ਹਰੀਸ਼ ਕਾਲੜਾ
- ਵਰ੍ਹਦੇ ਮੀਂਹ 'ਚ ਲੰਬੀਆਂ ਕਤਾਰਾਂ ਲਗਾ ਕੇ ਵਿਰਾਸਤ-ਏ-ਖਾਲਸਾ ਵੇਖਣ ਲਈ ਸੰਗਤਾਂ ਕਰ ਰਹੀਆਂ ਹਨ ਵਾਰੀ ਦੀ ਉਡੀਕ
ਸ੍ਰੀ ਅਨੰਦਪੁਰ ਸਾਹਿਬ, 07 ਮਾਰਚ 2020 - ਹਾਲਾਂਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੀ ਸ਼ੁਰੂਆਤ ਭਲਕੇ 8 ਮਾਰਚ ਨੂੰ ਹੋਣੀ ਹੈ ਪਰ ਕੌਮੀ ਤਿਉਹਾਰ ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੀਆਂ ਸੰਗਤਾਂ ਵਾਸਤੇ ਬਰਸਾਤ ਦੇ ਬਾਵਜੂਦ ਵੀ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸਨੂੰ ਵੇਖਣ ਲਈ ਪਹੁੰਚੀਆਂ ਸੰਗਤਾਂ ਵਰ੍ਹਦੇ ਮੀਂਹ 'ਚ ਲੰਬੀਆਂ ਕਤਾਰਾਂ ਲਗਾ ਕੇ ਵੀ ਆਪਣੀ ਵਾਰੀ ਦੀ ਉਡੀਕ ਕਰਦੀਆਂ ਵੇਖੀਆਂ ਗਈਆਂ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿੱਥੇ ਕੌਮੀ ਤਿਉਹਾਰ ਹੋਲੇ ਮਹੱਲੇ ਮੌਕੇ ਆਉਣ ਵਾਲੀਆਂ ਸੰਗਤਾਂ ਵਾਸਤੇ ਵਿਆਪਕ ਇੰਤਜ਼ਾਮ ਕਰਨ ਵਾਸਤੇ ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਵੱਲੋਂ ਮੈਰਾਥਨ ਬੈਠਕਾਂ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਉੱਥੇ ਹੀ ਉਨ੍ਹਾਂ ਸੰਗਤਾਂ ਦੀ ਹਰ ਸੰਭਵ ਸਹੂਲਤ ਲਈ ਵੀ ਅਧਿਕਾਰੀਆਂ ਨੂੰ ਵਿਸ਼ੇਸ਼ ਤਵੱਜੋ ਦੇਣ ਦੇ ਹੁਕਮ ਦਿੱਤੇ ਸਨ। ਇਸੇ ਦੇ ਤਹਿਤ ਉਨ੍ਹਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣੇ ਵਿਰਾਸਤ-ਏ-ਖਾਲਸਾ ਦੇ ਅਧਿਕਾਰੀਆਂ ਨੂੰ ਇਹ ਹਿਦਾਇਤ ਕੀਤੀ ਸੀ ਕਿ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਸਾਨੂੰ ਵਿਰਾਸਤ-ਏ-ਖਾਲਸਾ ਵਿਖਾਉਣ ਲਈ ਆਮ ਦਿਨਾਂ ਨਾਲੋ ਵੱਧ ਕੇ ਯਤਨ ਕਰਨੇ ਚਾਹੀਦੇ ਹਨ। ਜਿਸਦੇ ਤਹਿਤ ਸੰਗਤਾਂ ਦੀ ਸਹੂਲਤ ਵਾਸਤੇ ਇਸਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਕਰ ਦਿੱਤਾ ਗਿਆ ਸੀ। ਇਹੀ ਨਹੀਂ ਹੋਲੇ ਮਹੱਲੇ ਕਰਕੇ ਵਿਰਾਸਤ-ਏ-ਖਾਲਸਾ ਸੋਮਵਾਰ ਨੂੰ ਵੀ ਵਿਸ਼ੇਸ਼ ਤੌਰ 'ਤੇ ਸੰਗਤਾਂ ਵਾਸਤੇ ਖੋਲ੍ਹੇ ਜਾਣ ਦਾ ਫੈਸਲਾ ਲਿਆ ਗਿਆ ਹੈ।
ਅੱਜ 7 ਮਾਰਚ ਨੂੰ ਇਹ ਵੇਖਣ ਵਿੱਚ ਆਇਆ ਕਿ ਬੇਸ਼ੱਕ ਮੌਸਮ ਖਰਾਬ ਹੋਣ ਕਰਕੇ ਸਵੇਰੇ ਤੋਂ ਹੀ ਬਰਸਾਤ ਪੈ ਰਹੀ ਸੀ ਪਰ ਪੰਜਾਬ ਦੀ ਅਨਮੋਲ ਵਿਰਾਸਤ, ਪੰਜਾਬੀ ਸੱਭਿਆਚਾਰ ਤੇ ਪੰਜਾਬ ਦੇ 550 ਸਾਲਾਂ ਦੇ ਗੌਰਵਮਈ ਵਿਰਸੇ ਨੂੰ ਸਮੋਈ ਬੈਠੇ ਵਿਰਾਸਤ-ਏ-ਖਾਲਸਾ ਨੂੰ ਵੇਖਣ ਲਈ ਹਰ ਉਮਰ ਵਰਗ ਦੇ ਲੋਕਾਂ ਵਿੱਚ ਤਾਂਘ ਪਾਈ ਜਾ ਰਹੀ ਸੀ। ਇਹੀ ਕਾਰਨ ਸੀ ਕਿ ਵਿਰਾਸਤ-ਏ-ਖਾਲਸਾ ਵੇਖਣ ਲਈ ਸੰਗਤਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਜਦਕਿ ਵਰ੍ਹਦੇ ਮੀਂਹ 'ਚ ਬੱਚੇ, ਬਜ਼ੁਰਗ ਤੇ ਜਵਾਨ, ਔਰਤਾਂ, ਮਰਦ ਲਗਾਤਾਰ ਆਪਣੀ ਵਾਰੀ ਦੀ ਉਡੀਕ 'ਚ ਵਿਰਾਸਤ-ਏ-ਖਾਲਸਾ ਦਾ ਪਾਸ ਲੈਣ ਲਈ ਯਤਨਸ਼ੀਲ ਸਨ। ਵਿਰਾਸਤ-ਏ-ਖਾਲਸਾ ਨੂੰ ਵੇਖ ਕੇ ਪਰਤਣ ਵਾਲੀਆਂ ਸੰਗਤਾਂ ਦਾ ਇਹ ਕਹਿਣਾ ਸੀ ਕਿ ਜੇਕਰ ਸ੍ਰੀ ਅਨੰਦਪੁਰ ਸਾਹਿਬ ਆ ਕੇ ਗੁਰਦੁਆਰਾ ਸਹਿਬਾਨ ਦੇ ਦਰਸ਼ਨ ਕਰਕੇ ਨਤਮਸਤਕ ਨਾ ਹੋਏ ਅਤੇ ਵਿਰਾਸਤ-ਏ-ਖਾਲਸਾ ਨਾ ਵੇਖਿਆ ਤਾਂ ਇੱਥੇ ਆਉਣ ਦਾ ਕੋਈ ਮੰਤਵ ਹੀ ਨਹੀਂ ਰਹਿੰਦਾ।ਇਸ ਲਈ ਅੱਜ ਸਾਨੂੰ ਵਿਰਾਸਤ-ਏ-ਖਾਲਸਾ ਵੇਖ ਕੇ ਜਿੱਥੇ ਕਾਫੀ ਗਿਆਨ ਮਿਲਿਆ ਹੈ ਉੱਥੇ ਹੀ ਅਸੀਂ ਤੇ ਸਾਡੇ ਬੱਚੇ ਆਪਣੇ ਗੁਰੂਆਂ ਦੀਆਂ ਕੁਰਬਾਨੀਆਂ, ਉਨ੍ਹਾਂ ਦੀ ਦੇਣ ਤੋਂ ਇਲਾਵਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਅਨਮੋਲ ਤੇ ਵਡਮੁੱਲੀ ਜਾਣਕਾਰੀ ਲੈ ਸਕੇ ਹਨ।