ਨਵੀਂ ਦਿੱਲੀ, 28 ਫਰਵਰੀ 2020 - ਦਿੱਲੀ 'ਚ ਹੋਈ ਹਿੰਸਾ ਤੋਂ ਬਾਅਦ ਐੱਸ.ਐੱਨ. ਸ੍ਰੀਵਾਸਤਵ ਦਿੱਲੀ ਦੇ ਨਵੇਂ ਪੁਲਿਸ ਕਮਿਸ਼ਨਰ ਨਿਯੁਕਤ ਕੀਤੇ ਗਏ ਹਨ।
ਦਿੱਲੀ ਦੇ ਸਪੈਸ਼ਲ ਕਮਿਸ਼ਨਰ (ਲਾਅ ਐਂਡ ਆਰਡਰ) ਐੱਸ.ਐੱਨ. ਸ੍ਰੀਵਾਸਤਵ ਨੂੰ ਦਿੱਲੀ ਦਾ ਨਵਾਂ ਪੁਲਿਸ ਕਮਿਸ਼ਨ ਬਣਾਇਆ ਗਿਆ ਹੈ। ਐੱਸ.ਐੱਨ. ਸ੍ਰੀਵਾਸਤਵ ਨੂੰ ਪੁਲਿਸ ਕਮਿਸ਼ਨਰ ਬਣਾਉਣ ਦੀ ਹਰੀ ਝੰਡੀ ਗ੍ਰਹਿ ਮੰਤਰਾਲੇ ਵੱਲੋਂ ਦੇ ਦਿੱਤੀ ਗਈ ਹੈ। ਇਸ ਸਬੰਧੀ ਉੱਪ ਰਾਜਪਾਲ ਅਨਿਲ ਬੈਜਲ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਜਿਸ ਤੋਂ ਬਾਅਦ ਐੱਸ.ਐੱਨ. ਸ੍ਰੀਵਾਸਤਵ ਕੱਲ੍ਹ (ਸ਼ਨੀਵਾਰ) ਨੂੰ ਆਪਣਾ ਚਾਰਜ ਸੰਭਾਲਣਗੇ।
ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੇ ਮੌਜੂਦਾ ਪੁਲਿਸ ਕਮਿਸ਼ਨਰ ਅਮੁੱਲ ਪਟਨਾਇਕ 29 ਫਰਵਰੀ ਨੂੰ ਰਿਟਾਇਰ ਹੋ ਰਹੇ ਹਨ। ਏ.ਜੀ.ਐੱਮ.ਯੂ.ਟੀ 1985 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਐੱਸ.ਐੱਨ. ਸ੍ਰੀਵਾਸਤਵ ਹੁਣ ਤੱਕ ਸੀ.ਆਰ.ਪੀ.ਐੱਫ. (ਟ੍ਰੇਨਿੰਗ) ਜੰਮੂ ਕਸ਼ਮੀਰ 'ਚ ਤੈਨਾਤ ਸਨ। ਦਿੱਲੀ 'ਚ ਹੋ ਰਹੀ ਹਿੰਸਾ ਦੇ ਦੌਰਾਨ ਉਨ੍ਹਾਂ ਨੂੰ ਸੀ.ਆਰ.ਪੀ.ਐੱਫ. ਤੋਂ ਬੁਲਾ ਕੇ ਦਿੱਲੀ ਦਾ ਸਪੈਸ਼ਲ ਕਮਿਸ਼ਨਰ (ਲਾਅ ਐਂਡ ਆਰਡਰ) ਬਣਾਇਆ ਗਿਆ ਹੈ।
ਇਸ ਤੋਂ ਪਹਿਲਾਂ ਵੀ ਉਹ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ 'ਚ ਰਹਿ ਚੁੱਕੇ ਹਨ। ਸਪੈਸ਼ਲ ਸੈੱਲ 'ਚ ਰਹਿੰਦੇ ਹੋਏ ਉਨ੍ਹਾਂ ਨੇ ਦਿੱਲੀ 'ਚ ਆਈ.ਪੀ.ਐੱਲ. ਮੈਚ 'ਚ ਹੋਈ ਫਿਕਸਿੰਗ ਦਾ ਵੀ ਖੁਲਾਸਾ ਕੀਤਾ ਸੀ। ਉਸ ਵੇਲੇ ਉਹ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ 'ਚ ਵਿਸ਼ੇਸ਼ ਪੁਲਿਸ ਕਮਿਸ਼ਨਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ।