਬ ਪੁਲਿਸ ਨੂੰ ਕਰਤਾਰਪੁਰ ਸਾਹਿਬ ਵਿਖੇ ਜਾਣ ਵਾਲੇ ਸ਼ਰਧਾਲੂਆਂ ਕੋਲੋਂ ਅਜਿਹੀ ਪੁੱਛ ਗਿੱਛ ਕਰਨ ਸਬੰਧੀ ਕੋਈ ਹੁਕਮ ਨਹੀਂ ਹਨ ਅਤੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਕੋਲੋਂ ਸਿਰਫ ਉਸ ਵੇਲੇ ਹੀ ਪੁੱਛ ਗਿੱਛ ਕੀਤੀ ਜਾਂਦੀ ਹੈ। ਜੋ ਭਾਰਤ ਸਰਕਾਰ ਵੱਲੋਂ ਯਾਤਰਾ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਦੇ ਰੂਪ ਵਿੱਚ ਹੁੰਦੀ ਹੈ। ਇਸ ਦੇ ਨਾਲ ਹੀ ਆਈ.ਜੀ ਪਰਮਾਰ ਨੇ ਕਿਹਾ ਕਿ ਫਿਰ ਵੀ ਇਸ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ ਅੱਗੇ ਜੇਕਰ ਕਿਸੇ ਦੀ ਕੋਈ ਗ਼ਲਤੀ ਸਾਹਮਣੇ ਆਉਂਦੀ ਹੈ ਤਾਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।