ਕੈਨੇਡਾ: ਗੁਰਦੁਆਰਾ ਸਿੰਘ ਸਭਾ ‘ਚ ਨਿਊ ਵੈਸਟਮਿਨਸਟਰ ਦੇ ਕੌਂਸਲਰ ਚਕ ਪੁਚਮੇਅਰ ਦਾ ਸਨਮਾਨ
ਹਰਦਮ ਮਾਨ
ਸਰੀ, 29 ਫਰਵਰੀ 2020- ਗੁਰਦੁਆਰਾ ਸਿੰਘ ਸਭਾ ਸਰੀ ਦੇ ਪ੍ਰਬੰਧਕਾਂ ਵੱਲੋਂ ਨਿਊ ਵੈਸਟਮਿਨਸਟਰ ਸਿਟੀ ਦੇ ਕੌਂਸਲਰ ਚਕ ਪੁਚਮੇਅਰ ਨੂੰ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਚਕ ਪੁਚਮੇਅਰ ਨੂੰ ਨਿਊ ਵੈਸਟਮਿਨਸਟਰ ਸਿਟੀ ਕੌਂਸਲ ਵੱਲੋਂ 13 ਜਨਵਰੀ ਨੂੰ ਭਾਈ ਮੇਵਾ ਸਿੰਘ ਦਿਵਸ ਵਜੋਂ ਮਾਨਤਾ ਦੇਣ ਵਿਚ ਨਿਭਾਈ ਅਹਿਮ ਭੂਮਿਕਾ ਸਦਕਾ ਦਿੱਤਾ ਗਿਆ। ਇਤਿਹਾਸ ਵਿਚ ਇਹ ਪਹਿਲਾ ਮੌਕਾ ਸੀ ਜਦੋਂ 11 ਜਨਵਰੀ, 1915 ਨੂੰ ਕਤਲ ਕੀਤੇ ਗਏ ਮੇਵਾ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਮਿਊਂਸਪਲ ਸਰਕਾਰ ਨੇ ਮਾਨਤਾ ਦਿੱਤੀ ਸੀ। ਇਸ ਸਨਮਾਨ ਸਮੇਂ ਵੱਡੀ ਗਿਣਤੀ ਵਿਚ ਸੰਗਤਾਂ ਹਾਜਰੀ ਹਾਜਰ ਸਨ।
ਇਸ ਮੌਕੇ ਸਰੀ-ਗਰੀਨ ਟਿੰਬਰਜ਼ ਦੀ ਵਿਧਾਇਕਾ ਰਚਨਾ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਨੇ ਪਿਛਲੇ ਸਾਲ ਆਪਣੇ ਦਫ਼ਤਰ ਵਿਚ ਮੇਵਾ ਸਿੰਘ ਦੀ ਤਸਵੀਰ ਦਾ ਉਦਘਾਟਨ ਕੀਤਾ ਸੀ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਆਗੂ ਪ੍ਰੇਮ ਸਿੰਘ ਬਿਨਿੰਗ, ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਕਨੇਡਾ ਦੇ ਕੋ-ਫਾਉਂਡਰ ਗੁਰਵਿੰਦਰ ਸਿੰਘ ਧਾਲੀਵਾਲ, ਵਿਧਾਇਕਾ ਰਚਨਾ ਸਿੰਘ, ਵਿਸ਼ਵ ਪ੍ਰਸਿੱਧ ਆਰਟਿਸਟ ਜਰਨੈਲ ਸਿੰਘ ਨੇ ਇਸ ਮੌਕੇ ਬੋਲਦਿਆਂ ਚਕ ਪੁਚਮੇਅਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਸਿੱਖ ਭਾਈਚਾਰੇ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਦੀ ਪੂਰਤੀ ਕਰਵਾ ਕੇ ਕੇਨੇਡੀਅਨ ਸਮਾਜ ਵਿਚ ਸਿੱਖ ਭਾਈਚਾਰੇ ਦੇ ਮਾਣ ਸਨਮਾਨ ਵਿਚ ਵਾਧਾ ਕੀਤਾ ਹੈ।
ਸਨਮਾਨ ਦੀ ਰਸਮ ਤੋਂ ਪਹਿਲਾਂ ਚਕ ਪੁਚਮੇਅਰ ਅਤੇ ਉਸ ਦੇ ਸਾਥੀ ਜੈਮੀ ਮੈਕਵੇਈ ਨੇ ਗੁਰਦੁਆਰਾ ਸਾਹਿਬ ਦੇ ਕਮਿਊਨਿਟੀ ਕਿਚਨ ਹਾਲ ਵਿਚ ਮੇਵਾ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਤਸਵੀਰਾਂ ਦੇ ਦਰਸ਼ਨ ਕੀਤੇ। ਇਹ ਤਸਵੀਰਾਂ ਜਰਨੈਲ ਸਿੰਘ ਚਿੱਤਰਕਾਰ ਵੱਲੋਂ ਬਣਾਈਆਂ ਗਈਆਂ ਹਨ।