ਅਸ਼ੋਕ ਵਰਮਾ
ਬਠਿੰਡਾ, 28 ਫਰਵਰੀ 2020 - ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਆਪਣੀ ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ। ਜਿਸ ਦੀ ਕਈਆਂ ਨੇ ਆਲੋਚਨਾ ਅਤੇ ਕਈਆਂ ਦੇ ਵਿਚਾਰ ਕਾਂਗਰਸ ਦੇ ਹੱਕ ’ਚ ਹਨ।
ਬਜਟ ਤਜਵੀਜਾਂ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਕੇਕੇ ਅਗਰਵਾਲ ਨੇ ਇਸ ਦਸਤਾਵੇਜ ਨੂੰ ਇਤਿਹਾਸਕ ਕਰਾਰ ਦਿੰਦਿਆਂ ਵਿੱਤ ਮੰਤਰੀ ਦੀ ਸ਼ਲਾਘਾ ਕੀਤੀ ਹੈ। ਉਨਾਂ ਆਖਿਆ ਕਿ ਵਿੱਛ ਮੰਤਰੀ ਨੇ ਮੁਲਾਜਮਾਂ ਮਜਦੂਰਾਂ ਸਮੇਤ ਹਰ ਵਰਗ ਦਾ ਖਿਆਲ ਰੱਖਿਆ ਹੈ। ਉਨਾਂ ਆਖਿਆ ਕਿ ਵਿੱਤ ਮੰਤਰੀ ਇਸ ਦਸਾਵੇਜ਼ ਲਈ ਵਧਾਈ ਦੇ ਪਾਤਰ ਹਨ।
ਸਿਹਤ ਵਿਗਿਆਨ ਦੇ ਲੇਖਕ ਅਤੇ ਜਮਹੂਰੀ ਅਧਿਕਾਰ ਸਭਾ ਦੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਪੰਜਾਬ ਵਿਧਾਨ ਸਭਾ ਚ ਅੱਜ ਪੇਸ਼ ਹੋਇਆ ਬਜਟ ਦਿਸ਼ਾਹੀਣ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਜਟ 'ਚ ਸਿੱਖਿਆ ਅਤੇ ਸਿਹਤ ਦੇ ਖੇਤਰ ਨੂੰ ਅਣਗੌਲੇ ਕੀਤਾ ਗਿਆ ਹੈ। ਸਿੱਖਿਆ ਦੇ ਕਿੱਤੇ ਵਿੱਚ ਕੋਈ ਸਕੂਲ ਜਾਂ ਕਾਲਜ ਖੁੱਲ੍ਹਣ ਅਤੇ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਰੈਗੂਲਰ ਕਰਨ ਅਤੇ ਉਨਾਂ ਨੂੰ ਪੂਰੀ ਤਨਖਾਹ ਤੇ ਨੌਕਰੀ ਦੇਣ ਸਬੰਧੀ ਕਵੀ ਬਜਟ ਚੁੱਪ ਹੈ। ਇਸੇ ਤਰਾਂ ਹੀ ਸਰਕਾਰੀ ਹਸਪਤਾਲਾਂ ਦੀ ਮੰਦੀ ਹਾਲਤ ਨੂੰ ਸੁਧਾਰਨ ਅਤੇ ਜਿੱਥੇ ਖਾਲੀ ਅਸਾਮੀਆਂ ਹਨ ਉਨਾਂ ਨੂੰ ਭਰਨ ਲਈ ਕੋਈ ਸਕੀਮ ਨਹੀਂ ਦੱਸੀ ਗਈ। ਮੁਲਾਜਮਾਂ ਨੂੰ ਉਨ੍ਹਾਂ ਦੀਆਂ ਡੀਏ ਤੇ 6ਵੇਂ ਪੇ ਕਮਿਸ਼ਨ ਨੂੰ ਲਾਗੂ ਕਰਨ ਸਬੰਧੀ ਕੋਈ ਠੋਸ ਜੁਆਬ ਨਹੀਂ ਹੈ।
ਖੱਬੇ ਪੱਖੀ ਨੇਤਾ ਕਾਮਰੇਡ ਮਾਹੀਪਾਲ ਨੇ ਆਖਿਆ ਹੈ ਕਿ ਬਜਟ ‘ਚ ਵਿੱਤ ਮੰਤਰੀ ਨੇ ਪੂਰੀ ਤਰਾਂ ਅੰਕੜਿਆਂ ਦੀ ਜਾਦੂਗਰੀ ਦਿਖਾਈ ਹੈ ਅਤੇ ਇਸ ਵਿੱਚ ਆਮ ਆਦਮੀ ਲਈ ਕੁਝ ਵੀ ਨਹੀਂ ਹੈ। ਉਨ੍ਹਾਂ ਆਖਿਆ ਕਿ ਬਜਟ ਤਜਵੀਜਾਂ ‘ਚ ਕੋਈ ਨਵਾਂ ਟੈਕਸ ਨਾਂ ਲਾ ਕੇ ਆਪਣੀ ਸਰਕਾਰ ਦਾ ਲੋਕਾਂ ਪ੍ਰਤੀ ਉਦਾਰ ਚਿਹਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਸਰਕਾਰ ਪਹਿਲਾਂ ਵੀ ਪਿਛਲੇ ਦਰਵਾਜੇ ਰਾਹੀਂ ਲੋਕਾਂ ਦੀਆਂ ਜੇਬਾਂ ਤੇ ਭਾਰ ਪਾ ਦਿੰਦੀ ਹੈ। ਉਨਾਂ ਕਿਹਾ ਕਿ ਵਿੱਤ ਮੰਤਰੀ ਨੇ ਪੈਨਸ਼ਨ ਵਾਸਤੇ ਰਾਸ਼ੀ ’ਚ ਵਾਧੇ ਦਾ ਐਲਾਨ ਕਰਕੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਸਮਾਜ ਪ੍ਰਤੀ ਕਿੰਨੇ ਫਿਕਰਮੰਦ ਹਨ ਜਦੋਂ ਕਿ ਹਜਾਰਾਂ ਲਾਭਪਾਤਰੀ ਦਫਤਰਾਂ ‘ਚ ਧੱਕੇ ਖਾਂਦੇ ਆ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਵਿੱਤ ਮੰਤਰੀ ਵੱਲੋਂ ਪੇਸ਼ ਬੱਜਟ ਨੂੰ ਖੇਤੀ ਖੇਤਰ ਲਈ ਪੂਰੀ ਤਰਾਂ ਮਾਰੂ ਕਰਾਰ ਦਿੰਦਿਆਂ ਕਿਹਾ ਕਿ ਇਸ ਤੋਂ ਵੱਡਾ ਮਜਾਕ ਕੀ ਹੋ ਸਕਦਾ ਹੈ ਕਿ ਸਮੁੱਚੀ ਕਰਜਾ ਮੁਆਫੀ ਦੇ ਵਾਅਦੇ ਨੂੰ ਅਣਗੌਲਿਆ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਇਸ ਬੱਜਟ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ ਜੋ ਖੇਤੀ ਉਤਪਾਦਕਤਾ ਨੂੰ ਸੁਰਜੀਤ ਕਰਨ ਵਾਲਾ ਹੋਵੇ। ਕਿਸਾਨ ਆਗੂ ਨੇ ਆਖਿਆ ਕਿ ਜਿਨਸਾਂ ਦੀ ਖਰੀਦ ਬੰਦ ਕਰਨ ਦੀਆਂ ਰਿਪੋਰਟਾਂ ਦਰਮਿਆਨ ਵਿੱਤ ਮੰਤਰੀ ਭਰੋਸਾ ਦੇਣ ’ਚ ਫੇਲ ਰਹੇ ਹਨ। ਉਨਾਂ ਕਿਹਾ ਕਿ ਬਜਟ ਰਾਹੀਂ ਮਗਰਮੱਛ ਦੇ ਹੰਝੂ ਵਹਾਏ ਵਹਾਏ ਗਏ ਹਨ ਇਸ ਲਈ ਹਕੂਮਤ ਤੋਂ ਭਲੇ ਦੀ ਆਸ ਛੱਡਕੇ ਲੋਕਾਂ ਨੂੰ ਜੱਥੇਬੰਦ ਹੋਣਾ ਪਵੇਗਾ।
ਖੁਦਕਸ਼ੀ ਪੀੜਤ ਪ੍ਰੀਵਾਰਾਂ ਦੀ ਭਲਾਈ ਲਈ ਕੰਮ ਕਰ ਰਹੀ ਖੁਦਕਸ਼ੀ ਪੀੜਤ ਪ੍ਰੀਵਾਰ ਕਮੇਟੀ ਦੀ ਆਗੂ ਕਿਰਨਜੀਤ ਕੌਰ ਝੁਨੀਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਖੁਦਕਸ਼ੀ ਪੀੜਤ ਪ੍ਰੀਵਾਰਾਂ ਦਾ ਸਮੁੱਚਾ ਕਰਜਾ ਮੁਆਫ ਕਰਨ ਅਤੇ ਉਨਾਂ ਦੇ ਮੁੜ ਵਸੇਬੇ ਦਾ ਵਾਅਦਾ ਕੀਤਾ ਸੀ ਪਰ ਵਿੱਤ ਮੰਤਰੀ ਦੇ ਬਜਟ ’ਚ ਅੱਜ ਇਹ ਸਭ ਗਾਇਬ ਹੈ। ਉਨਾਂ ਕਿਹਾ ਕਿ ਧਨਾਢ ਘਰਾਣਿਆਂ ਪ੍ਰਤੀ ਸਾਰੀਆਂ ਹੀ ਸਰਕਾਰਾਂ ਦਾ ਰਵਈਆ ਨਰਮ ਰਹਿੰਦਾ ਹੈ ਜਦੋਂਕਿ ਦੇਸ਼ ਦੇ ਅੰਨਦਾਤੇ ਨੂੰ ਸਰਕਾਰ ਨੇ ਵਿਸਾਰ ਦਿੱਤਾ ਹੈ। ਉਨਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਬਾਂਹ ਨਾਂ ਫੜ ਕੇ ਉਨਾਂ ਨੂੰ ਖੁਦਕਸ਼ੀਆਂ ਲਈ ਮਜਬੂਰ ਕਰ ਰਹੀ ਹੈ। ਉਨਾਂ ਅੱਜ ਦੇ ਬਜਟ ਦਸਤਾਵੇਜ਼ ਨੂੰ ਜੁਮਲੇਬਾਜੀ ਤੇ ਕਿਸਾਨਾਂ ਨਾਂਲ ਕੋਝਾ ਮਜਾਕ ਦੱਸਿਆ ਹੈ।
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਖੇਤ ਮਜ਼ਦੂਰਾਂ ਸਿਰ ਚੜਿਆ 520 ਕਰੋੜ ਦਾ ਸਰਕਾਰੀ ਕਰਜ਼ਾ ਮੁਆਫ਼ ਦੇ ਐਲਾਨ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਮਜ਼ਦੂਰਾਂ ਦੇ ਸੰਘਰਸ਼ ਦੀ ਮੁਢਲੀ ਜਿੱਤ ਕਰਾਰ ਦਿੰਦਿਆਂ ਇਸਨੂੰ ਉੱਠ ਤੋਂ ਛਾਨਣੀ ਲਾਹਕੇ ਭਾਰ ਹੌਲਾ ਕਰਨ ਵਾਲੀ ਕਾਰਵਾਈ ਕਰਾਰ ਦਿੱਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਬਿਆਨ ਰਾਹੀਂ ਆਖਿਆ ਕਿ ਖੇਤ ਮਜ਼ਦੂਰਾਂ ਸਿਰ ਲੱਗਭੱਗ 6000 ਕਰੋੜ ਕਰਜ਼ਾ ਹੈ ਇਸ ਲਈ ਸਰਕਾਰ ਨੂੰ ਆਪਣੇ ਵਾਅਦੇ ਮੁਤਾਬਕ ਮਜ਼ਦੂਰਾਂ ਦਾ ਸਮੱੁਚਾ ਕਰਜ਼ਾ ਮੁਆਫ਼ ਕਰਨਾ ਚਾਹੀਦਾ ਹੈ। ਕਰਜ਼ਾ ਪੀੜਤ ਪਰਿਵਾਰਾਂ ਸਿਰ ਪ੍ਰਤੀ ਪਰਿਵਾਰ 91437 ਰੁਪਏ ਦਾ ਕਰਜ਼ਾ ਹੈ ਜਿਹੜਾ ਕਿ ਮੁੱਖ ਤੌਰ ’ਤੇ ਗੈਰ ਸਰਕਾਰੀ ਸਰੋਤਾਂ ਤੋਂ ਲਿਆ ਹੋਇਆ ਮਜ਼ਦੂਰ ਆਗੂਆਂ ਨੇ ਕਿਹਾ ਕਿ ਇਸ ਸਾਰਾ ਕਰਜ਼ਾ ਸਰਕਾਰੀ ਬੈਂਕਾਂ ਤੇ ਸਹਿਕਾਰੀ ਬੈਂਕਾਂ ਦਾ ਹੈ ਪਰ ਸਹਿਕਾਰੀ ਕਰਜ਼ੇ ਵਿੱਚੋਂ ਕਾਫ਼ੀ ਹਿੱਸਾ ਕਰਜ਼ਾ ਮਜ਼ਦੂਰਾਂ ਦੇ ਨਾਂਅ ਉੱਤੇ ਪਿੰਡਾਂ ਦੇ ਚੌਧਰੀਆਂ ਨੇ ਹੀ ਲਿਆ ਹੋਇਆ ਹੈ ਇਸ ਲਈ ਖੇਤ ਮਜ਼ਦੂਰਾਂ ਨੂੰ ਇਸਦਾ ਬਹੁਤਾ ਲਾਭ ਨਹੀਂ ਮਿਲੇਗਾ।