-ਸੁਵਿਧਾ ਦੇਣ ਲਈ ਖਰਚੇ 14 ਲੱਖ 25 ਹਜ਼ਾਰ ਰੁਪਏ
ਹਰਿੰਦਰ ਨਿੱਕਾ
ਬਰਨਾਲਾ, 28 ਫਰਵਰੀ, 2020 : ਆਈ. ਓ.ਐਲ ਕੈਮੀਕਲ ਐਂਡ ਫਰਮਾਸਿਉਜੀਕਲ ਲਿਮਟਿਡ ਬਰਨਾਲਾ ਸਿਵਲ ਹਸਪਤਾਲ ਲਈ ਵਰਦਾਨ ਬਣ ਕੇ ਸਾਹਮਣੇ ਆਈ ਹੈ। ਕੰਪਨੀ ਦੇ ਮਾਲਕ ਵਰਿੰਦਰ ਗੁਪਤਾ ਦੁਆਰਾ ਹਸਪਤਾਲ ਦੇ ਅਧਿਕਾਰੀਆਂ ਦੀ ਡਿਮਾਂਡ ‘ਤੇ ਹਸਪਤਾਲ ‘ਚ ਸੁਵਿਧਾਵਾਂ ਪ੍ਰਦਾਨ ਕਰਨ ਲਈ 14 ਲੱਖ ਰੁਪਏ ਤੋਂ ਵਧੇਰੇ ਰਾਸੀ ਖਰਚ ਕੀਤੀ ਹੈ। ਆਰਥਿਤ ਸਹਾਇਤਾ ਵੀ ਗੁੱਪ-ਚੁੱਪ ਢੰਗ ਨਾਲ ਹੀ, ਬਿਨਾਂ ਕਿਸੇ ਪਬਲੀਸਿਟੀ ਦੇ ਹੀ ਦਿੱਤੀ ਗਈ ਹੈ। ਹਸਪਤਾਲ ਦੀ ਓ.ਪੀ.ਡੀ ਅਤੇ ਸਿਵਲ ਸਰਜਨ ਦੇ ਦਫਤਰ ਨੂੰ ਜਾਣ ਵਾਲੇ ਰਸਤਿਆਂ ਵਿਖੇ ਬਰਸਾਤ ਦਾ ਪਾਣੀ ਅਕਸਰ ਹੀ ਖੜ੍ਹਾ ਰਹਿੰਦਾ ਸੀ। ਨਤੀਜ਼ੇ ਦੇ ਤੌਰ ‘ਤੇ ਮਰੀਜ਼ਾਂ ਨੂੰ ਪਾਣੀ ਦੇ ਵਿੱਚੋਂ ਦੀ ਲੰਘਣ ਲਈ ਮਜਬੂਰ ਹੋਣਾ ਪੈਂਦਾ ਸੀ। ਕੰਪਨੀ ਵੱਲੋਂ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਨਿਜ਼ਾਤ ਦਿਵਾਉਣ ਲਈ ਉਕਤ ਦੋਵਾਂ ਹੀ ਰਸਤਿਆਂ ‘ਤੇ ਸੀਮਿੰਟ ਦੀਆਂ ਟਾਇਲਾਂ ਦਾ ਫਰਸ਼ ਲਗਵਾਇਆ ਗਿਆ ਹੈ। ਇਸ ਵਿਕਾਸ ਕੰਮ ‘ਤੇ ਸਾਢੇ 4 ਲੱਖ ਰੁਪਏ ਖਰਚ ਕੀਤਾ ਗਿਆ ਹੈ। ਇਸੇ ਤਰਾਂ ਹੀ ਹਸਪਤਾਲ ਵਿੱਚ ਡਾਈਲਿਸਸ ਲਈ ਕੁੱਲ 4 ਮਸ਼ੀਨਾਂ ਉਪਲੱਭਧ ਸਨ। ਇੱਨ੍ਹਾਂ ਮਸ਼ੀਨਾਂ ਨਾਲ ਮਹੀਨੇ ਭਰ ਚ, ਕੇਵਲ ਦੋ ਕੁ ਸੋ ਮਰੀਜ਼ਾਂ ਦਾ ਹੀ ਡਾਈਲਿਸਸ ਸੰਭਵ ਸੀ, ਜਦੋਂ ਕੇ ਮਰੀਜ਼ਾਂ ਦੀ ਸੰਖਿਆ,ਇਸ ਤੋਂ ਕਿਤੇ ਜਿਆਦਾ ਸੀ।
ਇੱਥੋਂ ਤੱਕ ਕਿ ਡਾਈਲਿਸਸ ਦੇ ਇੰਤਜ਼ਾਰ ਵਿੱਚ ਹੀ ਕਈ ਮਰੀਜ਼ ਆਪਣੀ ਵਾਰੀ ਦੇ ਇੰਤਜ਼ਾਰ ਵਿੱਚ ਹੀ ਦਮ ਤੋੜ ਦਿੰਦੇ ਸਨ। ਮਰੀਜ਼ਾਂ ਦੀ ਸੁਵਿਧਾ ਨੂੰ ਧਿਆਨ ਚ, ਰੱਖਦੇ ਹੋਏ, ਆਈ ਓ ਐਲ ਕੰਪਨੀ ਨੇ ਕਰੀਬ ਸਾਢੇ 6 ਲੱਖ ਰੁਪਏ ਕੀਮਤ ਦੀ ਇੱਕ ਹੋਰ ਡਾਈਲਿਸਸ ਮਸ਼ੀਨ ਹਸਪਤਾਲ ਨੂੰ ਭੇਂਟ ਕਰ ਦਿੱਤੀ। ਹਸਪਤਾਲ ਵਿੱਚ ਬਾਬੇ ਆਦਮ ਵੇਲੇ ਦੀ ਸਰਕਾਰ ਦੁਆਰਾ ਭੇਜੀ ਸੈਲ ਕਾਉਂਟਰ ਮਸ਼ੀਨ ਵੀ ਕਾਫੀ ਖਸ਼ਤਾ ਹਾਲ ਹੋ ਚੁੱਕੀ ਸੀ। ਜਿਸ ‘ਤੇ ਕਰੀਬ ਹਰ ਮਹੀਨੇ ਹੀ ਕਾਫੀ ਰੁਪਏ ਰਿਪੇਅਰ ‘ਤੇ ਖਰਚ ਆਉਂਦਾ ਸੀ। ਕੰਪਨੀ ਨੇ ਕਰੀਬ 3 ਲੱਖ 65 ਹਜ਼ਾਰ ਰੁਪਏ ਦੇ ਮੁੱਲ ਦੀ ਇਹ ਮਸ਼ੀਨ ਵੀ ਹਸਪਤਾਲ ਨੂੰ ਭੇਂਟ ਕਰ ਦਿੱਤੀ। ਸਿਵਲ ਹਸਪਤਾਲ ਦੇ ਐਸ.ਐਮ. ਓ. ਡਾਕਟਰ ਤਪਿੰਦਰਜ਼ੋਤ ਜੋਤੀ ਕੌਸ਼ਲ ਨੇ ਕਿਹਾ ਕਿ ਹਸਪਤਾਲ ਦੀਆਂ ਉਕਤ ਤਿੰਨੋਂ ਸਮੱਸਿਆਵਾਂ ਸੰਬੰਧੀ ਆਈ. ਓ.ਐਲ ਕੈਮੀਕਲ ਐਂਡ ਫਰਮਾਸਿਉਜੀਕਲ ਲਿਮਟਿਡ ਦੇ ਐਚ.ਆਰ ਰਤਨ ਨਾਲ ਗੱਲਬਾਤ ਕੀਤੀ ਗਈ, ਜਿੰਨ੍ਹਾਂ ਨੇ ਕੰਪਨੀ ਦੇ ਮਾਲਿਕ ਵਰਿੰਦਰ ਗੁਪਤਾ ਦੇ ਆਦੇਸ਼ ਤੇ ਹਸਪਤਾਲ ਵਿੱਚ ਹੁਣ ਤੱਕ 14 ਲੱਖ 25 ਹਜ਼ਾਰ ਰੁਪਏ ਖਰਚ ਕੀਤੇ ਹਨ। ਉਨ੍ਹਾਂ ਹਸਪਤਾਲ ਵੱਲੋਂ ਕੰਪਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੋਰ ਸਮਾਜ ਸੇਵੀ ਲੋਕਾਂ ਨੂੰ ਵੀ ਹਸਪਤਾਲ ਦੀ ਆਰਥਿਕ ਮੱਦਦ ਕਰਨ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।