ਜ਼ਿਲ੍ਹੇ ਦੀਆਂ ਮੰਡੀਆਂ ਦੇ ਖਰੀਦ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਦੀ ਮੀਟਿੰਗ ਲੈਂਦੇ ਹੋਏ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਅਰਵਿੰਦ ਪਾਲ ਸਿੰਘ ਸੰਧੂ । ਤਸਵੀਰ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਫਾਜ਼ਿਲਕਾ, 28 ਫਰਵਰੀ:
ਅਗਾਮੀ ਕਣਕ ਦੇ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਜ਼ਿਲ੍ਹੇ ਦੀਆਂ ਮੰਡੀਆਂ ਅੰਦਰ ਚਲ ਰਹੇ ਕਾਰਜ਼ਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰ. ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ਼ ਦੇ ਮੀਟਿੰਗ ਹਾਲ ਵਿਖੇ ਮੰਡੀ ਬੋਰਡ ਅਤੇ ਖਰੀਦ ਪ੍ਰਬੰਧਾਂ ਨਾਲ ਸਬੰਧਤ ਸਮੂਹ ਵਿਭਾਗੀ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ. ਸੰਧੂ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਤੋਂ ਜ਼ਿਲ੍ਹੇ ਅੰਦਰ ਖਰੀਦ ਪ੍ਰਬੰਧਾਂ ਦੌਰਾਨ ਆਉਣ ਵਾਲੀਆਂ ਦਰਪੇਸ਼ ਸਮੱਸਿਆਵਾਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ।
ਸ. ਸੰਧੂ ਨੇ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਕਿ ਅਗਾਮੀ ਕਣਕ ਦੇ ਖਰੀਦ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾ ਮੰਡੀਆਂ ਦੀ ਸਾਰੀ ਸਥਿਤੀ ਦਾ ਆਪਣੇ ਪੱਧਰ ’ਤੇ ਜਾਇਜ਼ਾ ਲੈ ਕੇ ਰਹਿੰਦੀਆਂ ਕਮੀਆਂ ਨੂੰ ਸਮੇਂ ਨਾਲ ਦੂਰ ਕਰਨਾ ਯਕੀਨੀ ਬਣਾ ਲਿਆ ਜਾਵੇ, ਤਾਂ ਜੋ ਸ਼ੀਜ਼ਨ ਦਰਮਿਆਨ ਕਣਕ ਦੀ ਖਰੀਦ ਵੇਲੇ ਕੋਈ ਸਮੱਸਿਆਵ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਪਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਸਮੁੱਚੀਆਂ ਮੰਡੀਆਂ ਦੀ ਸਫ਼ਾਈ, ਪਾਣੀ, ਬਿਜਲੀ, ਸੜਕਾਂ ਅਤੇ ਕੱਚੀਆਂ ਮੰਡੀਆਂ ਨੂੰ ਪੱਕਾ ਕਰਨ ਆਦਿ ਦੇ ਚਲ ਰਹੇ ਕੰਮਾਂ ਅੰਦਰ ਤੇਜ਼ੀ ਲਿਆਉਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਮੰਡੀਆਂ ਦੇ ਨੇੜੇ ਅਤੇ ਬਾਹਰ ਬਣਨ ਵਾਲੀਆਂ ਸੜਕਾਂ ਦੇ ਕਾਰਜ਼ਾਂ ਨੂੰ ਵਿਸ਼ੇਸ਼ ਤੌਰ ਤੇ ਤਵੱਜੋ ਦੇ ਕੇ ਨੇਪਰੇ ਚੜਾਇਆ ਜਾਵੇ, ਤਾਂ ਜੋ ਮੰਡੀਆਂ ਅੰਦਰ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਪਰੇਸ਼ਾਨੀ ਨਾ ਆਵੇ।
ਇਸ ਮੌਕੇ ਐਸ.ਡੀ.ਐਮ ਜਲਾਲਾਬਾਦ ਕੇਸ਼ਵ ਗੋਇਲ, ਐਸ.ਡੀ.ਐਮ ਅਬੋਹਰ ਵਿਨੋਦ ਬਾਂਸਲ, ਸਕੱਤਰ ਮਾਰਕੀਟ ਕਮੇਟੀ ਜਗਰੂਪ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਸਲੋਦ ਬਿਸ਼ਨੋਈ, ਕਾਰਜਸਾਧਕ ਅਫ਼ਸਰ ਫਾਜ਼ਿਲਕਾ ਰਜਨੀਸ ਕੁਮਾਰ, ਜ਼ਿਲ੍ਹਾ ਫੂਡ ਕੰਟਰੋਲਰ ਅਫਸਰ ਰਾਜ ਸ਼੍ਰੀ ਮਹਿਰਾ, ਡੀ.ਐਮ ਮਾਰਕਫੈਡ ਸਚਿਨ ਅਰੋੜਾ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਮੋਜੂਦ ਸਨ।