ਹਰੀਸ਼ ਕਾਲੜਾ
- ਪੇਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਲੰਗਰ ਕਮੇਟੀਆਂ ਨੁੰ ਸਵੱਛ ਹੋਲਾ ਮੁਹੱਲਾ ਮਨਾਉਣ ਲਈ ਕਰ ਰਹੇ ਹਨ ਪ੍ਰੇਰਿਤ
ਸ੍ਰੀ ਅਨੰਦਪੁਰ ਸਾਹਿਬ, 07 ਮਾਰਚ 2020 - ਜਿਲ੍ਹਾ ਪ੍ਰਸਾਸ਼ਨ ਵੱਲੋਂ ਸਵੱਛ ਹੋਲਾ ਮਨਾਉਣ ਦੇ ਮੰਤਵ ਨਾਲ ਸੁਰੂ ਕੀਤੀ ਸਵੱਛਤਾ ਮੁਹਿੰਮ ਨੂੰ ਮੇਲਾ ਖੇਤਰ ਵਿਚ ਭਰਵਾ ਹੁੰਗਾਰਾ ਮਿਲ ਰਿਹਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਸਮੁੱਚੇ ਮੇਲਾ ਖੇਤਰ ਵਿਚ ਜਾ ਕੇ ਲੰਗਰ ਕਮੇਟੀਆਂ/ਸੁਸਾਇਟੀਆਂ, ਖਾਣ ਪੀਣ ਦੀਆ ਵਸਤੂਆ ਦੀਆਂ ਦੁਕਾਨਾ, ਹੋਟਲਾਂ ਅਤੇ ਢਾਬਿਆਂ ਅਤੇ ਰੇਹੜੀ ਫੜੀ ਵਾਲਿਆਂ ਨੂੰ ਪਾਬੰਦੀ ਲੱਗੇ ਪਲਾਸਟਿਕ ਦੇ ਬਰਤਨਾ ਦੀ ਵਰਤੋਂ ਨਾ ਕਰਨ ਅਤੇ ਆਪਣਾ ਆਲਾ ਦੁਆਲਾ ਸਵੱਛ ਰੱਖਣ ਲਈ ਪ੍ਰੇਰਿਤ ਕਰ ਰਹੇ ਹਨ।
ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦਰਸ਼ਨ ਸਿੰਘ ਭਮੱਦੀ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਲੇ ਮੁਹੱਲੇ ਦੌਰਾਨ ਉਨ੍ਹਾਂ ਵੱਲੋਂ ਲਗਾਤਾਰ ਇਸ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਅਗੰਮਪੁਰ ਚੌਂਕ ਵਿੱਚ ਜਲੰਧਰ ਦੇ ਪਿੰਡ ਇੱਟਾਵਾੜੀ ਤੋ ਆਏ ਲੰਗਰ ਕਮੇਟੀ ਦੇ ਪ੍ਰਬੰਧਕਾਂ ਅਵਤਾਰ ਸਿੰਘ ਤੇ ਬਹਾਦੁਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦੀ ਅਪੀਲ ਤੋਂ ਬਾਅਦ ਆਪਣੇ ਲੰਗਰ ਵਿਚ ਪਲਾਸਟਿਕ ਦੇ ਬਰਤਨਾ ਦੀ ਵਰਤੋਂ ਨਾ ਕਰਨ ਦਾ ਫੈਸਲਾ ਕੀਤਾ ਹੈ। ਲੰਗਰ ਵਿਚ ਕੇਵਲ ਸਟੀਲ ਦੇ ਬਰਤਨ ਦੀ ਵਰਤੇ ਜਾ ਰਹੇ ਹਨ ਉਨ੍ਹਾਂ ਦੱਸਿਆ ਕਿ ਲੰਗਰ ਵਿਚ ਕੂੜੇਦਾਨ ਵੀ ਸਥਾਪਿਤ ਕੀਤੇ ਹੋਏ ਹਨ ਅਤੇ ਲੰਗਰ ਦਾ ਆਲਾ ਦੁਆਲਾ ਪੂਰੀ ਤਰ੍ਹਾਂ ਸਾਫ ਸੁਥਰਾ ਰੱਖਿਆ ਜਾ ਰਿਹਾ ਹੈ।
ਬੀ.ਡੀ.ਪੀ.ਓ ਨੇ ਹੋਰ ਦੱਸਿਆ ਕਿ ਉਨ੍ਹਾਂ ਦੀ ਟੀਮ ਲਗਾਤਾਰ ਖਾਣ ਪੀਣ ਦੀਆਂ ਵਸਤਾਂ ਵਾਲਿਆਂ ਰੇਹੜੀਆਂ ਤੇ ਫੜੀਆਂ, ਹੋਟਲਾ ਤੇ ਢਾਬਿਆਂ, ਦੁਕਾਨਾਂ ਅਤੇ ਵੱਖ ਵੱਖ ਲੰਗਰ ਕਮੇਟੀਆਂ ਵਿਚ ਜਾ ਕੇ ਉਨ੍ਹਾ ਦੇ ਪ੍ਰਬੰਧਕਾ ਨੁੰ ਇਸ ਵਾਰ ਪਲਾਸਟਿਕ ਮੁਕਤ ਹੋਲਾ ਮੁਹੱਲਾ ਮਨਾਉਣ ਲਈ ਪ੍ਰੇਰਿਤ ਕਰ ਰਹੀਆ ਹਨ। ਉਨ੍ਹਾਂ ਨੇ ਦੱਸਿਆ ਕਿ ਲਗਾਤਾਰ ਇਹ ਜਾਗਰੂਕਤਾ ਮੁਹਿੰਮ ਹੋਲੇ ਮੁਹੱਲੇ ਦੌਰਾਨ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸਵੱਛਤਾ ਲਈ ਪਲਾਸਟਿਕ ਦੇ ਸਮਾਨ ਦੀ ਵਰਤੋ ਨਾ ਕਰਨ ਬਾਰੇ ਲੋਕਾ ਵਿਚ ਕਾਫੀ ਜਾਗਰੂਕਤਾ ਆਈ ਹੈ।