ਹਰੀਸ਼ ਕਾਲੜਾ
ਰੂਪਨਗਰ, 28 ਫਰਵਰੀ 2020 - ਸ਼ਹਿਰ ਦੇ ਅਕਾਲੀ ਅਤੇ ਭਾਜਪਾ ਆਗੂਆਂ ਵੱਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ 'ਤੇ ਭੜਕਾਊ ਭਾਸ਼ਨ ਦੇਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕਾਰਵਾਈ ਦੀ ਮੰਗ ਕੀਤੀ ਹੈ। ਅੱਜ ਐਸ.ਡੀ.ਐਮ. ਰੂਪਨਗਰ ਹਰਜੋਤ ਕੌਰ ਨੂੰ ਇੱਕ ਮੰਗ ਪੱਤਰ ਦੇ ਕੇ ਇਨ੍ਹਾਂ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਅਮਨ ਅਰੋੜਾ ਨੇ ਗਊਆਂ ਨੂੰ ਸਲਾਟਰ ਹਾਊਸ ਭੇਜਣ ਦੀ ਮੰਗ ਕਰਕੇ ਪੰਜਾਬ ਵਿੱਚ ਸ਼ਾਂਤ ਬੈਠੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ।
ਇਸ ਮੌਕੇ ਅਕਾਲੀ ਆਗੂ ਅਤੇ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪਹਿਲਾਂ ਦਿੱਲੀ ਵਿੱਚ ਸਾਜਿਸ਼ ਕਰਕੇ ਲੋਕਾਂ ਵਿੱਚ ਦੰਗੇ ਕਰਵਾਏ ਹਨ ਹੁਣ ਉਹ ਪੰਜਾਬ ਵਿੱਚ ਅਮਨ ਸ਼ਾਂਤੀ ਭੰਗ ਕਰਕੇ ਆਪਣੀਆਂ ਰੋਟੀਆਂ ਸੇਕਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਦਿੱਲੀ ਵਿੱਚ ਇਸ ਪਾਰਟੀ ਦੇ ਆਗੂਆਂ ਦੇ ਘਰੋਂ ਦੰਗਿਆਂ ਸਬੰਧੀ ਹਥਿਆਰ ਤੇ ਸਾਮਾਨ ਬਰਾਮਦ ਹੋਣਾ ਇਸ ਸਬੰਧੀ ਤਾਜ਼ਾ ਮਿਸਾਲ ਹੈ।
ਉਹਨਾਂ ਕਿਹਾ ਕਿ ਦਿੱਲੀ ਦੇ ਆਗੂ ਤਾਰਿਕ ਹੁਸੈਨ ਵਾਂਗ ਅਮਨ ਅਰੋੜਾ 'ਤੇ ਵੀ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਰਾਜੇਸ਼ਵਰ ਜੈਨ, ਐਡਵੋਕੇਟ ਰਮਿਤ ਕੇਹਰ, ਸ਼ਕਤੀ ਤ੍ਰਿਪਾਠੀ, ਵੇਦ ਪ੍ਰਕਾਸ਼, ਹਰਿਮੰਦਰ ਪਾਲ ਵਾਲੀਆ ਅਕਾਲੀ ਆਗੂ ਕਰਨੈਲ ਸਿੰਘ ਤੰਬੜ, ਮਨਜਿੰਦਰ ਸਿੰਘ ਧਨੋਆ, ਰਣਜੀਤ ਸਿੰਘ ਰਾਣਾ ਐਡਵੋਕੇਟ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ।