- ਕਿਹਾ, ਬਜਟ ਵਿੱਚ ਬਹੁ-ਖੇਤਰੀ ਵਿਕਾਸ ਨੂੰ ਤਵੱਜੋਂ ਦਿੱਤੀ ਗਈ
- ਗੁਰਦਾਸਪੁਰ ਵਿਖੇ ਨਵਾਂ ਖੇਤੀਬਾੜੀ ਕਾਲਜ ਸਥਾਪਤ ਕਰਨ ਦੇ ਪ੍ਰਸਤਾਵ ਦਾ ਸੁਆਗਤ
ਗੁਰਦਾਸਪੁਰ, 28 ਫਰਵਰੀ 2020 - ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਸੂਬੇ ਦੇ 2020-21 ਦੇ ਬਜਟ ਦਾ ਸੁਆਗਤ ਕਰਦਿਆਂ ਕਿਹਾ ਕਿ ਬਜਟ ਵਿੱਚ ਬਹੁ-ਖੇਤੀਰੀ ਵਿਕਾਸ ਤੇ ਧਿਆਨ ਕੇਂਦਰਤ ਕੀਤਾ ਗਿਆ ਹੈ ਅਤੇ ਭਰੋਸਾ ਜਤਾਇਆ ਕਿ ਇਹ ਸੂਬੇ ਨੂੰ ਵਿਕਾਸ ਦੀਆਂ ਸਿਖਰਾਂ ਤੇ ਲਿਜਾਏਗਾ।
ਅੱਜ ਇੱਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਦਨ ਵਿੱਚ ਸਾਲ 2020-21 ਲਈ 1.54 ਲੱਖ ਕਰੋੜ ਰੁਪਏ ਦਾ ਬਜਟ ਪ੍ਰਸਤਾਵ ਪੇਸ਼ ਕੀਤਾ ਗਿਆ।
ਬਹਿਲ ਨੇ ਕਿਹਾ ਕਿ ਮੌਜੂਦਾ ਬਜਟ ਵਿੱਚ ਸੂਬੇ ਦੇ ਸਾਰੇ ਖੇਤਰਾਂ ਜਿਵੇਂ ਖੇਤੀਬਾੜੀ, ਉਦਯੋਗ, ਸਿਹਤ, ਸਿੱਖਿਆ, ਰੁਜ਼ਗਾਰ ਉੱਤਪਤੀ ਅਤੇ ਸਮਾਜ ਦੇ ਪਛੜੇ ਵਰਗਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਬਹੁਖੇਤਰੀ ਵਿਕਾਸ ਲਈ ਵਿੱਤੀ ਸੂਝ ਨੂੰ ਦਰਸਾਉਂਦਾ ਹੈ।
ਸਮਾਜ ਦੇ ਪਛੜੇ ਵਰਗਾਂ ਦੇ ਹਿੱਤਾਂ ਦੀ ਰਖਵਾਲੀ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ੍ਰੀ ਬਹਿਲ ਨੇ ਦੱਸਿਆ ਕਿ ਵੱਖ ਵੱਖ ਯੋਜਨਾਵਾਂ ਅਧੀਨ ਸਾਲ 2019-20 ਲਈ ਰਾਜ ਦੇ ਹਿੱਸੇ ਵਿੱਚ 18 ਫੀਸਦੀ ਵਾਧਾ ਕੀਤਾ ਗਿਆ ਹੈ ਅਤੇ ਸਿਹਤ ਤੇ ਪਰਿਵਾਰ ਭਲਾਈ ਲਈ ਇਹ ਸਾਲ 2019-20 ਦੇ ਮੁਕਾਬਲੇ ਸਾਲ 2020-21 ਲਈ 15 ਫੀਸਦੀ ਵੱਧ ਹੈ।
ਇਸੇ ਤਰ੍ਹਾਂ ਸਕੂਲ ਅਤੇ ਉਚੇਰੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸਾਲ 2020-21 ਲਈ ਬਜਟ ਵਿੱਚ 12,488 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ ਜੋ ਕਿ ਕੁੱਲ ਖਰਚ ਦਾ 8 ਫੀਸਦ ਬਣਦਾ ਹੈ। ਇਹ ਇਸ ਖੇਤਰ ਲਈ ਸਾਲ 2016-17 ਦੇ ਬਜਟ ਉਪਬੰਧ ਨਾਲੋਂ 23 ਫੀਸਦ ਵੱਧ ਹੈ।
ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਲਈ ਮੁਫ਼ਤ ਆਵਾਜਾਈ ਸਹੂਲਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਪ੍ਰਾਇਮਰੀ ਸਿੱਖਿਆ ਨੂੰ ਹੋਰ ਹੁਲਾਰਾ ਮਿਲੇਗਾ।
ਉਨ੍ਹਾਂ ਗੁਰਦਾਸਪੁਰ ਅਤੇ ਬਲਾਚੌਰ ਵਿਖੇ 2 ਨਵੇਂ ਖੇਤੀਬਾੜੀ ਕਾਲਜਾਂ ਦੀ ਸਥਾਪਨਾ ਅਤੇ ਗੁਰਦਾਸਪੁਰ ਅਤੇ ਬਟਾਲਾ ਖੰਡ ਮਿੱਲਾਂ ਦੇ ਆਧੁਨਿਕੀਕਰਨ ਦੇ ਪ੍ਰਸਤਾਵ ਦਾ ਵੀ ਸਵਾਗਤ ਕੀਤਾ।
ਉਨ੍ਹਾਂ ਨੇ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸਾਲ 2020-21 ਲਈ 270 ਕਰੋੜ ਰੁਪਏ ਦੇ ਬਜਟ ਉਪਬੰਧ ਦੀ ਵੀ ਸਰਾਹਨਾ ਕੀਤੀ।ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਸਾਲ ਭਰ ਚੱਲਣ ਵਾਲੇ ਸਮਾਗਮਾਂ ਜੋ 12 ਅਪ੍ਰੈਲ 2020 ਤੋਂ ਸ਼ੁਰੂ ਹੋ ਰਹੇ ਹਨ, ਦੇ ਫੈਸਲੇ ਦੀ ਦੀ ਪੁਰਜ਼ੋਰ ਸ਼ਲਾਘਾ ਕੀਤੀ।
ਬਹਿਲ ਨੇ ਦੱਸਿਆ ਕਿ ਇੱਕ ਹੋਰ ਪਹਿਲਕਦਮੀ ਵਿੱਚ ਪੇਂਡੂ ਵਿਕਾਸ ਫੰਡ ਫੀਸ ਅਤੇ ਮਾਰਕੀਟ ਕਮੇਟੀ ਫੀਸ 4 ਫੀਸਦ ਤੋਂ ਘਟਾ ਕੇ ਸਿਰਫ਼ 1 ਫੀਸਦ ਕਰ ਦਿੱਤੀ ਗਈ ਹੈ ਅਤੇ ਸਾਲ 2020-21 ਦੌਰਾਨ ਖੇਤ ਮਜ਼ਦੂਰਾਂ ਨੂੰ 520 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਮਿਲੇਗੀ।