ਹਰੀਸ਼ ਕਾਲੜਾ
- ਸ਼ਰਧਾਲੂਆਂ ਦੀ ਸਹੂਲਤ ਨੂੰ ਦਿੱਤੀ ਜਾ ਰਹੀ ਹੈ ਵਿਸੇਸ਼ ਤਰਜੀਹ-ਡੀ.ਸੀ
- ਪੁਲਿਸ ਵਲੋਂ ਹੋਲੇ ਮੁਹੱਲੇ ਦੌਰਾਨ ਕੀਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ- ਐਸ.ਐਸ.ਪੀ
ਸ੍ਰੀ ਅਨੰਦਪੁਰ ਸਾਹਿਬ, 05 ਮਾਰਚ 2020 - ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਨੂੰ ਦਰਸਾਉਂਦਾ ਕੌਮੀ ਤਿਉਹਾਰ ਹੋਲਾ ਮੁਹੱਲਾ ਅੱਜ ਕੀਰਤਪੁਰ ਸਾਹਿਬ ਤੋਂ ਸ਼ੁਰੂ ਹੋ ਗਿਆ ਹੈ। ਤਿੰਨ ਦਿਨ (5 ਤੋ 7 ਮਾਰਚ) ਤੱਕ ਕੀਰਤਪੁਰ ਸਾਹਿਬ ਅਤੇ 8 ਤੋ 10 ਮਾਰਚ ਸ੍ਰੀ ਅਨੰਦਪੁਰ ਸਾਹਿਬ ਵਿੱਚ ਚੱਲਣ ਵਾਲੇ ਇਸ ਤਿਉਹਾਰ ਦੇ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਹਨ ਅਤੇ ਸ਼ਰਧਾਲੂਆ ਦੀ ਸਹੂਲਤ ਲਈ ਪ੍ਰਸਾਸ਼ਨ ਵੱਲੋਂ 'ਰਾਊਂਡ ਦੀ ਕਲਾਕ' (24 ਘੰਟੇ) ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤਿਉਹਾਰ ਦੌਰਾਨ ਪਲਾਸਟਿਕ ਮੁਕਤ ਅਤੇ ਸਵੱਛ ਹੋਲਾ ਮੁਹੱਲਾ ਮਨਾਉਣ ਲਈ ਸਾਰੇ ਵਿਭਾਗਾਂ ਦੇ ਅਧਿਕਾਰੀ ਸੰਗਤਾ ਅਤੇ ਸਥਾਨਿਕ ਵਾਸੀਆਂ ਦੇ ਸਹਿਯੋਗ ਨਾਲ ਲਗਾਤਾਰ ਉਪਰਾਲੇ ਕਰ ਰਹੇ ਹਨ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਅਤੇ ਮੈਨੇਜਰ ਜਸਵੀਰ ਸਿੰਘ ਵਲੋਂ ਵੀ ਸਥਾਨਕ ਵਾਸੀਆ, ਸ਼ਰਧਾਲੂਆ, ਲੰਗਰ ਕਮੇਟੀਆਂ/ਸੁਸਾਇਟੀਆਂ ਨੂੰ ਵਾਤਾਵਰਣ ਅਤੇ ਪਾਉਣ ਪਾਣੀ ਦੀ ਸਾਭ ਸੰਭਾਲ ਤੇ ਸਵੱਛ ਹੋਲਾ ਮੁਹੱਲਾ ਮਨਾਉਣ ਦੇ ਦਿੱਤੇ ਸੰਦੇਸ਼ ਦਾ ਭਰਪੂਰ ਅਸਰ ਵਿਖਾਈ ਦੇ ਰਿਹਾ ਹੈ।
ਡੀ.ਸੀ. ਰੂਪਨਗਰ ਸ੍ਰੀ ਵਿਨੇ ਬਬਲਾਨੀ ਅਤੇ ਐਸ.ਐਸ.ਪੀ ਸ੍ਰੀ ਸਵਪਨ ਸ਼ਰਮਾ ਵਲੋਂ ਅੱਜ ਹੋਲਾ ਮੁਹੱਲੇ ਦੌਰਾਨ ਡਿਊਟੀ ਤੇ ਤਾਇਨਾਤ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਅਧਿਕਾਰੀਆਂ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨਾਲ ਹੋਲੇ ਮੁਹੱਲੇ ਦੇ ਪਹਿਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਐਸ.ਡੀ.ਐਮ. ਦੇ ਮੀਟਿੰਗ ਹਾਲ ਵਿਚ ਇੱਕ ਵਿਸੇਸ਼ ਮੀਟਿੰਗ ਕੀਤੀ ਗਈ। ਜਿਸ ਵਿਚ ਸਾਰੇ ਵਿਭਾਗਾ ਦੇ ਅਧਿਕਾਰੀਆਂ ਨੂੰ ਹੋਲੇ ਮੁਹੱਲੇ ਦੌਰਾਨ ਰਾਊਂਡ ਦੀ ਕਲਾਕ (24 ਘੰਟੇ) ਆਪਣੀ ਨਿਰਧਾਰਤ ਡਿਊਟੀ ਪੂਰੀ ਮਿਹਨਤ, ਲਗਨ ਅਤੇ ਤਨਦੇਹੀ ਨਾਲ ਕਰਨ ਦੀ ਹਦਾਇਤ ਕੀਤੀ ਗਈ। ਅਧਿਕਾਰੀਆਂ ਨੇ ਇਹ ਵੀ ਹਦਾਇਤ ਕੀਤੀ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਵਿਚ ਕੋਈ ਵੀ ਲਾਪਰਵਾਹੀ ਨਾ ਵਰਤੀ ਜਾਵੇ ਅਤੇ ਇਸ ਹੋਲੇ ਮੁਹੱਲੇ ਦੌਰਾਨ ਆਮ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੇ ਬਬਲਾਨੀ ਨੇ ਹੋਲੇ ਮੁਹੱਲੇ ਦੇ ਸਮੁੱਚੇ ਸੈਕਟਰਾਂ ਵਿਚ ਵੰਡੇ ਖੇਤਰ ਵਿਚ ਲਗਾਏ ਡਿਊਟੀ ਮੈਜਿਸਟ੍ਰੇਟ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾ ਦਿੰਦੇ ਹੋਏ ਕਿਹਾ ਕਿ ਹਰ ਸੈਕਟਰ ਵਿੱਚ ਸ਼ਰਧਾਲੂਆਂ ਦੀ ਸਹੂਲਤ ਲਈ ਐਂਬੂਲੈਂਸ, ਸਿਹਤ ਸੇਵਾਵਾਂ, ਪੀਣ ਵਾਲਾ ਪਾਣੀ, ਪਖਾਨਾ, ਰੌਸ਼ਨੀ ਅਤੇ ਸਫਾਈ ਦੇ ਵਿਸੇਸ਼ ਪ੍ਰਬੰਧ ਕੀਤੇ ਗਏ ਹਨ, ਜਿਸ ਨੂੰ ਮੇਲੇ ਦੌਰਾਨ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਪਾਰਕਿੰਗ ਵਾਲੀਆਂ ਥਾਵਾਂ ਤੇ ਲੱਗੇ ਸਾਈਨ ਬੋਰਡ ਸੰਗਤਾ ਦੀ ਸਹੂਲਤ ਲਈ ਹਰ ਢੁਕਵੀ ਸੂਚਨਾ ਯਕੀਨੀ ਹੋਣੀ ਚਾਹੀਦੀ ਹੈ ਤਾਂ ਜੋ ਦੇਸ਼ ਵਿਦੇਸ਼ ਤੋ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
ਐੱਸ.ਐੱਸ.ਪੀ ਸਵਪਨ ਸ਼ਰਮਾ ਨੇ ਕਿਹਾ ਕਿ ਹੋਲੇ ਮੁਹੱਲੇ ਦੇ ਸਮੁੱਚੇ ਖੇਤਰ ਵਿਚ ਸੁਰੱਖਿਆਂ ਦੇ ਢੁਕਵੇ ਪ੍ਰਬੰਧ ਕੀਤੇ ਹਨ। ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਦਿਨ ਰਾਤ ਡਿਊਟੀ ਤੇ ਤਾਇਨਾਤ ਹਨ। ਸਾਰੇ ਨਾਕਿਆਂ ਤੇ ਤਾਇਨਾਤ ਅਧਿਕਾਰੀ ਸ਼ਰਧਾਲੂਆਂ ਦੀ ਸਹੂਲਤ ਨੁੰ ਵਿਸੇਸ਼ ਤਰਜੀਹ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਸਮੁੱਚੇ ਖੇਤਰ ਵਿਚ ਪੁਲਿਸ ਅਧਿਕਾਰੀ ਲਗਾਤਾਰ ਗਸ਼ਤ ਕਰ ਰਹੇ ਹਨ ਅਤੇ ਆਧੁਨਿਕ ਤਕਨੀਕਾਂ ਨਾਲ ਵੀ ਮੇਲਾ ਖੇਤਰ ਉੱਤੇ ਨਜ਼ਰ ਰੱਖੀ ਜਾ ਰਹੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪ ਸ਼ਿਖਾ, ਏ.ਡੀ.ਸੀ ਵਿਕਾਸ ਅਮਰਦੀਪ ਸਿੰਘ ਗੁਜਰਾਲ, ਮੇਲਾ ਅਫਸਰ -ਕਮ -ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ ਮੈਡਮ ਕਨੂੰ ਗਰਗ, ਐਸ.ਡੀ.ਐਮ ਰੂਪਨਗਰ ਹਰਜੋਤ ਕੌਰ, ਐਸ.ਡੀ.ਐਮ ਹਰਬੰਸ ਸਿੰਘ ਮੋਰਿੰਡਾ, ਐਸ.ਡੀ.ਐਮ ਚਮਕੋਰ ਸਾਹਿਬ ਮਨਕੰਵਲ ਸਿੰਘ ਚਾਹਲ, ਐਸ.ਪੀ. ਜਗਜੀਤ ਸਿੰਘ ਜੱਲਾ, ਡੀ.ਐਸ.ਪੀ ਚੰਦ ਸਿੰਘ, ਡੀ.ਐਸ.ਪੀ. ਦਵਿੰਦਰ ਸਿੰਘ, ਸੀ.ਐਮ.ਓ ਡਾ.ਐਚ.ਐਨ.ਸ਼ਰਮਾ ਅਤੇ ਜਿਲ੍ਹੇ ਦੇ ਹੋਰ ਅਧਿਕਾਰੀ ਹਾਜ਼ਰ ਸਨ।