ਜੀ ਐਸ ਪੰਨੂ
ਪਟਿਆਲਾ, 6 ਮਾਰਚ 2020 - ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨੋਵਲ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦਿਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ, ਭਾਵੇਂ ਜ਼ਿਲ੍ਹੇ ਵਿੱਚ ਕੋਈ ਕੇਸ ਨਹੀਂ ਪਰ ਬਚਾਅ ਲਈ ਵਾਇਰਸ ਦੇ ਲੱਛਣਾਂ ਅਤੇ ਉਸ ਤੋਂ ਬਚਾਅ ਦੇ ਤਰੀਕਿਆਂ ਸਬੰਧੀ ਜਾਣਕਾਰੀ ਦਿੱਤੀ ਜਾਵੇ।
ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਮੀਟਿੰਗਾਂ ਕਰਕੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਵਾਇਰਸ ਸਬੰਧੀ ਡਿਊਟੀਆਂ ਲਗਾਉਣ ,ਬਾਹਰਲੇ ਦੇਸ਼ ਤੋਂ ਆਇਆ ਦੀ ਜਾਣਕਾਰੀ ਛੁਪਾਈ ਨਾ ਜਾਵੇ ਅਤੇ ਉਸਦਾ ਮੈਡੀਕਲ ਕਰਵਾਇਆ ਜਾਵੇ ਤੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਪਿੰਡਾਂ ਵਿੱਚ ਮੁਨਾਦੀ ਕਰਵਾਉਣ ਲਈ ਕਿਹਾ।
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਹੈ ਕਿ ਆਈਸੋਲੇਸ਼ਨ ਵਾਰਡ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਸਥਾਪਤ ਕੀਤਾ ਗਿਆ ਹੈ, ਜਿੱਥੇ ਸ਼ੱਕੀ ਤੇ ਕਨਫਰਮਡ ਕੇਸ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਕਾਮਨੀਕੈਸ਼ਨ ਪਲਾਨ ਲਈ ਚਾਰ ਮੈਂਬਰੀ ਟੀਮ ਬਣਾਈ ਗਈ ਹੈ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਪੀ. ਐਚ . ਨਵਨੀਤ ਸਿੰਘ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਤੇ ਰਜਿੰਦਰਾ ਹਸਪਤਾਲ ਤੇ ਐਮ.ਐਸ ਡਾ. ਪਾਰਸ ਕੁਮਾਰ ਪਾਂਡਵ ਸ਼ਾਮਲ ਹੋਣਗੇ ਜੋ ਸਾਰੀ ਸਥਿਤੀ ਦੀ ਨਜ਼ਰਸਾਨੀ ਕਰਨਗੇ ਅਤੇ ਲੋੜੀਦੀਆਂ ਹਦਾਇਤਾਂ ਜਾਰੀ ਕਰਨਗੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਿਜੀ ਹਸਪਤਾਲਾਂ ਵੱਲੋਂ ਕਿਸੇ ਸ਼ੱਕੀ ਮਰੀਜ ਨੂੰ ਸਿੱਧਾ ਸਰਕਾਰੀ ਰਜਿੰਦਰਾ ਹਸਪਤਾਲ ਭੇਜਿਆ ਜਾਵੇਗਾ ਤੇ ਕਿਸੇ ਮਰੀਜ ਦੀ ਜਾਣਕਾਰੀ ਛੁਪਾਈ ਨਹੀਂ ਜਾਵੇਗੀ।
ਚੀਨ, ਹਾਂਗਕਾਂਗ, ਥਾਈਲੈਂਡ, ਸਿੰਗਾਪੁਰ, ਜਾਪਾਨ, ਸਾਊਥ ਕੋਰੀਆ, ਨੇਪਾਲ, ਵਿਅਤਨਾਮ, ਇੰਡੋਨੇਸ਼ੀਆ, ਮਲੇਸ਼ੀਆ, ਇਰਾਨ ਤੇ ਇਟਲੀ ਮੁਲਕਾਂ ਵਿੱਚੋਂ ਪਿਛਲੇ 1 ਮਹੀਨੇ ਦੌਰਾਨ ਜੇਕਰ ਕੋਈ ਅਜਿਹਾ ਯਾਤਰੀ ਵਾਪਸ ਆਇਆ ਹੋਵੇ ਤਾਂ ਉਸ ਦੀ ਸੂਚਨਾ ਜ਼ਿਲ੍ਹਾ ਸਰਵੈਂਲੈਂਸ ਅਫ਼ਸਰ ਡਾ. ਯੁਵਰਾਜ ਨਾਰੰਗ ਫੋਨ ਨੰਬਰ 9877474532 ਅਤੇ ਪ੍ਰਦੀਪ ਸਿੰਘ ਫੋਨ ਨੰਬਰ 9815839175 'ਤੇ ਦਿੱਤੀ ਜਾਵੇ ਕਿਸੇ ਮਰੀਜ ਦੀ ਜਾਣਕਾਰੀ ਛੁਪਾਈ ਨਹੀਂ ਜਾਵੇਗੀ, ਸ਼ੱਕੀ ਮਰੀਜ ਨੂੰ ਸਿੱਧਾ ਸਰਕਾਰੀ ਰਜਿੰਦਰਾ ਹਸਪਤਾਲ ਭੇਜਿਆ ਜਾਵੇਗਾ।
ਵਾਇਰਸ ਦੇ ਬਚਾਓ ਲਈ ਬੁਨਿਆਦੀ ਢੰਗ ਤਰੀਕਿਆਂ, ਹੱਥ ਮਿਲਾਉਣ ਤੋਂ ਪਰਹੇਜ, ਸਮੇਂ ਸਮੇਂ ਹੱਥਾਂ ਦੀ ਸਫਾਈ, ਜੁਕਾਮ, ਬੁਖ਼ਾਰ ਹੋਣ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇ। ਕੋਈ ਵੀ ਪ੍ਰਾਈਵੇਟ ਲੈਬ ਜਾਂ ਹਸਪਤਾਲ ਕੋਰੋਨਾ ਵਾਇਰਸ ਦੀ ਜਾਂਚ ਲਈ ਸੈਂਪਲ ਨਾ ਲੈਣ ਅਤੇ ਡਰ ਦੇ ਮਾਹੌਲ ਦਾ ਕਿਸੇ ਵੀ ਤਰ੍ਹਾਂ ਨਾਜਾਇਜ਼ ਫਾਇਦਾ ਚੁੱਕਣ ਦੀ ਕੋਸ਼ਿਸ਼ ਨਾ ਕਰਨ। ਆਰ.ਐਮ.ਪੀ. ਜੇਕਰ ਅਜਿਹੇ ਕਿਸੇ ਮਰੀਜ ਦੀ ਜਾਣਕਾਰੀ ਛੁਪਾਉਣਗੇ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਹਸਪਤਾਲ ਤੋਂ ਅਫ਼ਵਾਹਾਂ ਫੈਲਣ ਦੀ ਸੂਰਤ ਵਿੱਚ ਜਾਂ ਕਿਸੇ ਕੋਤਾਹੀ ਵਰਤਣ ਦੀ ਸੂਰਤ 'ਚ ਸਬੰਧਤ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਇਸ ਸਬੰਧੀ ਕਿਸੇ ਵੀ ਵਿਅਕਤੀ, ਸੰਸਥਾ, ਅਧਿਕਾਰੀ ਜਾ ਕਰਮਚਾਰੀ ਵੱਲੋਂ ਕੁਤਾਹੀ ਕਰਨ ਦੀ ਸੂਰਤ 'ਚ ਐਪੀਡੈਮਿਕ ਐਕਟ ਤਹਿਤ ਕਰਵਾਈ ਕੀਤੀ ਜਾਵੇਗੀ।
ਵਿੱਦਿਅਕ ਅਦਾਰਿਆਂ ਵਿੱਚ ਵਿਦੇਸ਼ੀ ਡੈਲੀਗੇਟ ਜਾਂ ਕੋਰੋਨਾ ਪ੍ਰਭਾਵਤ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਸੂਚਨਾ ਡਾ. ਯੁਵਰਾਜ ਸਿੰਘ ਤੇ ਪ੍ਰਦੀਪ ਸਿੰਘ ਨੂੰ ਸਾਂਝੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਵਿੱਦਿਅਕ ਅਦਾਰਿਆਂ ਵਿੱਚ ਕੋਰੋਨਾ ਵਾਇਰਸ ਬਾਰੇ ਅਫ਼ਵਾਹਾਂ ਫੈਲਾਉਣ ਤੋਂ ਰੋਕਿਆ ਜਾਵੇ, ਅਜਿਹਾ ਕਰਨ ਦੀ ਸੂਰਤ 'ਚ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ ਅਤੇ ਆਪਣੇ ਸੰਸਥਾਨ 'ਚ ਹਦਾਇਤਾਂ ਦੀ ਪਾਲਣਾਂ ਕਰਨ 'ਚ ਅਸਮਰੱਥ ਨਿਗਰਾਨ ਅਫ਼ਸਰ, ਡਾਇਰੈਕਟਰ, ਪ੍ਰਿੰਸੀਪਲ ਆਦਿ ਵਿਰੁੱਧ ਵੀ ਕਾਰਵਾਈ ਹੋਵੇਗੀ। ਫੌਜ ਦੇ ਹਸਪਤਾਲ ਦੇ ਡਾਕਟਰਾਂ ਨੂੰ ਕਿਹਾ ਕਿ ਉਹ ਛੁੱਟੀ 'ਤੇ ਗਏ ਫ਼ੌਜੀਆਂ ਦੇ ਵਾਪਸ ਆਉਣ 'ਤੇ ਮੈਡੀਕਲ ਜਾਂਚ ਕਰਨਾ ਯਕੀਨੀ ਬਣਾਉਣ ਅਤੇ ਇਸ ਸਬੰਧੀ ਫ਼ੌਜ ਦੇ ਹਸਪਤਾਲ ਵਿੱਚ ਵੀ ਪ੍ਰਬੰਧ ਕਰਨ।
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਇਹ ਵਾਇਰਸ ਤਾਂ ਹੀ ਹੁੰਦਾ ਹੈ ਜੇਕਰ ਅਸੀ ਕਿਸੇ ਨੋਵਲ ਕੋਰੋਨਾ ਵਾਇਰਸ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਂਦੇ ਹਾਂ ਅਤੇ ਜੇਕਰ ਕੋਈ ਪਿੱਛਲੇ ਇਕ ਮਹੀਨੇ ਦੌਰਾਨ ਵਿਦੇਸ਼ ਯਾਤਰਾਂ ਖਾਸ ਤੌਰ 'ਤੇ ਉਨ੍ਹਾਂ ਸੱਤ ਦੇਸ਼ਾਂ ਦੀ ਜਿਥੇ ਨੋਵਲ ਕੋਰੋਨਾ ਵਾਇਰਸ ਫੈਲਿਆਂ ਹੈ ਕਰਕੇ ਆਇਆ ਹੈ ਤਾਂ ਉਹ ਆਪਣੀ ਮੈਡੀਕਲ ਜਾਂਚ ਕਰਵਾਉਣਾ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਜਾਗਰੂਕਤਾ ਲਈ ਪੈਂਫਲੇਟ ਤੇ ਸਟਿਕਰ ਵੰਡੇ ਜਾ ਰਹੇ ਹਨ ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਅਤੇ ਬਚਾਅ ਬਾਰੇ ਵਿਸਥਾਰਪੂਰਵਕ ਜਾਣਕਾਰੀ ਹੈ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ, ਐਸ.ਪੀ. ਹੈਡਕੁਆਟਰ . ਨਵਨੀਤ ਸਿੰਘ ਬੈਂਸ, ਐਸ.ਡੀ.ਐਮ. ਦੁਧਨਸਾਧਾਂ ਅਜੈ ਅਰੋੜਾ, ਐਸ.ਡੀ.ਐਮ. ਪਟਿਆਲਾ . ਚਰਨਜੀਤ ਸਿੰਘ, ਐਸ.ਡੀ.ਐਮ. ਸਮਾਣਾ ਨਮਨ ਮੜਕਨ, ਐਸ.ਡੀ.ਐਮ. ਪਾਤੜਾਂ ਸ੍ਰੀਮਤੀ ਪਾਲਿਕਾ ਅਰੋੜਾ, ਐਸ.ਡੀ.ਐਮ. ਨਾਭਾ ਸੂਬਾ ਸਿੰਘ ਸਮੇਤ ਸਮੂਹ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।