ਅਸ਼ੋਕ ਵਰਮਾ
ਬਠਿੰਡਾ, 28 ਫਰਵਰੀ 2020 - ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਰਜਿੰਦਰਾ ਕਾਲਜ , ਬਠਿੰਡਾਵਿਖੇ ਦਿੱਲੀ ਵਿੱਚ ਨਾਗਰਿਕਤਾ ਸੋਧ ਕਾਨੂੰਨ,ਕੌਮੀ ਨਾਗਰਿਕਤਾ ਰਜਿਸਟਰ,ਕੌਮੀ ਆਬਾਦੀ ਰਜਿਸਟਰ ਦਾ ਵਿਰੋਧ ਕਰ ਰਹੇ ਲੋਕਾਂ ਦਾ ਗੁੰਡਿਆਂ ਵੱਲੋਂ ਕੀਤੇ ਕਤਲੇਆਮ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਅਤੇ 25 ਮਾਰਚ ਨੂੰ ਲੁਧਿਆਣੇ ਵਿਖੇ ਹੋ ਰਹੇ ਵਿਸ਼ਾਲ ਮਾਰਚ ਵਿੱਚ ਪਹੁੰਚਣ ਦਾ ਸੱਦਾ ਦਿੱਤਾ।
ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਿਮਰਜੀਤ ਕੌਰ ਨੇ ਦੱਸਿਆ ਕਿ ਦਿੱਲੀ ਵਿੱਚ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਲੋਕਾਂ ਦਾ ਪਿਛਲੇ ਤਿੰਨ ਦਿਨਾਂ ਤੋਂ ਭਾਜਪਾ ਸਰਕਾਰ ਦੇ ਪਾਲੇ ਹੋਏ ਗੁੰਡਿਆਂ ਦੁਆਰਾ ਬੜੀ ਬੇਰਹਿਮੀ ਨਾਲ ਕਤਲੇਆਮ ਕੀਤਾ ਜਾ ਰਿਹਾ ਹੈ। ਦੇਸ਼ ਦਾ ਗੋਦੀ ਮੀਡੀਆ ਇਸ ਨੂੰ ਕਾਨੂੰਨ ਦਾ ਵਿਰੋਧ ਵਾਲੇ ਅਤੇ ਕਾਨੂੰਨ ਦੇ ਪੱਖ ਚ ਖੜ੍ਹਨ ਵਾਲਿਆਂ ਵਿੱਚ ਹੋਈ ਝੜਪ ਵਜੋਂ ਪੇਸ਼ ਕਰ ਰਿਹਾ ਹੈ ਅਤੇ ਭਾਜਪਾ ਦਾ ਆਗੂ ਕਪਿਲ ਮਿਸ਼ਰਾ ਦੀ ਸ਼ਹਿ ਤੇ ਇਹਨਾਂ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਇਸ ਕਰਕੇ ਉਸ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ।ਪਰ ਅਸਲੀਅਤ ਤਾਂ ਇਹ ਹੈ ਕਿ ਇਹ ਸਾਰਾ ਮਾਹੌਲ ਭਾਜਪਾ ਸਰਕਾਰ ਆਪਣੇ ਸਿਆਸੀ ਸੰਘ ਆਰ ਐੱਸ ਐੱਸ ਦੇ ਮਨਸੂਬਿਆਂ ਨੂੰ ਪੂਰਾ ਕਰਨ ਵਾਸਤੇ ਬਣਾ ਰਿਹਾ ਹੈ।ਜਿਸਦਾ ਮਕਸਦ ਦੇਸ਼ ਵਿੱਚੋਂ ਘੱਟ ਗਿਣਤੀਆਂ ਨੂੰ ਖਤਮ ਕਰਕੇ ਸ਼ੁੱਧ ਹਿੰਦੂ ਰਾਸ਼ਟਰ ਦੀ ਸਥਾਪਨਾ ਕਰਨਾ ਹੈ ਅਤੇ ਇਸਦਾ ਪਹਿਲਾ ਨਿਸ਼ਾਨਾ ਮੁਸਲਮਾਨਾਂ ਨੂੰ ਬਣਾਇਆ ਜਾ ਰਿਹਾ ਹੈ ਜਿਸ ਕਰਕੇ ਦਿੱਲੀ ਵਿਚ ਵੀ ਘੱਟ ਗਿਣਤੀ ਮੁਸਲਮਾਨਾਂ ਨੂੰ ਚੁਣ ਚੁਣ ਕੇ ਕਤਲ ਕੀਤਾ ਜਾ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਖਜਾਨਚੀ ਨੇ ਦੱਸਿਆ ਕਿ ਆਰ ਐੱਸ ਐੱਸ ਦਾ ਇਹ ਫਾਸ਼ੀਵਾਦੀ ਇਹ ਹਮਲਾ ਹੌਲੀ ਹੌਲੀ ਸਾਰੀਆਂ ਹੀ ਘੱਟ ਗਿਣਤੀਆਂ ਵੱਲ ਵਧਣਾ ਹੈ ਜਿਸ ਵਿਚ ਦਲਿਤ,ਔਰਤਾਂ, ਆਦਿਵਾਸੀ , ਬੁੱਧੀਜੀਵੀ ਸਾਰੇ ਹੀ ਸ਼ਮਿਲ ਹਨ।ਇਸ ਕਰਕੇ ਨਾਗਰਿਕਤਾ ਵਿੱਚ ਸੋਧ ਕਰਨ ਜਿਹੇ ਕਾਨੂੰਨਾਂ ਦਾ ਆਸਰਾ ਲੈ ਰਹੀ ਹੈ।
ਇਸ ਕਰਕੇ ਅੱਜ ਲੋੜ ਹੈ ਇਸ ਫਾਸ਼ੀ ਹਮਲੇ ਦਾ ਵਿਰੋਧ ਕਰਨ ਲਈ ਵੱਡੀ ਗਿਣਤੀ ਵਿਚ ਲਾਮਬੰਦ ਹੋਣ ਦੀ।
25 ਮਾਰਚ ਨੂੰ ਲੁਧਿਆਣੇ ਵਿਖੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਦੇਸ਼ ਦੀਆਂ ਜਮਹੂਰੀ ਜਥੇਬੰਦੀਆਂ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ,ਉਸ ਵਿੱਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਕਾਲਜ ਕਮੇਟੀ ਆਗੂ ਮਨਦੀਪ ਕੌਰ, ਸੁਖਪ੍ਰੀਤ ਸਿੰਘ, ਲਖਵਿੰਦਰ ਸਿੰਘ,ਗੁਰਬਖਸਿਸ ਸਿੰਘ, ਅਮਨਦੀਪ ਕੌਰ ਆਦਿ ਸ਼ਾਮਿਲ ਸਨ।