ਅਸ਼ੋਕ ਵਰਮਾ
ਬਠਿੰਡਾ- ਚੰਡੀਗੜ੍ਹ, 27 ਫਰਵਰੀ 2020 - ਦਿੱਲੀ ’ਚ ਮੁਸਲਮਾਨਾਂ ਅਤੇ ਉਹਨਾਂ ਦੇ ਘਰਾਂ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਅਤੇ ਅੱਗਾਂ ਲਾਉਣ ਵਿਰੁੱਧ ਅੱਜ 14 ਜਨਤਕ ਜਥੇਬੰਦੀਆਂ ਦੇ ਸੱਦੇ ’ਤੇ ਪੰਜਾਬ ਅਤੇ ਹਰਿਆਣਾ ’ਚ ਵੱਖ ਥਾਵਾਂ ’ਤੇ ਅੱਜ ਦੂਜੇ ਦਿਨ ਵੀ ਭਾਜਪਾ ਅਤੇ ਆਰ ਐਸ ਐਸ ਹਕੂਮਤ ਦੀਆਂ ਅਰਥੀਆਂ ਸਾੜਕੇ ਰੋਹ ਭਰਪੂਰ ਮੁਜਾਹਰੇ ਕੀਤੇ ਗਏ। ਜੋਗਿੰਦਰ ਸਿੰਘ ਉਗਰਾਹਾਂ, ਰਾਜਵਿੰਦਰ ਸਿੰਘ ਤੇ ਬੂਟਾ ਸਿੰਘ ਬੁਰਜ ਗਿੱਲ ਨੇ ਜਾਰੀ ਕੀਤੇ ਬਿਆਨ ਰਾਹੀਂ ਦੱਸਿਆ ਕਿ ਜਿਲਾ ਹੈਡਕੁਆਰਟਰ ਮੋਗਾ ਤੋਂ ਇਲਾਵਾ ਸੰਗਰੂਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਲੁਧਿਆਣਾ ਅਤੇ ਸਿਰਸਾ ਸਮੇਤ 7 ਜਿਲਿਆਂ ਵਿੱਚ 18 ਥਾਵਾਂ ’ਤੇ ਅਰਥੀ ਸਾੜ ਮੁਜਾਹਰੇ ਕੀਤੇ ਗਏ। ਉਹਨਾਂ ਦੱਸਿਆ ਕਿ 5 ਮਾਰਚ ਨੂੰ ਲੁਧਿਆਣਾ ਵਿਖੇ ਵਿਸਾਲ ਰੋਸ ਪ੍ਰਦਰਸਨ ਕੀਤਾ ਜਾਵੇਗਾ ਜਿਸ ਵਿੱਚ ਨੇੜਲੇ ਜਿਲਿਆਂ ਦੇ ਕਿਸਾਨ ਮਜਦੂਰ, ਨੌਜਵਾਨ, ਵਿਦਿਆਰਥੀ ਤੇ ਔਰਤਾਂ ਵੀ ਸਾਮਲ ਹੋਣਗੀਆਂ।
ਵੱਖ-ਵੱਖ ਥਾਵਾਂ ’ਤੇ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆ ਨੇ ਆਖਿਆ ਕਿ ਆਰ ਐਸ ਐਸ ਤੇ ਭਾਜਪਾ ਦਿੱਲੀ ’ਚ 2002 ਵਾਲਾ ਗੁਜਰਾਤ ਮਾਡਲ ਲਾਗੂ ਕਰ ਦਹੁਰਾਅ ਰਹੀ ਹੈ। ਉਹ ਲੋਕਾਂ ਦੇ ਵਿਸਾਲ ਵਿਰੋਧ ਨੂੰ ਦਰਕਿਨਾਰ ਕਰਕੇ ਸੀ.ਏ.ਏ., ਐਨ.ਆਰ.ਸੀ. ਤੇ ਐਨ.ਪੀ.ਆਰ. ਨੂੰ ਹਰ ਹਾਲਤ ਵਿੱਚ ਲੋਕਾਂ ’ਤੇ ਲਾਗੂ ਕਰਨਾ ਚਾਹੁੰਦੀ ਹੈ । ਉਹਨਾਂ ਦੋਸ ਲਾਇਆ ਕਿ ਦਿੱਲੀ ’ਚ ਹਿੰਸਾਂ ਫੈਲਾਅ ਰਹੇ ਗੁੰਡਿਆਂ ਵੱਲੋਂ ਮੁਸਲਮਾਨਾਂ ਦੇ ਨਾਲ ਨਾਲ ਉਹਨਾਂ ਪੱਤਰਕਾਰਾਂ ਨੂੰ ਚੋਣਵਾਂ ਨਿਸਾਨਾ ਬਣਾਇਆ ਜੋ ਹਿੰਸਾਂ ਦੀ ਕਵਰੇਜ ਕਰਕੇ ਸੱਚਾਈ ਦੁਨੀਆਂ ਸਾਹਮਣੇ ਲਿਆਉਣ ਦਾ ਆਪਣਾ ਫਰਜ ਨਿਭਾਅ ਰਹੇ ਸਨ । ਆਗੂਆਂ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਹਿੰਸਾ ਭੜਕਾਉਣ ਦੇ ਦੋਸ਼ੀ ਭਾਜਪਾਈ ਆਗੂਆਂ ਅਤੇ ਦਿੱਲੀ ਦੀ ਪੁਲਿਸ ਦੇ ਬਾਰੇ ਸਖਤ ਟਿੱਪਣੀਆਂ ਕਰਨ ਅਤੇ ਦਿੱਲੀ ਹਾਈਕੋਰਟ ਵਲੋਂ ਭਾਜਪਾਈ ਆਗੂਆਂ ’ਤੇ ਕੇਸ ਦਰਜ ਕਰਨ ਦੀਆਂ ਹਦਾਇਤਾਂ ਦੇ ਬਾਵਜੂਦ ਦੋਸੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ।
ਉਹਨਾਂ ਦਿੱਲੀ ਹਿੰਸਾ ਸਬੰਧੀ ਕੇਸ ਦੀ ਸੁਣਵਾਈ ਕਰ ਰਹੇ ਹਾਈਕੋਰਟ ਦੇ ਜੱਜ ਦੇ ਤਬਾਦਲੇ ਨੂੰ ਹੈਰਾਨੀਜਨਕ ਅਤੇ ਅਫਸੋਸਜਨਕ ਕਰਾਰ ਦਿੱਤਾ। ਆਗੂਆਂ ਨੇ ਆਖਿਆ ਕਿ ਮੋਦੀ ਹਕੂਮਤ ਦੇਸ ਨੂੰ ਹਿੰਦੂ ਰਾਸਟਰ ਬਣਾਉਣ ਰਾਹੀਂ ਮੁਲਕ ’ਚ ਬੇਹੱਦ ਪਿਛਾਖੜੀ ਰਾਜ ਅਤੇ ਜਾਬਰ ਰਾਜ ਸਥਾਪਤ ਕਰਨਾ ਚਾਹੁੰਦੀ ਹੈ ਜਿਸਨੂੰ ਦੇਸ ਦੇ ਲੋਕ ਸਫਲ ਨਹੀਂ ਹੋਣ ਦੇਣਗੇ। ਉਹਨਾਂ ਮੰਗ ਕੀਤੀ ਕਿ ਕਪਿਲ ਮਿਸਰਾ ਸਮੇਤ ਭੜਕਾਊ ਭਾਸਣ ਦੇਣ ਵਾਲੇ ਲੀਡਰਾਂ ਸਮੇਤ ਹਿੰਸਾ ਕਰਨ ਵਾਲੇ ਸਾਰੇ ਦੋਸੀਆਂ ’ਤੇ ਕੇਸ ਦਰਜ ਕਰਕੇ ਤਰੁੰਤ ਗਿ੍ਰਫਤਾਰ ਕੀਤਾ ਜਾਵੇ, ਦੋਸੀਆਂ ਦਾ ਸਾਥ ਦੇਣ ਵਾਲੇ ਪੁਲਿਸ ਅਧਿਕਾਰੀਆਂ ’ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੱਜ ਦੇ ਇਕੱਠਾਂ ਨੂੰ ਪੂਰਨ ਸਿੰਘ ਦੋਦਾ, ਲਖਵਿੰਦਰ ਸਿੰਘ, ਅਸਵਨੀ ਘੁੱਦਾ, ਸੁਰਿੰਦਰ ਸਿੰਘ, ਰਛਪਾਲ ਸਿੰਘ , ਛਿੰਦਰਪਾਲ ਸਿੰਘ , ਹੁਸ਼ਿਆਰ ਸਿੰਘ ਸਲੇਮਗੜ, ਬਲਵੰਤ ਸਿੰਘ ਬਾਘਾਪੁਰਾਣਾ, ਹਰਜਿੰਦਰ ਸਿੰਘ ਅਤੇ ਅਮਰਜੀਤ ਸਿੰਘ ਸੈਦੋਕੇ ਆਦਿ ਆਗੂਆਂ ਨੇ ਸੰਬੋਧਨ ਕੀਤਾ।