ਮਨਿੰਦਰਜੀਤ ਸਿੱਧੂ
- ਅੰਗਹੀਣ ਸਰਟੀਫਿਕੇਟ ਕੈਂਪ ਵਿੱਚ ਅੰਗਹੀਣ ਵਿਅਕਤੀਆਂ ਦੀ ਹੋਈ ਖੱਜਲ ਖੁਆਰੀ
ਜੈਤੋ,06 ਮਾਰਚ 2020 - ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਲੱਗਿਆ ਅੰਗਹੀਣ ਸਰਟੀਫਿਕੇਟ ਬਨਾਉਣ ਦਾ ਕੈਂਪ ਸਿਹਤ ਵਿਭਾਗ ਦੁਆਰਾ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਕਰਕੇ ਅਤੇ ਜੀ.ਓ.ਜੀ.(ਗਾਰਡੀਅਨਜ ਆਫ ਗਵਰਨੈਂਸ) ਦੀ ਨਲਾਇਕੀ ਕਾਰਨ ਪੂਰੀ ਤਰ੍ਹਾਂ ਅਸਫਲ ਰਿਹਾ। ਬੜੇ ਲੰਮੇ ਸਮੇਂ ਤੋਂ ਅੰਗਹੀਣ ਵਿਅਕਤੀਆਂ ਦੀ ਲਟਕਦੀ ਮੰਗ ਨੂੰ ਪੂਰਾ ਕਰਕੇ ਉਕਤ ਕੈਂਪ ਲਗਾਉਣ ਦਾ ਫੈਸਲਾ ਡੀ.ਸੀ. ਫਰੀਦਕੋਟ ਦਾ ਬੜਾ ਸ਼ਲਾਘਾਯੋਗ ਕਦਮ ਸੀ। ਪਰ ਅਫਸੋਸ ਇਹ ਕੈਂਪ ਅੰਗਹੀਣ ਵਿਅਕਤੀਆਂ ਦੀ ਸੁਵਿਧਾ ਦੀ ਜਗ੍ਹਾ ਦੁਬਿਧਾ ਦਾ ਕਾਰਨ ਬਣਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਕੈਂਪ ਲਈ ਸਿਹਤ ਵਿਭਾਗ ਦੁਆਰਾ ਖਾਨਾਪੂਰਤੀ ਲਈ ਕੈਂਪ ਤਾਂ ਲਗਾ ਦਿੱਤਾ ਗਿਆ ਪਰ ਉੱਥੇ ਸਰਟੀਫਿਕੇਟ ਬਣਾਉਣ ਲਈ ਕੋਈ ਪ੍ਰਬੰਧ ਨਹੀਂ ਸੀ।
ਅੰਗਹੀਣ ਵਿਅਕਤੀਆਂ ਨੂੰ ਆਨਲਾਈਨ ਯੂ.ਡੀ.ਆਈ.ਡੀ. ਕਾਰਡ ਬਨਵਾਉਣ ਲਈ ਅਤੇ ਫੋਟੋ ਕਾਪੀਆਂ ਕਰਵਾਉਣ ਲਈ ਬਜਾਰ ਵਿੱਚ ਪ੍ਰਾਈਵੇਟ ਕੈਫੇ ਅਤੇ ਦੁਕਾਨਾਂ ਉੱਪਰ ਭੇਜ ਦਿੱਤਾ ਗਿਆ। ਮੀਂਹ ਅਤੇ ਚਿੱਕੜ ਵਿੱਚ ਅੰਗਹੀਣਾਂ ਨੂੰ ਜੈਤੋ ਦੇ ਬਜਾਰਾਂ ਦੇ ਗੰਦੇ ਪਾਣੀ ਅਤੇ ਚਿੱਕੜ ਵਿੱਚ ਘਿਸੜਨ ਲਈ ਮਜਬੂਰ ਕੀਤਾ ਗਿਆ। ਇਸ ਕੈਂਪ ਵਿੱਚ ਬਹੁਤ ਅੰਗਹੀਣ ਵਿਅਕਤੀ ਜੋ ਕਿ ਦੂਰ-ਨੇੜੇ ਦੇ ਪਿੰਡਾਂ ਤੋਂ ਬੜੀ ਆਸ ਨਾਲ ਕਿਰਾਏ ਤੇ ਮੋਟਰ ਗੱਡੀਆਂ ਦਾ ਭਾੜਾ ਭਰਕੇ ਆਏ ਸਨ ਪਰ ਸਿਹਤ ਵਿਭਾਗ ਵੱਲੋਂ ਉਹਨਾਂ ਨੂੰ ਪ੍ਰਾਈਵੇਟ ਦੁਕਾਨਾਂ ਤੇ ਭੇਜ ਕੇ ਉਹਨਾਂ ਦਾ ਆਰਥਿਕ ਸੋਸ਼ਣ ਕਰਵਾਉਣਾ ਅਤੇ ਬਾਅਦ ਵਿੱਚ ਕੋਈ ਕੰਮ ਨੇਪਰੇ ਨਾ ਚੜ੍ਹਾ ਕੇ 3 ਵਜੇ ਹੀ ਕੈਂਪ ਦਾ ਭੋਗ ਪਾ ਦੇਣ ਨੇ ਅੰਗਹੀਣ ਵਿਅਕਤੀਆਂ ਸਰੀਰਕ, ਮਾਨਸਿਕ ਅਤੇ ਆਰਥਿਕ ਤੌਰ 'ਤੇ ਪਰੇਸ਼ਾਨ ਕੀਤਾ। ਪ੍ਰਸ਼ਾਸਨ ਦੁਆਰਾ ਇਸ ਕੈਂਪ ਸਬੰਧੀ ਲੋਕਾਂ ਨੂੰ ਪੂਰਨ ਜਾਣਕਾਰੀ ਅਤੇ ਮਦਦ ਲਈ ਜੀ.ਓ.ਜੀ. ਦੀ ਡਿਊਟੀ ਲਗਾਈ ਸੀ ਪਰ ਉਹ ਵੀ ਅੰਗਹੀਣ ਵਿਅਕਤੀਆਂ ਨੂੰ ਇਸ ਕੈਂਪ ਬਾਰੇ ਜਾਗਰੂਕ ਕਰਨ ਅਤੇ ਉਹਨਾਂ ਦੀ ਮਦਦ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ।
ਕੀ ਕਹਿੰਦੇ ਹਨ ਬਾਬਾ ਹਜੂਰ ਦਾਸ ਜੀ?
ਦਿਵਿਆਂਗ ਪੇਂਡੂ ਅਸੂਲ ਮੰਚ ਦੇ ਪ੍ਰਧਾਨ ਬਾਬਾ ਹਜੂਰ ਦਾਸ ਨੇ ਵੀ ਪ੍ਰਸ਼ਾਸਨ ਦੀ ਇਸ ਨਾਕਾਮੀ ਸਬੰਧੀ ਕਾਫੀ ਨਿਰਾਸ਼ਾ ਵਿਅਕਤ ਕੀਤੀ। ਉਹਨਾਂ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਸਾਹਿਬ ਦੇ ਤਾਂ ਬਹੁਤ ਧੰਨਵਾਦੀ ਹਨ ਜਿਹਨਾਂ ਨੇ ਸਾਡੀ ਮੰਗ ਤੇ ਇਹ ਕੈਂਪ ਲਗਵਾਇਆ ਪਰ ਸਾਨੂੰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਤੇ ਬਹੁਤ ਗਿਲਾ ਹੈ ਜਿਹਨਾਂ ਦੀ ਅਣਗਹਿਲੀ ਅਤੇ ਪ੍ਰਬੰਧਾਂ ਦੀ ਅਣਹੋਂਦ ਅਤੇ ਪੂਰਨ ਜਾਣਕਾਰੀ ਨਾ ਦੇਣ ਕਰਕੇ ਪਹਿਲਾਂ ਤੋਂ ਹੀ ਦੁਖੀ ਵਿਅਕਤੀਆਂ ਦੇ ਜਖਮਾਂ ਉੱਪਰ ਲੂਣ ਭੁੱਕਿਆ ਗਿਆ। ਅਸੀਂ ਡਿਪਟੀ ਕਮਿਸ਼ਨਰ ਫਰੀਦਕੋਟ ਤੋਂ ਮੰਗ ਕਰਦੇ ਹਾਂ ਕਿ ਇਹ ਕੈਂਪ ਦੁਬਾਰ ਪੂਰੇ ਪੁਖਤਾ ਪ੍ਰਬੰਧਾਂ ਨਾਲ ਲਗਾਇਆ ਜਾਵੇ ਅਤੇ ਜੋ ਕੈਂਪ ਫੇਲ੍ਹ ਰਿਹਾ ਉਸਦੇ ਕਾਰਨਾਂ ਦੀ ਪੜਤਾਲ ਕਰਕੇ ਸਬੰਧਿਤ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਕੀ ਕਹਿੰਦੇ ਅਸਿਸਟੈਂਟ ਸਿਵਲ ਸਰਜਨ?
ਜਦ ਅਸੀਂ ਇਸ ਸਾਰੇ ਮਸਲੇ ਸਬੰਧੀ ਕੈਂਪ ਦੇ ਇੰਚਾਰਜ ਅਸਿਸਟੈਂਟ ਸਿਵਲ ਸਰਜਨ ਡਾ. ਐੱਮ.ਕੇ. ਭੱਲਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਯੂ.ਡੀ.ਆਈ.ਡੀ. ਕਾਰਡ ਤਾਂ ਅੰਗਹੀਣ ਵਿਅਕਤੀਆਂ ਨੂੰ ਖੁਦ ਹੀ ਅਪਲਾਈ ਕਰਨੇ ਪੈਣੇ ਸਨ ਅਸੀਂ ਸਾਰੇ ਜਗ੍ਹਾ ਇਹ ਸੁਨੇਹਾ ਦਿੱਤਾ ਸੀ ਕਿ ਕਾਰਡ ਆਨਲਾਈਨ ਕਰਵਾ ਕੇ ਕੈਂਪ ਵਿੱਚ ਆਇਆ ਜਾਵੇ। ਜੇਕਰ ਫਿਰ ਵੀ ਕਿਸੇ ਵਿਅਕਤੀ ਤੱਕ ਇਹ ਸੁਨੇਹਾ ਨਹੀਂ ਪਹੁੰਚਿਆ ਤਾਂ ਇਸ ਵਿੱਚ ਹੇਠਲੇ ਪੱਧਰ ਤੱਕ ਸੰਪਰਕ ਦੀ ਘਾਟ ਰਹੀ ਹੋ ਸਕਦੀ ਹੈ।