ਸ਼ੰਭੂ/ਪਟਿਆਲਾ, 3 ਮਾਰਚ: ਪਟਿਆਲਾ ਪੁਲਿਸ ਨੇ ਨਸ਼ਾ ਤਸਕਰਾਂ 'ਤੇ ਲਗਾਮ ਕਸਦਿਆਂ 5 ਕਿੱਲੋ ਅਫ਼ੀਮ ਸਮੇਤ 1 ਜਣੇ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸ਼ੰਭੂ ਬੈਰੀਅਰ 'ਤੇ ਮੱਧ ਪ੍ਰਦੇਸ਼ ਦੇ ਪਿੰਡ ਬਦੋਧ ਵਾਸੀ ਸੋਹਨ ਗਿਰ ਪੁੱਤਰ ਨੱਥੂ ਗਿਰ ਦੀ ਜਦੋਂ ਸ਼ੱਕ ਦੇ ਅਧਾਰ 'ਤੇ ਤਲਾਸ਼ੀ ਲਈ ਗਈ ਤਾਂ ਇਸ ਕੋਲੋਂ 5 ਕਿੱਲੋ ਅਫ਼ੀਮ ਬਰਾਮਦ ਹੋਈ। ਇਸ ਵਿਰੁੱਧ ਥਾਣਾ ਸ਼ੰਭੂ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 18, 61, 85 ਤਹਿਤ ਐਫ.ਆਈ.ਆਰ. ਨੰਬਰ 28 ਮਿਤੀ 3 ਮਾਰਚ 2020 ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਘਨੌਰ ਦੇ ਡੀ.ਐਸ.ਪੀ. ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਥਾਣਾ ਸ਼ੰਭੂ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਇਸ ਵਿਅਕਤੀ ਨੇ ਮੁੱਢਲੀ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ ਇਹ ਅਫ਼ੀਮ ਗ਼ੈਰਕਾਨੂੰਨੀ ਢੰਗ ਨਾਲ ਮੱਧ ਪ੍ਰਦੇਸ਼ ਦੇ ਗੋਪਾਲ ਨਾ ਦੇ ਵਿਅਕਤੀ ਤੋਂ ਲੈ ਕੇ ਆਇਆ ਸੀ ਅਤੇ ਅੱਗੇ ਇਸ ਨੂੰ ਲੁਧਿਆਣਾ ਲੈ ਕੇ ਜਾਣਾ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਲੁਧਿਆਣਾ ਵਿਖੇ ਜਿਸ ਵਿਅਕਤੀ ਨੂੰ ਇਹ ਅਫ਼ੀਮ ਦਿੱਤੀ ਜਾਣੀ ਸੀ, ਬਾਰੇ ਅਣਜਾਣਤਾ ਪ੍ਰਗਟਾਈ ਹੈ, ਕਿਉਂਕਿ ਉਸ ਮੁਤਾਬਕ ਗੋਪਾਲ ਵੱਲੋਂ ਹੀ ਉਸ ਵਿਅਕਤੀ ਨਾਲ ਸੰਪਰਕ ਸਾਧਿਆ ਜਾ ਰਿਹਾ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਸੋਹਨ ਗਿਰ ਦੀ ਪੁੱਛਗਿੱਛ 'ਚ ਹੋਏ ਖੁਲਾਸੇ ਮਗਰੋਂ ਗੋਪਾਲ ਨੂੰ ਵੀ ਇਸ ਮੁਕੱਦਮੇ ਵਿੱਚ ਨਾਮਜਦ ਕਰ ਲਿਆ ਗਿਆ ਹੈ।