ਹਰੀਸ਼ ਕਾਲੜਾ
- ਬਜਟ ਸੈਸ਼ਨ ਵਿਚ ਪਵਿੱਤਰ ਨਗਰੀ ਲਈ ਬਾਈਪਾਸ ਬਣਾਉਣ ਦਾ ਵੀ ਕੀਤਾ ਐਲਾਨ
ਸ੍ਰੀ ਅਨੰਦਪੁਰ ਸਾਹਿਬ, 03 ਮਾਰਚ 2020 - ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਮੁੱਖ ਮੰਤਰੀ ਪੰਜਾਬ ਕੇੈਪਟਨ ਅਮਰਿੰਦਰ ਸਿੰਘ ਦਾ ਵਿਸੇਸ਼ ਤੌਰ 'ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ 2020 ਦੇ ਬਜਟ ਸੈਸ਼ਨ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਕਾਸ ਅਥਾਰਟੀ ਨੂੰ 20 ਕਰੋੜ ਰੁਪਏ ਦੇ ਕੇ ਇਸ ਪਵਿੱਤਰ ਨਗਰੀ ਦੇ ਵਿਕਾਸ ਦੇ ਨਵੇਂ ਰਾਹ ਖੋਲ੍ਹੇ ਹਨ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਹੋਲੇ ਮੁਹੱਲੇ ਮੌਕੇ ਇਸ ਇਲਾਕੇ ਦੀ ਚਿਰਕੋਣੀ ਮੰਗ ਸ੍ਰੀ ਅਨੰਦਪੁਰ ਸਾਹਿਬ ਵਿਚ ਟਰੈਫਿਕ ਦੀ ਸਮੱਸਿਆ ਦਾ ਸਥਾਈ ਤੌਰ 'ਤੇ ਹੱਲ ਕਰਨ ਲਈ ਇੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਬਾਈਪਾਸ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ੍ਰੀ ਅਨੰਦਪੁਰ ਸਾਹਿਬ-ਗੜ੍ਹਸੰਕਰ ਸੜਕ ਨੂੰ ਚਾਰ ਮਾਰਗੀ ਕਰਨ ਦਾ ਐਲਾਨ ਕਰਕੇ ਇਸ ਇਲਾਕੇ ਦੇ ਲੋਕਾਂ ਨੂੰ ਇੱਕ ਵੱਡੀ ਸੌਗਾਤ ਦਿੱਤੀ ਹੈ।
ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਆਪਦੇ ਬਜਟ ਭਾਸ਼ਣ ਨੁੰ ਸਮੇਟਦੇ ਹੋਏ ਮੁੱਖ ਮੰਤਰੀ ਕੇੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿਚ ਜੋ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਦੇ ਲਈ ਵੱਡੀਆਂ ਸੋਗਾਤਾਂ ਦਿੱਤੀਆਂ ਹਨ। ਉਸ ਦੇ ਨਾਲ ਇਸ ਖੇਤਰ ਦੇ ਸਰਵਪੱਖੀ ਵਿਕਾਸ ਦਾ ਮਾਰਗ ਖੁੱਲ੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਖਾਲਸੇ ਦੀ ਜਨਮਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਯੋਜਨਾਬੱਧ ਅਤੇ ਸੰਗਠਿਤ ਵਿਕਾਸ ਨੂੰ ਯਕੀਨੀ ਬਣਾਉਣ ਲਈ ਫਰਵਰੀ 2019 ਵਿੱਚ ਪੰਜਾਬ ਸਰਕਾਰ ਵੱਲੋਂ 14 ਮੈਂਬਰੀ ਸ੍ਰੀ ਅਨੰਦਪੁਰ ਸਾਹਿਬ ਸ਼ਹਿਰੀ ਵਿਕਾਸ ਅਥਾਰਟੀ ਦਾ ਗਠਨ ਕਰਕੇ ਇਸ ਇਲਾਕੇ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਵੱਡੀ ਸੋਗਾਤ ਦਿੱਤੀ ਗਈ ਸੀ।
ਇਸ ਮੰਤਵ ਲਈ ਸਾਸੂਦਾ ਦੀ ਹੱਦਬੰਦੀ ਵਿੱਚ 5846 ਹੈਕਟੇਅਰ ਖੇਤਰ ਦੀ ਕਵਰਿੰਗ ਵਾਲੇ ਸ੍ਰੀ ਅਨੰਦਪੁਰ ਸਾਹਿਬ ਸਮੇਤ ਆਲੇ ਦੁਆਲੇ ਦੇ 23 ਪਿੰਡ ਸ਼ਾਮਲ ਕੀਤੇ ਗਏ ਹਨ। ਜਿਸ ਨਾਲ ਇਸ ਖੇਤਰ ਦਾ ਸਰਵਪੱਖੀ ਵਿਕਾਸ ਦਾ ਮਾਰਗ ਖੁੱਲ੍ਹ ਗਿਆ ਹੈ ਅਤੇ ਅੱਜ ਇਸ ਵਿਕਾਸ ਅਥਾਰਟੀ ਨੂੰ 20 ਕਰੋੜ ਰੁਪਏ ਦੀ ਗ੍ਰਾਂਟ ਅਤੇ ਇੱਕ ਬਾਈਪਾਸ ਮਿਲਣ ਨਾਲ ਸ੍ਰੀ ਅਨੰਦਪੁਰ ਸਾਹਿਬ ਦਾ ਹੋਰ ਵਧੇਰੇ ਢੁਕਵੇ ਢੰਗ ਨਾਲ ਵਿਕਾਸ ਹੋਣਾ ਯਕੀਨੀ ਹੋ ਗਿਆ ਹੈ। ਹੁਣ ਸ੍ਰੀ ਅਨੰਦਪੁਰ ਸਾਹਿਬ ਨਗਰ ਦੇ ਆਲੇ- ਦੁਆਲੇ ਦੇ 23 ਪਿੰਡਾਂ ਨੂੰ ਵੀ ਸ਼ਹਿਰਾਂ ਵਾਲੀਆਂ ਸਹੂਲਤਾਂ ਯਕੀਨੀ ਮਿਲਣਗੀਆਂ।