ਅਸ਼ੋਕ ਵਰਮਾ
ਬਠਿੰਡਾ, 27 ਫਰਵਰੀ 2020 - ਥਾਣਾ ਥਰਮਲ ਪੁਲਿਸ ਨੇ ਅਸ਼ਲੀਲ ਵੀਡੀਓ ਬਣਾ ਕੇ ਪੈਸੇ ਬਟੋਰਣ ਵਾਲੇ ਸੱਤ ਜਣਿਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਜਿੰਨ੍ਹਾਂ ’ਚ ਦੋ ਔਰਤਾਂ ਵੀ ਸ਼ਾਮਲ ਹਨ। ਪੁਲਿਸ ਨੇ ਦੋਵਾਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦੋਂ ਕਿ ਬਾਕੀ ਮੁਲਜਮ ਫਰਾਰ ਦੱਸੇ ਜਾ ਰਹੇ ਹਨ। ਚਰਚਾ ਹੈ ਕਿ ਜਦੋਂ ਇਹ ਅਸ਼ਲੀਲ ਵੀਡੀਓ ਬਣਾਈ ਗਈ ਤਾਂ ਦੋ ਪਲਿਸ ਮੁਲਾਜਮ ਵੀ ਮੌਕੇ 'ਤੇ ਮੌਜੂਦ ਸਨ। ਪਰ ਇਸ ਸਬੰਧੀ ਕੋਈ ਵੀ ਕੁੱਝ ਬੋਲਣ ਨੂੰ ਤਿਆਰ ਨਹੀਂ ਹੋਇਆ ਹੈ।
ਇਸ ਮਾਮਲੇ ਦੇ ਜਾਂਚ ਅਧਿਕਾਰੀ ਐੱਸ.ਆਈ. ਬਲਵਿੰਦਰ ਨੇ ਦੱਸਿਆ ਕਿ ਸਤਿੰਦਰ ਸਿੰਘ ਵਾਸੀ ਬੈਂਕ ਕਲੋਨੀ ਬਠਿੰਡਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੀ ਗੱਡੀ ’ਤੇ ਸਵਾਰ ਹੋ ਕੇ ਸਿਵੀਆਂ ਗਿਲਪੱਤੀ ਰੋਡ ਬਠਿੰਡਾ ਵਿਖੇ ਜਾ ਰਿਹਾ ਸੀ। ਉਨਾਂ ਦੱਸਿਆ ਕਿ ਇਸ ਦੌਰਾਨ ਉਸ ਨੂੰ ਹਰਪ੍ਰੀਤ ਕੌਰ ਵਾਸੀ ਆਦਰਸ਼ ਨਗਰ ਬਠਿੰਡਾ ਨੇ ਹੱਥ ਦੇ ਕੇ ਰੋਕ ਲਿਆ। ਇਹ ਔਰਤ ਉਸ ਨੂੰ ਪਹਿਲਾਂ ਤੋਂ ਜਾਣਦੀ ਹੋਣ ਕਰਕੇ ਆਪਣੇ ਘਰ ਲੈ ਗਈ। ਉਨਾਂ ਦੱਸਿਆ ਕਿ ਉਸ ਦੇ ਘਰ ਵਿੱਚ ਪਹਿਲਾਂ ਹੀ ਜਸਪਾਲ ਕੌਰ, ਪਤਨੀ ਗੁਰਦੀਪ ਸਿੰਘ ਵਾਸੀ ਦਿਉਣ, ਸ਼ਕਤੀ ਧਿਰ ਵਾਸੀ ਸਰਦਾਰਗੜ੍ਹ, ਸੁਖਦੀਪ ਸਿੰਘ ਵਾਸੀ ਹੁਸਨਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਤਿੰਨ ਜਣੇ ਹੋਰ ਅਣਪਛਾਤੇ ਵਿਅਕਤੀ ਮੌਜੂਦ ਸਨ।
ਪੀੜਤ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਇਸ ਦੌਰਾਨ ਹਰਪ੍ਰੀਤ ਕੌਰ ਉਸ ਨਾਲ ਗਲਤ ਹਰਕਤਾਂ ਕਰਨ ਲੱਗ ਪਈ। ਜਿੱਥੇ ਇਨਾਂ ਲੋਕਾਂ ਨੇ ਜਬਰਦਸਤੀ ਉਸ ਦੇ ਕੱਪੜੇ ਉਤਾਰ ਦਿੱਤੇ ਅਤੇ ਵੀਡੀਓ ਬਣਾਉਣ ਲੱਗ ਪਏ। ਪੁਲਿਸ ਅਨੁਸਾਰ ਉਸ ਦੇ ਪਰਸ ਵਿੱਚੋਂ 8 ਹਜਾਰ ਰੁਪਏ ਕੱਢ ਲਏ ਅਤੇ ਏ.ਟੀ.ਐੱਮ. ਰਾਹੀਂ 14 ਹਜਾਰ ਰੁਪਏ ਕਢਵਾ ਲਏ। ਪੁਲਿਸ ਨੇ ਮੁੱਦਈ ਦੇ ਬਿਆਨਾਂ ’ਤੇ ਦੋਵਾਂ ਔਰਤਾਂ ਤੋਂ ਇਲਾਵਾ ਬਾਕੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਹਰਪ੍ਰੀਤ ਕੌਰ ਅਤੇ ਜਸਪਾਲ ਕੌਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਉਨਾਂ ਦੱਸਿਆ ਕਿ ਜਾਂਚ ਤੋਂ ਬਾਅਦ ਪੂਰੇ ਮਾਮਲੇ ਦਾ ਪਤਾ ਲੱਗ ਸਕੇਗਾ। ਉਨਾਂ ਕਿਸੇ ਹੋਰ ਟਿੱਪਣੀ ਤੋਂ ਇਨਕਾਰ ਕਰ ਦਿੱਤਾ।