ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 3 ਮਾਰਚ 2020 - ਸਥਾਨਕ ਸ਼ਹੀਦ ਸਿਪਾਹੀ ਪਰਗਟ ਸਿੰਘ ਸਰਕਾਰੀ ਹਾਈ ਸਕੂਲ ਮਟੌਰ ਵਿਖੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼ਰਨਜੀਤ ਸਿੰਘ ਵਲੋਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਨੂੰ ਤੇਜ ਕਰਨ ਸੰਬੰਧੀ ਜਿਲ੍ਹਾ ਮੀਡੀਆ ਕੋਆਰਡੀਨੇਟਰ ਜਰਨੈਲ ਸਿੰਘ ਨਿੱਕੂਵਾਲ ਅਤੇ ਜਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਬਲਵਿੰਦਰ ਸਿੰਘ ਲੋਧੀਪੁਰ ਨਾਲ ਮੀਟਿੰਗ ਕੀਤੀ ਗਈ। ਜਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਪੰਜਾਬ ਸਰਕਰ ਦੇ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਮਾਪੇ ਆਪਣੇ ਬੱਚੇ ਇਨ੍ਹਾਂ ਸਕੂਲਾਂ ਵਿਚ ਦਾਖ਼ਲ ਕਰਵਾਉਣ।
ਉਹਨਾ ਦੱਸਿਆ ਕਿ ਮਿਸ਼ਨ-ਸ਼ਤ-ਪ੍ਰਤੀਸ਼ਤ ਲਈ ਅਧਿਆਪਕਾਂ ਵਲੋਂ ਵਾਧੂ ਸਮਾਂ ਲਗਾ ਕੇ ਵਿਦਿਆਥੀਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਸਮਾਰਟ ਸਕੂਲ, ਅੰਗਰੇਜ਼ੀ ਮੀਡੀਅਮ , ਈ .ਕੰਟੈਂਟ ਦੀ ਵਰਤੋਂ ਨਾਲ ਵਿਦਿਆਰਥੀਆਂ ਨੂੰ ਸਮੇ ਦੇ ਹਾਣੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਵਲੋਂ ਰੈਲੀਆਂ ਕੱਢ ਕੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਸੰਬੰਧੀ ਵੀ ਦੱਸਿਆ ਜਾ ਰਿਹਾ ਹੈ, ਜਿਸ ਨੂੰ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ। ਇਸ ਮੌਕੇ ਉੱਪ ਜਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ, ਮੁੱਖ ਅਧਿਆਪਕਾ ਜਸਵਿੰਦਰ ਕੌਰ ਢੇਸੀ, ਦਿਆ ਸਿੰਘ ਸੰਧੂ ਆਦਿ ਹਾਜ਼ਰ ਸਨ।