ਜੀ ਐਸ ਪੰਨੂ
- ਬੋਰਡ ਪ੍ਰੀਖਿਆ ਲਈ ਕੁਲ 67813 ਪ੍ਰੀਖਿਆਰਥੀ ਬੈਠਣਗੇ
ਪਟਿਆਲਾ, 28 ਫਰਵਰੀ 2020 - ਮਾਰਚ 2020 ਮਹੀਨੇ ਵਿਚ ਸ਼ੁਰੂ ਹੋਣ ਜਾ ਰਹੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੀਆਂ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਦੀ ਤਿਆਰੀਆਂ ਤਹਿਤ ਜਿਲ੍ਹਾ ਪਟਿਆਲਾ ਅਧੀਨ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸਮੁੱਚੇ ਕੇਂਦਰ ਕੰਟਰੋਲਰਾਂ ਨੂੰ ਮੁੱਖ ਦਫਤਰ ਵਲੋਂ ਜਾਰੀ ਹਦਾਇਤਾਂ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਕੁਲਭੂਸ਼ਨ ਸਿੰਘ ਬਾਜਵਾ ਵਲੋਂ ਜਾਣੂ ਕਰਵਾ ਦਿੱਤਾ ਗਿਆ ਹੈ।
ਦਫਤਰ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿਚ ਅੱਠਵੀਂ ਦੇ 21410 ਵਿਦਿਆਰਥੀਆਂ ਲਈ 141, ਦਸਵੀਂ ਦੇ 25252 ਵਿਦਿਆਰਥੀਆਂ ਲਈ 132, ਬਾਰਵੀਂ ਦੇ 21151 ਵਿਦਿਆਰਥੀਆਂ ਲਈ 108 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਨ੍ਹਾਂ ਕੁੱਲ 67813 ਵਿਦਿਆਰਥੀਆਂ ਵਿਚੋਂ ਰੈਗੂਲਰ ਵਿਦਿਆਰਥੀ 61880 ਅਤੇ ਓਪਨ ਦੇ 5933 ਵਿਦਿਆਰਥੀ ਪ੍ਰੀਖਿਆ ਲਈ ਬੈਠਣਗੇ ।ਕੁਲਭੂਸ਼ਨ ਸਿੰਘ ਬਾਜਵਾ ਨੇ ਸਮੂਹ ਕੇਂਦਰ ਕੰਟਰੋਲਰਾਂ ਨੂੰ ਨਕਲ ਰਹਿਤ ਪ੍ਰੀਖਿਆਵਾਂ ਨੇਪਰੇ ਚਾੜ੍ਹਨ ਦੀ ਸਖਤ ਹਦਾਇਤ ਕੀਤੀ।
ਉਨ੍ਹਾਂ ਪ੍ਰੀਖਿਆਰਥੀਆਂ ਨੂੰ ਵੀ ਸਲਾਹ ਦਿੰਦੇ ਕਿਹਾ ਕਿ ਪ੍ਰੀਖਿਆਵਾਂ ਦੀ ਪੂਰਨ ਤਿਆਰੀ ਕੀਤੀ ਜਾਵੇ ਅਤੇ ਪ੍ਰੀਖਿਆਵਾਂ ਬਿਨ੍ਹਾਂ ਮਾਨਸਿਕ ਦਬਾਅ ਦੇ ਦਿੱਤੀਆਂ ਜਾਣ ਅਤੇ ਪ੍ਰੀਖਿਆ ਕੇਂਦਰ ‘ਤੇ ਸਮੇਂ ਤੋਂ ਪਹਿਲਾਂ ਪਹੁੰਚਣਾ ਯਕੀਨੀ ਬਣਾਇਆ ਜਾਵੇ । ਉਨ੍ਹਾਂ ਕਿਹਾ ਕਿ ਇਸ ਵਾਰ ਜਿਲ੍ਹਾ ਪਟਿਆਲਾ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਵਾਧੂ ਪੀਰੀਅਡ ਲਗਾ ਕੇ ਵਿਦਿਆਰਥੀਆਂ ਨੂੰ ਤਿਆਰੀ ਕਰਵਾਈ ਹੈ । ਉਨ੍ਹਾਂ ਆਸ ਪ੍ਰਗਟਾਈ ਕਿ ਜਿਲ੍ਹਾ ਪਟਿਆਲਾ ਦਾ ਇਸ ਵਾਰ ਨਤੀਜਾ ਸੌ ਫੀਸਦੀ ਦੇ ਲਗਭਗ ਆਵੇਗਾ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਚੰਗੀਆਂ ਪੁਜੀਸ਼ਨਾਂ ਪ੍ਰਾਪਤ ਕਰਨਗੇ । ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਮਨਜੀਤ ਸਿੰਘ ਅਤੇ ਸੁਖਵਿੰਦਰ ਕੁਮਾਰ ਖੋਸਲਾ ਹਾਜ਼ਰ ਸਨ।