ਮਨਪ੍ਰੀਤ ਸਿੰਘ ਜੱਸੀ
- ਗਰਮੀ ਦੇ ਸੀਜਨ ਦੌਰਾਨ ਖਪਤਕਾਰਾਂ ਨੂੰ ਮਿਲੇਗੀ ਨਿਰਵਿਘਨ ਬਿਜਲੀ ਸਪਲਾਈ
ਅੰਮ੍ਰਿਤਸਰ, 27 ਫਰਵਰੀ 2020 - ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਆ ਰਹੇ ਗਰਮੀ ਦੇ ਸੀਜਨ ਦੌਰਾਨ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਿਮਟਿਡ ਦੇ ਉੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਜਿਸ ਵਿੱਚ ਔਜਲਾ ਨੇ ਪਾਵਰਕਾਮ ਅਧਿਕਾਰੀਆਂ ਨੂੰ ਕੇਂਦਰ ਸਰਕਾਰ ਦੀ ਦੀਨ ਦਿਆਲ ਉਪਾਧਿਆਇ ਜਯੋਤੀ ਸਕੀਮ ਅਤੇ ਸੁਭਾਗਿਆ ਸਕੀਮ ਤਹਿਤ ਢਿੱਲੀ ਰਫਤਾਰ ਨਾਲ ਕੀਤੇ ਜਾ ਰਹੇ ਕੰਮਾਂ ਤੇ ਵਿਸੇਸ਼ ਤੌਰ ਤੇ ਧਿਆਨ ਕੇਂਦਰਿਤ ਕਰਕੇ ਕੰਮਾਂ ਨੂੰ ਪੂਰਾ ਕਰਨ ਵਿੱਚ ਤੇਜੀ ਲਿਆਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਸਥਾਨਕ ਔਜਲਾ ਐਸਟੇਟ ਵਿਖੇ ਪਾਵਰਕਾਮ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਐਮ.ਪੀ. ਗੁੁਰਜੀਤ ਸਿੰਘ ਔਜਲਾ ਨੇ ਦੱਸਿਆ ਹਰ ਪਿੰਡ ਨੂੰ ਬਿਜਲੀ ਸਪਲਾਈ ਨਾਲ ਜੋੜਨ ਦੇ ਨਾਲ ਨਾਲ ਕਿਸਾਨਾਂ ਤੇ ਹੋਰਨਾਂ ਖਪਤਕਾਰਾਂ ਨੂੰ ਨਿਯਮਿਤ ਅਤੇ ਲੋੜੀਂਦੀ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਸਬ-ਟਰਾਂਸਮਿਸ਼ਨ ਤੇ ਬਿਜਲੀ ਵੰਡ ਨੈਟਵਰਕ ਵਿੱਚ ਸੁਧਾਰ ਲਿਆਉਣ ਲਈ ਕੇਂਦਰੀ ਦੀਨ ਦਿਆਲ ਉਪਾਧਿਆਇ ਜਯੋਤੀ ਸਕੀਮ ਅਤੇ ਸੁਭਾਗਿਆ ਸਕੀਮ ਨੂੰ ਲਾਗੂ ਕੀਤਾ ਗਿਆ ਹੈ ਜਿਸ ਤਹਿਤ ਪੁਰਾਣੀਆਂ ਤੇ ਢਿੱਲੀਆਂ ਤਾਰਾਂ ਅਤੇ ਕੁਨੈਕਟਰਾਂ ਨੂੰ ਬਦਲਣ, ਨਵੇਂ ਸਬ-ਸਟੇਸ਼ਨ ਬਣਾਉਣੇ ਤੇ ਪੁਰਾਣੇ ਅਪਗ੍ਰੇਡ ਕਰਨੇ, ਨਵੇਂ ਟਰਾਂਸਫਾਰਮਰਾਂ ਦੀ ਸਥਾਪਤੀ ਕਰਨੀ, ਖੇਤੀਬਾੜੀ ਤੇ ਗੈਰ-ਖੇਤੀਬਾੜੀ ਫੀਡਰਾਂ ਨੂੰ ਵੱਖ ਕਰਨ ਵਰਗੇ ਕੰਮ ਕੀਤੇ ਜਾਣੇ ਹਨ।
ਜਿਸ ਲਈ ਸਰਕਾਰ ਵਲੋਂ 250 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਜਿਸ ਵਿਚੋਂ 15 ਕਰੋੜ ਰੁਪਏ ਸਿਰਫ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਬਿਜਲੀ ਖਪਤਕਾਰਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਾਉਣ ਲਈ ਖਰਚ ਕੀਤੇ ਜਾਣੇ ਹਨ। ਸ. ਔਜਲਾ ਨੇ ਮੀਟਿੰਗ ਦੌਰਾਨ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਵਿਖੇ ਪਾਵਰਕਾਮ ਵਲੋਂ ਨਿਰਧਾਰਿਤ ਕੀਤੀ ਕੰਪਨੀ ਵਲੋਂ ਬਿਜਲੀ ਸੁਧਾਰ ਕੰਮ ਦਸੰਬਰ 2019 ਤੱਕ ਮੁਕੰਮਲ ਕੀਤੇ ਜਾਣੇ ਸਨ ਪਰ ਕੰਮ ਪੂਰੇ ਨਾ ਹੋਣ ਕਾਰਨ ਕੰਪਨੀ ਨੂੰ ਮਾਰਚ 2020 ਤੱਕ ਦਾ ਸਮਾਂ ਦਿਤਾ ਗਿਆ ਸੀ ਪਰ ਕੁਝ ਪਾਵਰਕਾਮ ਅਧਿਕਾਰੀਆਂ ਦੇ ਅਵੇਸਲੇਪਨ ਅਤੇ ਕੰਪਨੀ ਦੀ ਢਿੱਲੀ ਰਫਤਾਰ ਕਾਰਨ ਅਜੇ ਤੱਕ ਸਿਰਫ 40 ਪ੍ਰਤੀਸ਼ਤ ਕੰਮ ਹੀ ਪੂਰਾ ਹੋਇਆ ਹੈ।
ਔਜਲਾ ਨੇ ਮੌਕੇ ਪਾਵਰਕਾਮ ਅਧਿਕਾਰੀਆਂ ਦੀ ਖਿਚਾਈ ਕਰਦਿਆਂ ਬਿਜਲੀ ਸੁਧਾਰ ਕੰਮਾਂ ਦੇ ਰਫਤਾਰ ਵਿੱਚ ਤੇਜੀ ਲਿਆਉਣ ਦੇ ਹੁਕਮ ਜਾਰੀ ਕੀਤੇ ਤੇ ਕਿਹਾ ਕਿ ਗਰਮੀਆਂ ਦੇ ਸੀਜਨ ਤੋਂ ਪਹਿਲਾਂ ਪਹਿਲਾਂ ਇੰਨਾਂ ਕੰਮਾਂ ਨੂੰ ਪੂਰਾ ਕਰਵਾਇਆ ਜਾਵੇ।
ਔਜਲਾ ਨੇ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਇੰਨਾਂ ਕੰਮਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਸੰਬੰਧਿਤ ਕੰਪਨੀ ਨੂੰ ਕਾਲੀ ਸੂਚੀ ਵਿੱਚ ਪਾਉਣ ਦੀ ਪ੍ਰਕਿਿਰਆ ਸ਼ੁਰੂ ਕਰ ਦਿਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਤੱਕ ਕੰਪਨੀ ਵਲੋਂ 80 ਵੱਡੇ ਟਰਾਂਸਫਾਰਮਰਾਂ ਵਿਚੋਂ ਸਿਰਫ 23 ਟਰਾਂਸਫਾਰਮਰ ਹੀ ਲਗਾਏ ਗਏ ਹਨ।
ਔਜਲਾ ਨੇ ਕਿਹਾ ਕਿ ਜੇਕਰ ਗਰਮੀਆਂ ਦੇ ਸੀਜਨ ਵਿੱਚ ਹਲਕੇ ਦੇ ਕਿਸੇ ਵੀ ਬਿਜਲੀ ਖਪਤਕਾਰ ਜਾਂ ਕਿਸਾਨ ਨੂੰ ਬਿਜਲੀ ਸਪਲਾਈ ਨੂੰ ਲੈ ਕੇ ਪ੍ਰੇਸ਼ਾਨੀ ਆਈ ਤਾਂ ਸੰਬੰਧਿਤ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਅਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀ ਐਸ.ਐਲ ਗੁਪਤਾ ਏ.ਜੀ.ਐਮ. ਪੰਚਕੂਲਾ, ਇੰਜੀ: ਰਜਿੰਦਰ ਕੁਮਾਰ ਗਰਗ ਡਿਪਟੀ ਸੀ.ਈ. ਪਟਿਆਲਾ, ਇੰਜੀ: ਸਤਿੰਦਰ ਸ਼ਰਮਾ ਡਿਪਟੀ ਮੁੱਖ ਇੰਜੀ: ਸਬ ਅਰਬਨ ਸਰਕਲ ਅੰਮ੍ਰਿਤਸਰ, ਇੰਜੀ: ਰਮਨ ਸ਼ਰਮਾ ਵਧੀਕ ਐਸ.ਈ. ਅੰਮ੍ਰਿਤਸਰ, ਇੰਜੀ: ਹਰਜੀਤ ਸਿੰਘ ਵਧੀਕ ਐਸ.ਈ. ਪੱਛਮੀ ਡਿਵੀਜਨ ਪਾਵਰਕਾਮ ਅੰਮ੍ਰਿਤਸਰ ਆਦਿ ਪਾਵਰਕਾਮ ਅਧਿਕਾਰੀ ਹਾਜਰ ਸਨ।