ਹਰਿੰਦਰ ਨਿੱਕਾ
- ਡੀਜੇ/ਲਾਊਡ ਸਪੀਕਰਾਂ ਦੀ ਪ੍ਰਵਾਨਗੀ ਲਈ ਸੇਵਾ ਕੇਂਦਰਾਂ ਰਾਹੀਂ ਕੀਤਾ ਜਾਵੇ ਅਪਲਾਈ: ਰੂਹੀ ਦੁੱਗ
ਬਰਨਾਲਾ, 28 ਫਰਵਰੀ 2020 - ਜ਼ਿਲ੍ਹੇ ਅੰਦਰ ਆਵਾਜ਼ ਪ੍ਰਦੂਸ਼ਣ ਸਬੰਧੀ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਪ੍ਰਸ਼ਾਸਨ ਨੇ ਸਖਤ ਰੁੱਖ ਅਪਣਾ ਲਿਆ ਹੈ। ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਕਿਹਾ ਹੈ ਕਿ ਆਵਾਜ਼ ਪ੍ਰਦੂਸ਼ਣ ਸਬੰਧੀ ਧਾਰਾ 144 ਅਧੀਨ ਜਾਰੀ ਹੁਕਮਾਂ ਅਤੇ ਮਾਣਯੋਗ ਹਾਈ ਕੋਰਟ ਦੀਆਂ ਹਿਦਾਇਤਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਜਿਹੇ ਕੇਸਾਂ ਵਿੱਚ ਪਿਛਲੇ ਦਿਨੀਂ ਵੀ ਪੁਲੀਸ ਸਖਤ ਕਾਰਵਾਈ ਕਰ ਚੁੱਕੀ ਹੈ ਤੇ ਇਹ ਮੁਹਿੰਮ ਆਉਂਦੇ ਦਿਨਾਂ ਚ, ਵੀ ਜਾਰੀ ਰਹੇਗੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੈਡਮ ਰੂਹੀ ਦੁੱਗ ਨੇ ਕਿਹਾ ਕਿ ਜ਼ਿਲੇ ਵਿੱਚ ਅਣ-ਅਧਿਕਾਰਤ ਆਵਾਜ਼ ਪ੍ਰਦੂਸ਼ਣ ਵਾਲੇ ਯੰਤਰਾਂ ਦੀ ਵਰਤੋਂ 'ਤੇ ਪੂਰਨ ਤੌਰ ਤੇ ਪਾਬੰਦੀ ਲਾਈ ਹੋਈ ਹੈ। ਉਨ੍ਹਾਂ ਕਿਹਾ ਕਿ ਮੈਰਿਜ ਪੈਲੇਸਾਂ, ਹੋਟਲ, ਰੈਸਟੋਰੈਂਟ ਜਾਂ ਆਮ ਜਨਤਾ ਵੱਲੋ ਲਾਊਡ ਸਪੀਕਰਾਂ/ਆਵਾਜ਼ੀ ਯੰਤਰਾਂ ਦੀ ਵਰਤੋਂ 'ਤੇ ਵੱਖਰੇ ਤੌਰ 'ਤੇ ਉਪ ਮੰਡਲ ਮੈਜਿਸਟ੍ਰੇਟ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਇਹ ਪ੍ਰਵਾਨਗੀ ਲੈਣ ਲਈ ਸੇਵਾ ਕੇਂਦਰਾਂ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵੱਲੋਂ ਸਿਵਲ ਰਿਟ ਪਟੀਸ਼ਨ ਨੰਬਰ 6213 ਆਫ 2016, ਫੈਸਲਾ ਮਿਤੀ 22-07-2019 ਵਿੱਚ ਜਾਰੀ ਕੀਤੇ ਗਏ, ਦਿਸ਼ਾ ਨਿਰਦੇਸ਼ਾਂ ਤਹਿਤ ਆਰਕੈਸਟਰਾ, ਬੈਂਡ, ਡੀ.ਜੇ ਸਿਸਟਮ ਅਤੇ ਲਾਊਡ ਸਪੀਕਰਾਂ ਦੀ ਮੈਰਿਜ ਪੈਲੇਸਾਂ, ਧਾਰਮਿਕ ਥਾਵਾਂ ਤੇ ਹੋਰ ਪ੍ਰੋਗਰਾਮਾਂ ਵਿੱਚ ਵਰਤੋਂ ਉਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਪੂਰੀ ਪਾਬੰਦੀ ਹੈ।
ਇਸ ਤੋਂ ਬਿਨਾਂ ਵੀ ਡੀਜੇ/ਲਾਊਡ ਸਪੀਕਰ ਨਿਰਧਾਰਿਤ ਤੋਂ ਉਚੀ ਆਵਾਜ਼ ਵਿੱਚ ਨਾ ਚਲਾਇਆ ਜਾਵੇ। ਅਜਿਹਾ ਕਰਨ 'ਤੇ ਸਬੰਧਤ ਆਰਕੈਸਟਰਾ, ਡੀ.ਜੇ ਅਤੇ ਮੈਰਿਜ ਪੈਲੇਸ ਆਦਿ ਦੇ ਮਾਲਕ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਮੈਡਮ ਰੂਹੀ ਦੁੱਗ ਨੇ ਆਖਿਆ ਕਿ ਇਨ੍ਹੀਂ ਦਿਨੀਂ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ। ਜਿਸ ਦੇ ਮੱੱਦੇਨਜ਼ਰ ਆਮ ਲੋਕ ਵੀ ਆਵਾਜ਼ ਪ੍ਰਦੂਸ਼ਣ ਸਬੰਧੀ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਪ੍ਰਸ਼ਾਸਨ ਤੇ ਪੁਲੀਸ ਨੂੰ ਸਹਿਯੋਗ ਦੇਣ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਦੇਰ ਰਾਤ ਕਿਤੇ ਡੀਜੇ ਜਾਂ ਲਾਊਡ ਸਪੀਕਰ ਆਦਿ ਚੱਲਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ।
- ਪ੍ਰਸ਼ਾਸ਼ਨ ਦੀ ਮੁਸਤੈਦੀ ਦਾ ਅਸਰ, ਦੇਰ ਰਾਤ ਡੀਜੇ ਚਲਾਉਣ ਵਾਲਿਆਂ ਤੇ ਕੇਸ ਦਰਜ਼...
ਪਿਛਲੇ ਦਿਨੀਂ ਜ਼ਿਲ੍ਹਾ ਮੈਜਿਸਟ੍ਰੇਟ ਦੀਆਂ ਹਿਦਾਇਤਾਂ 'ਤੇ ਸ਼ਕਤੀ ਨਗਰ ਵਿੱਚ ਇਕ ਘਰ 'ਚ ਵਿਆਹ ਸਮਾਗਮ ਵਿਚ ਦੇਰ ਰਾਤ ਡੀਜੇ ਚੱਲਣ ਦੇ ਮਾਮਲੇ ਵਿੱਚ ਡੀਜੇ ਮਾਲਕ ਦੇ ਖਿਲਾਫ ਥਾਣਾ ਸਿਟੀ-1 ਬਰਨਾਲਾ 'ਚ ਕੇਸ ਦਰਜ ਕਰ ਕੇ ਪੁਲੀਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਮਹਾਂ ਸ਼ਿਵਰਾਤਰੀ ਮੌਕੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੈਡਮ ਰੂਹੀ ਦੁੱਗ ਨੇ ਸਖਤੀ ਵਿਖਾਉਂਦੇ ਹੋਏ ਰਾਤ ਵੇਲੇ ਖੁਦ ਸ਼ਹਿਰ ਵਿੱਚ ਚੈਕਿੰਗ ਕੀਤੀ ਅਤੇ ਕਈ ਧਾਰਮਿਕ ਸਥਾਨਾਂ 'ਤੇ ਬਿਨਾਂ ਪ੍ਰਵਾਨਗੀ ਤੋਂ ਦੇਰ ਰਾਤ ਚੱਲਦੇ ਲਾਊਡ ਸਪੀਕਰ ਬੰਦ ਕਰਵਾਏ। ਇਸੇ ਤਰ੍ਹਾਂ ਥਾਣਾ ਸਿਟੀ-2 ਵਿੱਚ ਵੀ 22 ਅਤੇ 23 ਫਰਵਰੀ ਨੂੰ ਦੇਰ ਰਾਤ ਡੀਜੇ ਚਲਾਉਣ ਦੇ ਮਾਮਲੇ ਵਿੱਚ ਕੇਸ ਦਰਜ ਹੋ ਚੁੱੱਕੇ ਹਨ।