ਜੀ ਐਸ ਪੰਨੂ
- ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਮ ਲੋਕਾਂ ਨੂੰ ਕਾਨੂੰਨੀ ਨੁਕਤਿਆਂ ਬਾਰੇ ਜਾਣਕਾਰੀ ਦੇਣ ਲਈ ਲਗਾਏ ਜਾ ਰਹੇ ਹਨ ਸੈਮੀਨਾਰ : ਪਰਮਿੰਦਰ ਕੌਰ
ਪਟਿਆਲਾ, 7 ਮਾਰਚ 2020 - ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਰਵਮੈਤਰੀ ਫਾਊਡੇਂਸ਼ਨ ਦੇ ਸਹਿਯੋਗ ਨਾਲ ਫੋਰਟ ਮੈਰਿਜ ਪੈਲਸ ਵਿਖੇ ਅੰਤਰਰਾਸ਼ਟਰੀ ਔਰਤ ਦਿਵਸ ਦੇ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੀ.ਜੇ.ਐਮ. ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਪਰਮਿੰਦਰ ਕੌਰ ਵੱਲੋਂ ਹਾਜ਼ਰ ਵੱਡੀ ਗਿਣਤੀ ਔਰਤਾਂ ਨੂੰ ਪੀ.ਸੀ. ਅਤੇ ਪੀ.ਐਨ.ਡੀ.ਟੀ ਐਕਟ, ਪੋਕਸੋ ਐਕਟ, ਵਿਕਟਿਮ ਕੰਪਨਸੈਸ਼ਨ ਸਕੀਮਾਂ, ਕੰਮ ਵਾਲੀ ਥਾਂ ਤੇ ਔਰਤਾਂ ਦੇ ਯੌਨ ਸ਼ੋਸ਼ਣ ਅਤੇ ਔਰਤਾਂ ਨਾਲ ਸੰਬੰਧਤ ਹੋਰ ਸਾਰੇ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਗਈ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸਮਾਗਮ ਦੌਰਾਨ ਨਾਲਸਾ (ਤਸਕਰੀ ਅਤੇ ਵਪਾਰਕ ਯੋਨ ਸੋਸ਼ਨ ਪੀੜਿਤਾਂ ਦੇ ਲਈ ਕਾਨੂੰਨੀ ਸੇਵਾਵਾਂ) ਯੋਜਨਾ, 2015, ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਦੇਸ਼ ਦੇ ਪ੍ਰਤੀ ਮੌਲਿਕ ਕਰਤਵਾਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚੇਅਰਮੈਨ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਆਰ.ਕੇ. ਜੈਨ ਦੇ ਨਿਰਦੇਸ਼ਾਂ 'ਤੇ ਅਤੇ ਜ਼ਿਲ੍ਹਾ ਅਤੇ ਸੈਂਸ਼ਨ ਜੱਜ ਰਜਿੰਦਰ ਅਗਰਵਾਲ ਦੀ ਅਗਵਾਈ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਸਕੂਲ, ਕਾਲਜਾ, ਪਿੰਡਾਂ ਅਤੇ ਜਨਤਕ ਸਥਾਨਾਂ 'ਤੇ ਸੈਮੀਨਾਰ ਲਗਾਕੇ ਆਮ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆਂ ਜਾਦੀਆਂ ਸਹੂਲਤਾਂ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ। ਸੈਮੀਨਾਰ ਦੌਰਾਨ ਮੁਫਤ ਕਾਨੂੰਨੀ ਸਹਾਇਤਾ, ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ), ਮੀਡੀਏਸ਼ਨ ਅਤੇ ਕੰਸੀਲੀਏਸ਼ਨ ਸੈਂਟਰ ਅਤੇ ਟੋਲ ਫਰੀ ਨੰਬਰ 1968 ਬਾਰੇ ਵੀ ਜਾਣਕਾਰੀ ਦਿੱਤੀ ਗਈ ਨਾਲ ਦੱਸਿਆ ਕਿ ਪਿੰਡ ਵਿੱਚ ਪੜਾਈ ਦੀ ਤੇ ਜਾਣਕਾਰੀ ਦੀ ਕਮੀਂ ਕਾਰਨ ਕੁਝ ਔਰਤਾਂ ਆਪਣੇ ਹੱਕਾਂ ਤੋਂ ਵਾਂਝਿਆਂ ਰਹਿ ਜਾਂਦੀਆਂ ਹਨ ਉਨ੍ਹਾਂ ਸੁਨੇਹਾ ਦਿੱਤਾ ਕਿ ਔਰਤਾਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹਨ ਉਨ੍ਹਾਂ ਨੂੰ ਆਪਣੇ ਹੱਕ ਪਛਾਣ ਕਿ ਅੱਗੇ ਵਧਣ ਦੀ ਲੋੜ ਹੈ
ਇਸ ਮੌਕੇ ਆਪਣੇ ਖੇਤਰ ਵਿੱਚ ਉਚੇਰਾ ਮੁਕਾਮ ਹਾਸਲ ਕਰਨ ਵਾਲੀਆਂ ਕੁਝ ਸ਼ਖਸੀਅਤਾਂ ਨੂੰ ਅਵਾਰਡ ਦੇ ਕੇ ਸਨਮਾਨਿਤ ਵੀ ਕੀਤਾ ਗਿਆ, ਜਿਨਾਂ ਵਿੱਚ ਓਲੰਪੀਅਨ ਦਿਵਿਆ ਤਿਵਾੜੀ ਸ਼ਰਮਾ, ਪੰਜਾਬ ਕਾਲਜ ਐਜੂਕੇਸ਼ਨ ਦੇ ਪ੍ਰਿੰਸੀਪਲ ਸ੍ਰੀਮਤੀ ਭੁਪਿੰਦਰ ਕੌਰ, ਇੰਚਾਰਜ ਪੰਜਾਬ ਕੇਸਰੀ ਤੇ ਜਗਬਾਣੀ ਸ੍ਰੀਮਤੀ ਸਤਿੰਦਰਪਾਲ ਕੌਰ ਵਾਲੀਆ, ਸਰਕਾਰੀ ਹਾਈ ਸਕੂਲ ਦੇ ਹੈਡ ਸ੍ਰੀਮਤੀ ਪ੍ਰੀਤੀ ਗੁਪਤਾ, ਸਰਪੰਚ ਪਿੰਡ ਖਨੋਖਾ ਡਾ. ਗੁਰਦੀਪ ਕੋਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਸ਼ਾਇਨਾ ਕਪੂਰ, ਕੋਚ ਸੰਗੀਤਾ ਸਿੰਘ ਪਟਿਆਲ, ਯੋਗਾ ਥੈਰਪਿਸਟ ਸ੍ਰੀਮਤੀ ਸ਼ਸ਼ੀ ਨੰਦਾ, ਸ੍ਰੀਮਤੀ ਸੋਨਲ ਦੀਪ ਕੌਰ, ਸ੍ਰੀਮਤੀ ਨਿਸ਼ਾ ਰਿਸ਼ੀ, ਗੁਰਬਾਲ ਕੌਰ ਅਤੇ ਪ੍ਰਿਯੰਕਾ ਵਧਵਾ ਨੂੰ ਆਪਣੇ-ਆਪਣੇ ਖੇਤਰ 'ਚ ਵਧੀਆਂ ਕੰਮ ਕਰਨ ਬਦਲੇ ਸਨਮਾਨਤ ਕੀਤਾ ਗਿਆ।
ਸਮਾਗਮ ਵਿਚ ਚੇਅਰਪਰਸਨ ਪੰਜਾਬ ਰਾਜ ਸਮਾਜ ਭਲਾਈ ਬੋਰਡ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਨਗਰ ਸੁਧਾਰ ਟਰਸੱਟ ਦੇ ਚੇਅਰਮੈਨ ਸ੍ਰੀ ਸੰਤ ਲਾਲ ਬਾਂਗਾ, ਏ.ਆਈ.ਜੀ. ਦਲਜੀਤ ਸਿੰਘ ਰਾਣਾ, ਡੀ.ਐਸ.ਐਸ.ਓ.ਵਰਿੰਦਰ ਸਿੰਘ ਟਿਵਾਣਾ, ਡੀ.ਐਸ.ਪੀ. ਟਰੈਫਿਕ ਏ.ਆਰ. ਸ਼ਰਮਾ, ਸ੍ਰੀਮਤੀ ਚੰਚਲ ਕੁਮਾਰੀ ਪੀ.ਪੀ.ਐਸ, ਸਰਵਮੈਤਰੀ ਫਾਊਡੇਸ਼ਨ ਦੇ ਪ੍ਰਧਾਨ ਸ੍ਰੀਮਤੀ ਰੋਜੀ ਸਰੀਨ ਅਤੇ ਪੀ.ਐਲ.ਵੀ. ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵੀ ਹਾਜ਼ਰ ਸਨ।