ਲੋਕੇਸ਼ ਰਿਸ਼ੀ
ਗੁਰਦਾਸਪੁਰ, 28 ਫਰਵਰੀ 2020 - ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਪਰਤਣ ਵਾਲੇ ਸ਼ਰਧਾਲੂਆਂ ਕੋਲੋਂ ਇੰਟੈਲੀਜੈਂਸ ਬਿਉਰੋ ਅਤੇ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਪੁੱਛ ਗਿੱਛ ਅਤਿ ਨਿੰਦਣਯੋਗ ਹੈ ਅਤੇ ਇਸ ਮੁੱਦੇ ਨੂੰ ਲੈ ਕੇ ਸੰਸਦ ਅੰਦਰ ਅਵਾਜ਼ ਬੁਲੰਦ ਕੀਤੀ ਜਾਵੇਗੀ। ਇਹ ਸ਼ਬਦ ਲੋਕ-ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਉਸ ਵੇਲੇ ਕਹੇ। ਜਦੋਂ ਉਹ ਬਟਾਲਾ ਵਿਖੇ ਚੱਲ ਰਹੀ 11ਵੀਂ ਕੌਮੀ ਪਸ਼ੂ-ਧਨ ਚੈਂਪੀਅਨਸ਼ਿਪ ਅਤੇ ਐਗਰੀ ਐਕਸਪੋ 2020 ਦੇ ਦੂਸਰੇ ਦਿਨ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨ ਪਹੁੰਚੇ। ਇਸ ਦੌਰਾਨ ਔਜਲਾ ਨੇ ਮੇਲੇ 'ਚ ਆਪਣੇ ਪਸ਼ੂਆਂ ਸਮੇਤ ਭਾਗ ਲੈਣ ਪਹੁੰਚੇ ਪਸ਼ੂ-ਪਾਲਕ ਨਾਲ ਮੁਲਾਕਾਤ ਕਰਦਿਆਂ ਨਾ ਸਿਰਫ਼਼ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਬਲਕਿ ਔਜਲਾ ਨੇ ਕਿਹਾ ਕਿ ਬਟਾਲਾ ਵਿਖੇ ਚੱਲ ਰਹੇ ਇਸ ਪਸ਼ੂ-ਧਨ ਮੇਲੇ ਦਾ ਮੁੱਖ ਮਕਸਦ ਮਾਝੇ ਦੇ ਲੋਕਾਂ ਨੂੰ ਚੰਗੀਆਂ ਨਸਲਾਂ ਦੇ ਪਸ਼ੂ ਪਾਲਣ ਵੱਲ ਉਤਸ਼ਾਹਿਤ ਕਰਨਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਔਜਲਾ ਨੇ ਕਿਹਾ ਹੈ ਕਿ ਬੀਤੇ ਦਿਨੀਂ ਕਰਤਾਰਪੁਰ ਸਾਹਿਬ ਦੀ ਯਾਤਰਾ ਕਰ ਕੇ ਵਾਪਸ ਆਏ ਸ਼ਰਧਾਲੂਆਂ ਕੋਲੋਂ ਆਈ.ਬੀ ਦੇ ਕਹਿਣ ਤੇ ਪੰਜਾਬ ਪੁਲਿਸ ਵੱਲੋਂ ਪੁੱਛ ਗਿੱਛ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਉਹ ਇਸ ਦੀ ਪੁਰਜ਼ੋਰ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਨਾਲ ਨਾਨਕ ਨਾਮ ਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਸ਼ਰਧਾਲੂ ਉੱਥੇ ਸਿਰਫ਼ ਆਪਣੇ ਦਹਾਕਿਆਂ ਤੋਂ ਵਿੱਛੜੇ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿਰਫ 6 ਘੰਟਿਆਂ 'ਚ ਕੁੱਝ ਨਹੀਂ ਹੁੰਦਾ ਅਤੇ ਜਦੋਂ ਕਰਤਾਰਪੁਰ ਸਾਹਿਬ ਜਾਣ ਦੇ ਚਾਹਵਾਨਾਂ ਨੂੰ ਇਜਾਜ਼ਤ ਦੇਣ ਤੋਂ ਪਹਿਲਾਂ ਹੀ ਵੈਰੀਫਿਕੇਸ਼ਨ ਦੇ ਨਾਮ ਤੇ ਉਨ੍ਹਾਂ ਦੀ ਪੂਰੀ ਜਾਂਚ ਪੜਤਾਲ ਕਰ ਲਈ ਜਾਂਦੀ ਹੈ। ਤਾਂ ਬਾਅਦ ਵਿੱਚ ਪੁੱਛ ਗਿੱਛ ਜਾਂ ਕੋਈ ਜਾਂਚ ਕਰਨਾ ਬਿਲਕੁਲ ਗ਼ਲਤ ਹੈ।
ਉਨ੍ਹਾਂ ਕਿਹਾ ਕਿ ਕਰਤਾਰਪੁਰ ਸ਼ਰਧਾਲੂਆਂ ਕੋਲੋਂ ਪੁੱਛ ਗਿੱਛ ਕੀਤੇ ਜਾਣ ਸਬੰਧੀ ਪੰਜਾਬ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਹੈ। ਬਲਕਿ ਇਹ ਤਾਂ ਕੇਂਦਰ ਅਧੀਨ ਆਉਂਦੀ ਸੁਰੱਖਿਆ ਏਜੰਸੀ ਇੰਟੈਲੀਜੈਂਸ ਬਿਉਰੋ ਵੱਲੋਂ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਔਜਲਾ ਨੇ ਕਿਹਾ ਕਿ ਕਿਉਂ ਕਿ ਕਰਤਾਰਪੁਰ ਸਾਹਿਬ ਦਾ ਮਸਲਾ ਇੱਕ ਵਿਸ਼ੇਸ਼ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਪੰਜਾਬ ਸਰਕਾਰ ਸ਼ਰਧਾਲੂਆਂ ਦੇ ਵਾਪਸ ਆਉਣ ਤੋਂ ਬਾਅਦ ਪੁੱਛਗਿੱਛ ਕੀਤੇ ਜਾਣ ਸਬੰਧੀ ਕਿਸੇ ਵੀ ਰੂਪ ਵਿੱਚ ਸਹਿਮਤ ਨਹੀਂ ਹੈ। ਅਖੀਰ ਵਿੱਚ ਔਜਲਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਮੁੱਦੇ ਨੂੰ ਦੇਸ਼ ਦੀ ਸੰਸਦ ਅੰਦਰ ਪ੍ਰਭਾਵੀ ਢੰਗ ਨਾਲ ਚੁੱਕਿਆ ਜਾਵੇਗਾ।