ਹਰੀਸ਼ ਕਾਲੜਾ
- ਵਾਤਾਵਰਣ ਅਤੇ ਪੋਣ ਪਾਣੀ ਦੀ ਸੰਭਾਲ ਲਈ ਸਭ ਦਾ ਸਹਿਯੌਗ ਜਰੂਰੀ-ਮੇਲਾ ਅਫਸਰ ਕਨੂ ਗਰਗ
ਸ੍ਰੀ ਅਨੰਦਪੁਰ ਸਾਹਿਬ, 04 ਮਾਰਚ 2020 - ਪਲਾਸਟਿਕ ਮੁਕਤ ਅਤੇ ਸਵੱਛ ਹੋਲਾ ਮਹੱਲਾ ਮਨਾਉਣ ਲਈ ਚਲਾਏ ਗਏ ਜਾਗਰੂਕਤਾ ਅਭਿਆਨ ਦਾ ਮੁੱਖ ਮੰਤਵ ਹੋਲੇ ਮਹੱਲੇ ਦੌਰਾਨ ਇੱਥੇ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਵਾਤਾਵਰਣ ਅਤੇ ਪੌਣ-ਪਾਣੀ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕਰਨਾ ਹੈ ਇਸਦੇ ਲਈ ਸਥਾਨਕ ਦੁਕਾਨਦਾਰਾਂ ਅਤੇ ਨਗਰ ਨਿਵਾਸੀਆਂ ਦਾ ਸਹਿਯੋਗ ਬੇਹੱਦ ਜਰੂਰੀ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੇਲਾ ਅਫਸਰ -ਕਮ- ਉਪ ਮੰਡਲ ਮੈਜਿਟਰੇਟ ਮੈਡਮ ਕਨੂ ਗਰਗ ਨੇ ਅੱਜ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਤੋਂ ਪਲਾਸਟਿਕ ਮੁਕਤ ਅਤੇ ਸਵੱਛ ਹੋਲਾ ਮਹੱਲਾ ਮਨਾਉਣ ਲਈ ਐਨ. ਸੀ. ਸੀ. ਕੈਡਿਟਾਂ ਅਤੇ ਸਕੂਲ ਵਿਦਿਆਰਥੀਆਂ ਵਲੋਂ ਕੱਢੀ ਜਾਣ ਵਾਲੀ ਜਾਗਰੂਕਤਾ ਰੈਲੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਆਪਣੇ ਸੰਬੋਧਨ ਦੌਰਾਨ ਕੀਤਾ। ਇਸ ਉਪਰੰਤ ਉਹਨਾਂ ਨੇ ਜਾਗਰੂਕਤਾ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਉਹਨਾਂ ਕਿਹਾ ਕਿ ਇਸ ਵਾਰ ਦੇ ਹੋਲੇ ਮਹੱਲੇ ਨੂੰ ਪਲਾਸਟਿਕ ਦੇ ਸਮਾਨ ਦੀ ਵਰਤੋਂ ਤੋਂ ਮੁਕਤ ਕਰਨ ਲਈ ਜਿਲ੍ਹਾ ਪ੍ਰਸਾਸ਼ਨ ਵਲੋਂ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਦੀ ਅਗਵਾਈ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨਾਲ ਵੀ ਵਿਸੇਸ਼ ਮੀਟਿੰਗ ਕਰਕੇ ਉਹਨਾਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਗਈ ਹੈ ਜਿਸ ਦਾ ਇਸ ਵਾਰ ਦੇ ਹੋਲੇ ਮਹੱਲੇ ਦੇ ਭਰਵਾਂ ਅਸਰ ਦਿਖਾਈ ਦੇ ਰਿਹਾ ਹੈ।
ਮੇਲਾ ਅਫਸਰ ਨੇ ਕਿਹਾ ਕਿ ਪਲਾਸਟਿਕ ਦੇ ਬਰਤਨ ਜਿਹਨਾਂ ਦੇ ਵਰਤਣ ਉੱਤੇ ਪਾਬੰਦੀ ਹੈ ਦੀ ਵਰਤੋਂ ਰੋਕਣ ਲਈ ਵਿਦਿਆਰਥੀਆਂ ਵਲੋਂ ਇਹ ਜਾਗਰੂਕਤਾ ਰੈਲੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਇਸ ਰੈਲੀ ਰਾਹੀ ਇਹ ਐਨ. ਸੀ. ਸੀ. ਕੈਡਿਟ ਅਤੇ ਵਿਦਿਆਰਥੀ ਇਹ ਵੀ ਪ੍ਰੇਰਣਾ ਦੇ ਰਹੇ ਹਨ ਕਿ ਵਾਤਾਵਰਣ ਨੂੰ ਸਵੱਛ ਰੱਖਿਆ ਜਾਵੇ ਅਤੇ ਆਪਣਾ ਆਲਾ ਦੁਆਲਾ ਸਾਫ ਰੱਖਣ ਵਿੱਚ ਪ੍ਰਸਾਸ਼ਨ ਨੂੰ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼ਾਮ ਸੁੰਦਰ ਸੋਨੀ, ਦਿਆ ਸਿੰਘ, ਕਾਰਜ ਸਾਧਕ ਅਫਸਰ ਨਗਰ ਕੋਸ਼ਲ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਉਪੱਲ ਅਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਤੇ ਐਸ. ਜੀ. ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਐਨ. ਸੀ. ਸੀ. ਕੈਡਿਟ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾ ਸ਼ਾਮਿਲ ਸਨ ਜਿਹਨਾਂ ਨੇ ਆਪਣੇ ਹੱਥਾ ਵਿੱਚ ਵਾਤਾਵਰਣ ਨੂੰ ਬਚਾਉਣ, ਸਵੱਛ ਹੋਲਾ ਮਹੱਲਾ ਮਨਾਉਣ ਅਤੇ ਪਲਾਸਟਿਕ ਮੁਕਤ ਹੋਲਾ ਮਹੱਲਾ ਦੇ ਸਲੋਗਨ ਦੀਆ ਤਖਤੀਆਂ ਚੁੱਕੀਆਂ ਹੋਈਆਂ ਸਨ। ਇਹ ਜਾਗਰੂਕਤਾ ਰੈਲੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤੋਂ ਸੁਰੂ ਹੋ ਕੇ ਗੁਰੂ ਰਵਿਦਾਸ ਚੌਂਕ ਰਾਹੀਂ ਪੰਜ ਪਿਆਰਾ ਪਾਰਕ ਪਹੁੰਚ ਕੇ ਸਮਾਪਤ ਹੋਈ।