ਅਸ਼ੋਕ ਵਰਮਾ
ਬਠਿੰਡਾ; 28 ਫਰਵਰੀ 2020- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਮੈਂਬਰਾਂ ਅਤੇ ਹਮਦਰਦਾਂ ਵਲੋਂ ਸੰਗਤ ਬਲਾੱਕ ਦੇ ਪਿੰਡਾਂ ਜੱਸੀ ਬਾਗ ਵਾਲੀ ਅਤੇ ਗਹਿਰੀ ਭਾਗੀ ਵਿਖੇ ਮੋਦੀ-ਸ਼ਾਹ ਹੁਕੂਮਤ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਬੀਤੇ ਦਿਨੀਂ ਦਿੱਲੀ ਵਿਖੇ ਫਿਰਕੂ ਤੱਤਾਂ ਵਲੋਂ ਕੀਤੀ ਗਈ ਹਿਰਦੇ ਬੇਧਕ ਹਿੰਸਾ, ਜਿਸ ਵਿੱਚ ਦਰਜਨਾਂ ਲੋਕ ਮਾਰੇ ਜਾ ਚੁੱਕੇ ਹਨ, ਵਿਰੁੱਧ ਕੀਤੇ ਗਏ ਉਕਤ ਰੋਸ ਪ੍ਰਦਰਸ਼ਨਾਂ ਦੀ ਅਗਵਾਈ ਪਾਰਟੀ ਦੀ ਜਿਲ੍ਹਾ ਕਮੇਟੀ ਦੇ ਪ੍ਰਧਾਨ ਸਾਥੀ ਮਿੱਠੂ ਸਿੰਘ ਘੁੱਦਾ ਅਤੇ ਵਿੱਤ ਸਕੱਤਰ ਸਾਥੀ ਪ੍ਰਕਾਸ਼ ਸਿੰਘ ਨੰਦਗੜ੍ਹ ਵੱਲੋਂ ਕੀਤੀ ਗਈ।
ਆਗੂਆਂ ਨੇ ਦੋਸ਼ ਲਾਇਆ ਕਿ ਉਕਤ ਹਿੰਸਾ, ਮੋਦੀ-ਸ਼ਾਹ ਸਰਕਾਰ ਵਲੋਂ ਦੇਸ਼ ਦੀ 1947 ਵਰਗੀ ਵੰਡ ਕਰਵਾ ਕੇ ਘਰੋਗੀ ਜੰਗ ਵਰਗੇ ਹਾਲਾਤ ਪੈਦਾ ਕਰਨ ਦੀ ਸਾਜ਼ਿਸ਼ ਤਹਿਤ, ਆਰ ਐਸ ਐਸ ਦੇ ਇਸ਼ਾਰੇ 'ਤੇ ਬਣਾਏ ਗਏ ਨਾਗਰਿਕਤਾ ਸੋਧ ਕਾਨੂੰਨ-2019 (ਸੀਏਏ), ਕੌਮੀ ਨਾਗਰਿਕਤਾ ਸੂਚੀ (ਐਨਆਰਸੀ) ਅਤੇ ਕੌਮੀ ਜਨਸੰਖਿਆ ਰਜਿਸਟਰ( ਐਨਪੀਆਰ) ਨੂੰ ਰੱਦ ਕਰਨ ਦੀ ਮੰਗ ਲਈ ਦੇਸ਼ ਭਰ ਵਿੱਚ ਚੱਲ ਰਹੇ ਸ਼ਾਂਤੀ ਪੂਰਬਕ ਆਵਾਮੀ ਸੰਗਰਾਮ ਨੂੰ ਸਾਬੋਤਾਜ ਕਰਨ ਲਈ ਕੇਂਦਰੀ ਸਰਕਾਰ ਦੀ ਸ਼ਹਿ 'ਤੇ ਅਰਾਜਕਤਾਵਾਦੀ ਹਿੰਦੂਤਵੀ ਸੰਗਠਨਾਂ ਦੇ ਖਰੂਦੀ ਕਾਰਕੁੰਨਾਂ ਵਲੋਂ ਕੀਤੀ ਗਈ ਹੈ। ਉਨ੍ਹਾਂ ਇਨ੍ਹਾਂ ਰਾਸ਼ਟਰ ਵਿਰੋਧੀ ਫਿਰਕੂ ਅਨਸਰਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ।
ਸਾਥੀ ਘੁੱਦਾ ਅਤੇ ਪ੍ਰਕਾਸ਼ ਨੇ ਕਿਹਾ ਕਿ ਦਿੱਲੀ ਹਿੰਸਾ ਦੌਰਾਨ ਹੋਏ ਨਾ ਪੂਰੇ ਕੀਤੇ ਜਾ ਸਕਣ ਵਾਲੇ ਜਾਨੀ-ਮਾਲੀ ਨੁਕਸਾਨ ਲਈ ਦਿੱਲੀ ਪੁਲਸ ਦੀ ਦੰਗਾਕਾਰੀਆਂ ਨਾਲ ਮਿਲੀਭੁਗਤ, ਜਿਸ ਵਿੱਚ ਦਿੱਲੀ ਉੱਚ ਅਦਾਲਤ ਦੇ ਜਮੀਰਵਾਨ ਜੱਜਾਂ ਨੇ ਵੀ ਸਖ਼ਤ ਟਿੱਪਣੀਆਂ ਕੀਤੀਆਂ ਹਨ, ਵੀ ਜਿੰਮੇਵਾਰ ਹੈ।
ਆਗੂਆਂ ਨੇ ਲੋਕਾਂ ਨੂੰ ਹਰ ਰੰਗ ਦੇ ਫਿਰਕੂਆਂ ਵਲੋਂ ਪੈਦਾ ਕੀਤੀਆਂ ਜਾ ਰਹੀਆਂ ਭੜਕਾਹਟਾਂ ਤੋਂ ਬਚਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਉਹ ਹਿੰਦੂ-ਮੁਸਲਮਾਨ ਭੈਣ- ਭਰਾ ਦੇਸ਼ ਵਾਸੀਆਂ ਦੇ ਡਾਢੇ ਸਤਿਕਾਰ ਦੇ ਹੱਕਦਾਰ ਹਨ ਜਿਨ੍ਹਾਂ ਨੇ ਅਨੇਕਾਂ ਖਤਰੇ ਸਹੇੜਦਿਆਂ, ਇਸ ਖਤਰਨਾਕ ਮਾਹੌਲ ਵਿੱਚ ਵੀ ਭਾਈਚਾਰਕ ਏਕਤਾ ਦੀ ਰਾਖੀ ਅਤੇ ਮਜਬੂਤੀ ਲਈ ਮਿਸਾਲੀ ਜਤਨ ਕੀਤੇ।
ਆਗੂਆਂ ਨੇ ਐਲਾਨ ਕੀਤਾ ਕਿ ਫਿਰਕੂ ਸ਼ਕਤੀਆਂ ਦੀਆਂ ਦੇਸ਼ ਨੂੰ ਫਿਰਕੂ ਅੱਗ ਵਿੱਚ ਝੋਂਕਣ ਦੀਆਂ ਸਾਜ਼ਿਸ਼ਾਂ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ।