ਹਰਦਮ ਮਾਨ
ਸਰੀ, 28 ਫਰਵਰੀ 2020 - ਸਰੀ ਦੇ ਬਹੁਗਿਣਤੀ ਲੋਕਾਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਸਿਟੀ ਪੁਲਿਸ ਦੀ ਮੰਗ ਨੂੰ ਹੁਣ ਬੂਰ ਪੈ ਗਿਆ ਹੈ ਅਤੇ ਬੀ.ਸੀ. ਸਰਕਾਰ ਨੇ ਅਧਿਕਾਰਤ ਤੌਰ 'ਤੇ ਸਰੀ ਦੀ ਆਰਸੀਐਮਪੀ ਨੂੰ ਮਿਉਂਸੀਪਲ ਪੁਲਿਸ ਫੋਰਸ ਵਿਚ ਤਬਦੀਲ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਸਾਲਿਸਿਟਰ ਜਨਰਲ ਅਤੇ ਲੋਕ ਸੁਰੱਖਿਆ ਮੰਤਰੀ ਮਾਈਕ ਫਰਨਵਰਥ ਦੁਆਰਾ ਕੀਤੀ ਗਈ ਸਮੀਖਿਆ ਤੋਂ ਬਾਅਦ ਸਿਟੀ ਆਫ ਸਰੀ ਨੂੰ ਇਹ ਪ੍ਰਵਾਨਗੀ ਦਿੱਤੀ ਗਈ ਹੈ।
ਸਰੀ ਦੇ ਮੇਅਰ ਡੱਗ ਮੈਕੱਲਮ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਸਿਟੀ ਨੂੰ ਮਿਲੀ ਇਸ ਪ੍ਰਵਾਨਗੀ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ “ਸਰੀ ਪੁਲਿਸ ਬੋਰਡ ਦੀ ਸਥਾਪਨਾ ਲਈ ਮੰਤਰੀ ਫਰਨਵਰਥ ਦੀ ਅੰਤਮ ਮਨਜ਼ੂਰੀ ਨਾਲ, ਅੱਜ ਸਰੀ ਪੁਲਿਸ ਵਿਭਾਗ ਲਈ ਪਹਿਲਾ ਦਿਨ ਹੈ।” ਸਰੀ ਦੇ ਨਾਗਰਿਕਾਂ ਨਾਲ ਸਿਟੀ ਪੁਲਿਸ ਵਿਭਾਗ ਵਿਭਾਗ ਕਾਇਮ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਿਚ ਅਸੀਂ ਸਫਲ ਹੋ ਗਏ ਹਾਂ। ਸਰੀ ਪੁਲਿਸ ਦੀ ਸਥਾਪਤੀ ਲਈ ਆਉਣ ਵਾਲੇ ਦਿਨਾਂ ਵਿਚ ਪੁਲਿਸ ਬੋਰਡ ਦਾ ਗਠਨ ਕੀਤਾ ਜਾਵੇਗਾ। ਇਸ ਬੋਰਡ ਦੇ ਚੇਅਰਮੈਨ ਸਰੀ ਦੇ ਮੇਅਰ ਡੱਗ ਮੈਕੱਲਮ ਹੋਣਗੇ।
ਜ਼ਿਕਰਯੋਗ ਲਗਭਗ 600,000 ਦੀ ਆਬਾਦੀ ਵਾਲਾ ਸਰੀ ਸ਼ਹਿਰ ਕੈਨੇਡਾ ਦਾ ਇੱਕੋ ਇਕ ਸ਼ਹਿਰ ਹੈ ਜਿੱਥੇ ਸਿਟੀ ਪੁਲਿਸ ਨਹੀਂ ਹੈ। ਸਾਲ 2018 ਵਿੱਚ ਸਰੀ ਸਿਟੀ ਨੇ ਆਰਸੀਐਮਪੀ ਨਾਲ ਸਮਝੌਤੇ ਦੀ ਸਮਾਪਤੀ ਉਪਰੰਤ ਇਸ ਨੂੰ ਰੀਨਿਊ ਨਹੀਂ ਸੀ ਕੀਤਾ ਅਤੇ ਮਿਉਂਸਪਲ ਪੁਲਿਸ ਫੋਰਸ ਵਿੱਚ ਤਬਦੀਲੀ ਦੀ ਸ਼ੁਰੂਆਤ ਕੀਤੀ ਸੀ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com