ਮਨਪ੍ਰੀਤ ਸਿੰਘ ਜੱਸੀ
- ਰੈਡ ਕਰਾਸ ਦੀ ਅਗਵਾਈ ਹੇਠ ਸਮਾਜ ਸੇਵਾ ਦੇ ਕੰਮ ਜਾਰੀ ਰਹਿਣਗੇ: ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 27 ਫਰਵਰੀ 2020 - ਰੈਡ ਕਰਾਸ ਅੰਮ੍ਰਿਤਸਰ ਵੱਲੋਂ ਅੱਜ ਨਾਰੀ ਨਿਕੇਤਨ ਦੀਆਂ 7 ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਪੂਰੇ ਉਤਸ਼ਾਹ ਤੇ ਧਾਰਮਿਕ ਰਸਮਾਂ ਨਾਲ ਕਰਵਾਏ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰਰ ਸਿੰਘ ਢਿਲੋਂ ਉਚੇਚੇ ਤੌਰ 'ਤੇ ਨਵ ਵਿਆਹੀਆਂ ਜੋੜੀਆਂ ਨੂੰ ਅਸ਼ੀਰਵਾਦ ਦੇਣ ਲਈ ਗੁਰਦੁਆਰਾ ਸਾਹਿਬ ਪੁੱਜੇ।
ਇਸ ਤੋਂ ਪਹਿਲਾਂ ਰੈਡ ਕਰਾਸ ਵਿਖੇ ਬਰਾਤਾਂ ਦਾ ਸਵਾਗਤ ਕੀਤਾ ਗਿਆ। ਲੜਕੀਆਂ ਲਈ ਚੁਣੇ ਗਏ ਲੜਕਿਆਂ ਦੀ ਰੈੱਡ ਕਰਾਸ ਵੱਲੋਂ ਪੁਲਿਸ ਤੇ ਪ੍ਰਸ਼ਾਸਨ ਦੀ ਮਦਦ ਨਾਲ ਉਨਾਂ ਦੇ ਚਾਲ-ਚਲਣ, ਆਮਦਨ, ਜਾਇਦਾਦ ਆਦਿ ਦੀ ਜਾਂਚ ਬਕਾਇਦਾ ਤੌਰ ਉਤੇ ਕੀਤੀ ਗਈ। ਇਨਾਂ ਵਿਆਹਾਂ ਲਈ ਰੈਡ ਕਰਾਸ ਵੱਲੋਂ ਪੂਰੇ ਉਤਸ਼ਾਹ ਨਾਲ ਉਸੇ ਤਰਾਂ ਹੀ ਪ੍ਰਬੰਧ ਕੀਤੇ ਗਏ, ਜਿਸ ਤਰਾਂ ਕਿ ਪੰਜਾਬੀ ਵਿਆਹਾਂ ਵਿਚ ਬਰਾਤ ਦੀ ਖਾਤਰਦਾਰੀ ਲਈ ਕੀਤੇ ਜਾਂਦੇ ਹਨ।
ਡਿਪਟੀ ਕਮਿਸ਼ਨਰ ਸ. ਢਿਲੋਂ ਵੱਲੋਂ ਇਸ ਮੌਕੇ ਵਿਆਹ ਵਾਲੀਆਂ ਲੜਕੀਆਂ ਨੂੰ 21-21 ਹਜ਼ਾਰ ਰੁਪਏ ਦੇ ਚੈਕ, ਹਜ਼ਾਰ-ਹਜ਼ਾਰ ਰੁਪਏ ਸ਼ਗਨ, ਸਿਲਾਈ ਮਸ਼ੀਨਾਂ ਤੇ ਹੋਰ ਘਰੇਲੂ ਵਰਤੋਂ ਦਾ ਸਮਾਨ ਤੋਹਫੇ ਵਜੋਂ ਦਿੱਤਾ ਗਿਆ। ਉਨਾਂ ਨੇ ਇਸ ਮੌਕੇ ਲੜਕੀਆਂ ਦਾ ਪੱਲਾ ਫੜਾਉਣ ਦੀ ਰਸਮ ਅਦਾ ਕੀਤੀ ਅਤੇ ਕੰਨਿਆ ਦਾਨ ਕੀਤਾ।
ਉਨਾਂ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਜਿੱਥੇ ਨਵ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ, ਉਥੇ ਪ੍ਰਣ ਕੀਤਾ ਕਿ ਪ੍ਰਸ਼ਾਸਨ ਵੱਲੋਂ ਰੈਡ ਕਰਾਸ ਦੀ ਅਗਵਾਈ ਹੇਠ ਸਮਾਜ ਸੇਵਾ ਦੇ ਇਹ ਕੰਮ ਸ਼ਹਿਰ ਵਾਸੀਆਂ ਦੀ ਸਹਾਇਤਾ ਨਾਲ ਨਿਰੰਤਰ ਜਾਰੀ ਰਹਿਣਗੇ। ਉਨਾਂ ਕਿਹਾ ਕਿ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਦਾਨੀ ਸੱਜਣ ਰੈਡ ਕਰਾਸ ਵੱਲੋਂ ਸ਼ੁਰੂ ਕੀਤੇ ਹਰੇਕ ਕਾਰਜ ਵਿਚ ਦਿਲ ਖੋਲ੍ਹ ਕੇ ਦਾਨ ਦਿੰਦੇ ਹਨ, ਜੋ ਕਿ ਸਮਾਜ ਦੇ ਬਰਾਬਰ ਵਿਕਾਸ ਲਈ ਬੇਹੱਦ ਜ਼ਰੂਰੀ ਹੈ।