ਹਰੀਸ਼ ਕਾਲੜਾ
- 32 ਮੈਡੀਕਲ ਅਫਸਰ, 26 ਐਮਬੂਲੈਂਸਾਂ, ਫੂਡ ਸੇਫਟੀ ਟੀਮਾਂ ਅਤੇ ਡਰੱਗ ਕੰਟਰੋਲ ਟੀਮਾਂ ਤੈਨਾਤ
ਸ੍ਰੀ ਅਨੰਦਪੁਰ ਸਾਹਿਬ, 06 ਮਾਰਚ 2020 - ਸਿਵਲ ਸਰਜਨ ਰੂਪਨਗਰ ਡਾ.ਐਚ.ਐਨ.ਸ਼ਰਮਾ ਨੇ ਦੱਸਿਆ ਹੈ ਕਿ ਹੋਲੇ ਮੁਹੱਲੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਮੇਲਾ ਖੇਤਰ ਵਿਚ ਸਿਹਤ ਵਿਭਾਗ ਦੀ ਪ੍ਰਮੁੱਖ ਜਿੰਮੇਵਾਰੀ ਮੈਡੀਕਲ ਸਹੂਲਤਾਂ, ਸਹੀ ਮਿਆਰ ਦੀਆਂ ਖਾਣ ਪੀਣ ਦੀਆਂ ਚੀਜਾਂ ਅਤੇ ਪਾਣੀ ਦੇ ਸ਼ੁੱਧੀਕਰਣ ਤੋ ਇਲਾਵਾ ਸਿਹਤ ਸੇਵਾਵਾਂ ਸਬੰਧੀ ਪਬਲੀਸਿਟੀ ਅਤੇ ਹੈਲਥ ਐਜੂਕੇਸ਼ਨ ਹਨ। ਇਨ੍ਹਾਂ ਸਹੂਲਤਾਂ ਲਈ ਆਰਜੀ ਡਿਸਪੈਂਸਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੀਰਤਪੁਰ ਸਾਹਿਬ ਵਿਚ ਤਿੰਨ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ 10 ਆਰਜੀ ਮੈਡੀਕਲ ਪੋਸਟਾ ਸਥਾਪਿਤ ਕੀਤੀਆ ਗਈਆ ਹਨ।ਇਨ੍ਹਾਂ ਪੋਸਟਾਂ ਤੇ ਮੁਢਲੀ ਸਿਹਤ ਸਹੂਲਤ ਦੀ ਵਿਵਸਥਾ 24 ਘੰਟੇ ਉਪਲਬਧ ਕੀਤੀ ਗਈ ਹੈ।
ਹੋਲੇ ਮੁਹੱਲੇ ਦੌਰਾਨ ਕੀਤੇ ਹੋਰ ਵਿਸੇਸ਼ ਪ੍ਰਬੰਧਾਂ ਬਾਰੇ ਉਨ੍ਹਾਂ ਹੋਰ ਦੱਸਿਆ ਕਿ ਸਰਕਾਰ ਵੱਲੋਂ ਮਿਥੀਆਂ ਤਮਾਮ ਲੋੜੀਦੀਆਂ 57 ਤਰ੍ਹਾਂ ਦੀਆਂ ਦਵਾਈਆਂ ਹਰ ਇੱਕ ਪੋਸਟ ਤੇ ਲੋੜੀਂਦੀ ਮਾਤਰਾ ਵਿਚ ਉਪਲੱਬਧ ਹਨ। ਸਿਵਲ ਸਰਜਨ ਨੇ ਦੱਸਿਆ ਕਿ ਹੋਲੇ ਮੁਹੱਲੇ ਦੌਰਾਨ ਇਨ੍ਹਾਂ ਮੇੈਡੀਕਲ ਪੋਸਟਾਂ ਤੇ 32 ਮੈਡੀਕਲ ਅਫਸਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਵੱਖ ਵੱਖ ਖੇਤਰਾਂ ਵਿਚ 26 ਐਮਬੂਲੈਂਸ ਤੈਨਾਤ ਰਹਿਣਗੀਆਂ। ਉਨ੍ਹਾਂ ਹੋਰ ਦੱਸਿਆ ਕਿ ਸਿਹਤ ਵਿਭਾਗ ਵਲੋ ਐਸ.ਡੀ.ਐਚ. ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਖ ਵੱਖ ਜਿਲ੍ਹਿਆਂ ਤੋ ਲੜੀਂਦੇ ਮੈਡੀਕਲ ਅਫਸਰ ਜਾਂ ਮਾਹਿਰ ਡਾਕਟਰ ਬੁਲਾ ਕੇ ਸਾਰੇ ਪ੍ਰਬੰਧ ਕਰ ਲਏ ਗਏ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਫੂਡ ਸੇਫਟੀ ਅਫਸਰ/ ਡਰੱਗ ਕੰਟਰੋਲ ਅਫਸਰ ਦੀਆਂ ਤਿੰਨ ਤਿੰਨ ਟੀਮਾਂ ਬਣਾ ਦਿੱਤੀਆ ਗਈਆਂ ਹਨ ਅਤੇ ਐਮ.ਪੀ.ਐਚ.ਡਬਲਯੂ (ਮੇਲ) ਐਮ.ਪੀ.ਐਚ.ਐਸ ਦੇ ਅਧੀਨ 13 ਟੀਮਾ ਸਥਾਪਿਤ ਕੀਤੀਆ ਗਈਆਂ ਹਨ ਜੋ ਕਿ ਲੰਗਰਾਂ ਦੇ ਭਾਂਡਿਆਂ ਦੀ ਡਿਸ ਇੰਨਫੈਕਸ਼ਨ ਅਤੇ ਪੀਣ ਵਾਲੇ ਪਾਣੀ ਨੂੰ ਰੋਗ ਰਹਿਤ ਕਰਨ ਲਈ ਕਲੋਰੀਨੇਟ ਕਰਨਾ ਸੁਨਿਸ਼ਚਿਤ ਕਰ ਰਹੀਆ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਮੇਲੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਵਿਚ ਮੁਢਲ ਟੈਸਟਾਂ ਤੋ ਇਲਾਵਾ ਅਲਟਰਾਸਾਂਊਡ ਅਤੇ ਡਿਜੀਟਲ ਐਕਸ-ਰੇ ਦੀ ਸਹੂਲਤ ਵੀ ਉਪਲਬਧ ਰਹੇਗੀ। ਉਨ੍ਹਾਂ ਕਿਹਾ ਕਿ ਸੰਗਤਾਂ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਸਿਹਤ ਵਿਭਾਗ ਵੱਲੋਂ ਮੇਲੇ ਦੌਰਾਨ 01887-232671 ਅਤੇ 01887-232672 ਕਾਰਜਸ਼ੀਲ ਰਹਿਣਗੇ। ਉਨ੍ਹਾਂ ਦੱਸਿਆ ਕਿ ਸੀ.ਓ.ਵੀ.ਡੀ 19 ਸਬੰਧੀ ਜਾਗਰੂਕਤਾਂ ਕੰਪੇਨ ਵੀ ਆਰੰਭੀ ਗਈ ਹੈ।