ਹਰੀਸ਼ ਕਾਲੜਾ
- ਡੀ.ਸੀ. ਨੇ ਐੱਸ.ਜੀ.ਟੀ.ਬੀ ਖਾਲਸਾ ਕਾਲਜ ਵਿੱਚ ਵੱਖ-ਵੱਖ ਵਿਭਾਗਾਂ ਦੀ ਪ੍ਰਗਤੀ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਦਾ ਕੀਤਾ ਉਦਘਾਟਨ
ਸ੍ਰੀ ਅਨੰਦਪੁਰ ਸਾਹਿਬ, 08 ਮਾਰਚ 2020 - ਹੋਲੇ ਮਹੱਲੇ ਮੌਕੇ ਸ੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਚ ਵੱਖ ਵੱਖ ਵਿਭਾਗਾਂ ਵਲੋਂ ਲਗਾਈਆਂ ਵਿਕਾਸ ਪ੍ਰਦਰਸ਼ਨੀਆਂ ਦਾ ਅੱਜ ਡਿਪਟੀ ਕਮਿਸ਼ਨਰ ਸ੍ਰੀ ਵਿਨੇ ਬਬਲਾਨੀ ਨੇ ਉਦਘਾਟਨ ਕੀਤਾ ਅਤੇ ਇਨ੍ਹਾਂ ਪ੍ਰਦਰਸ਼ਨੀਆਂ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੈਣ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਸ੍ਰੀ ਵਿਨੇ ਬਬਲਾਨੀ ਨੇ ਕਿਹਾ ਕਿ ਲੋੜਵੰਦ ਲੋਕਾਂ ਨੂੰ ਸਰਕਾਰ ਵਲੋ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਪਹੁੰਚਾਉਣ ਲਈ ਅਧਿਕਾਰੀ ਪੂਰੀ ਜਿੰਮੇਵਾਰੀ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋ ਆਮ ਲੋਕਾਂ ਲਈ ਬਹੁਤ ਸਾਰੀਆਂ ਯੋਜਨਾਵਾ ਚਲਾਈਆ ਜਾ ਰਹੀਆ ਹਨ ਪ੍ਰੰਤੂ ਜਾਣਕਾਰੀ ਦੀ ਅਣਹੋਂਦ ਕਾਰਨ ਕਈ ਵਾਰ ਲੋੜਵੰਦ ਲੋਕ ਅਜਿਹੀਆਂ ਸਕੀਮਾਂ ਦਾ ਲਾਭ ਲੈਣ ਤੋ ਵਾਂਝੇ ਰਹਿ ਜਾਂਦੇ ਹਨ। ਇਨ੍ਹਾਂ ਵਿਕਾਸ ਪ੍ਰਦਰਸ਼ਨੀਆਂ ਦਾ ਮਨੋਰਥ ਲੋੜਵੰਦ ਲੋਕਾ ਤੱਕ ਸਰਲ ਮਾਧਿਅਮ ਰਾਹੀਂ ਇਹ ਲਾਭ ਪਹੁੰਚਾਉਣਾ ਹੈ।
ਡਿਪਟੀ ਕਮਿਸ਼ਨਰ ਨੇ ਲੀਡ ਬੈਂਕ, ਡੇਅਰੀ ਵਿਕਾਸ ਬੋਰਡ, ਸਿੱਖਿਆ ਵਿਭਾਗ, ਮੱਛੀ ਪਾਲਣ ਵਿਭਾਗ, ਰੁਜਗਾਰ ਉਤਪੱਤੀ ਅਤੇ ਕਾਰੋਬਾਰ ਬਿਊਰੋ, ਸਿਹਤ ਵਿਭਾਗ, ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ, ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ, ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਆਦਿ ਵੱਖ ਵੱਖ ਵਿਭਾਗਾਂ ਵਲੋਂ ਆਪਣੀਆਂ ਯੋਜਨਾਵਾ ਅਤੇ ਪ੍ਰਗਤੀ ਨੂੰ ਦਰਸਾਉਦੀਆਂ ਇਨ੍ਹਾਂ ਪ੍ਰਦਰਸ਼ਨੀਆਂ ਦਾ ਜਾਇਜ਼ਾ ਲਿਆ ਅਤੇ ਉਥੇ ਮੌਜੂਦ ਅਧਿਕਾਰੀਆਂ ਤੋਂ ਉਨ੍ਹਾਂ ਦੇ ਵਿਭਾਗਾਂ ਵਲੋਂ ਚਲਾਈਆਂ ਜਾ ਰਹੀਆਂ ਯੋਜਨਾਵਾ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਰਦੀਪ ਸਿੰਘ ਗੁਜਰਾਲ ਨੇ ਡਿਪਟੀ ਕਮਿਸ਼ਨਰ ਨੁੰ ਜਿਲ੍ਹੇ ਵਿਚ ਚੱਲ ਰਹੀਆਂ ਖੇਤੀਬਾੜੀ ਨਾਲ ਸਬੰਧਿਤ ਯੋਜਨਾਵਾਂ ਅਤੇ ਪ੍ਰਗਤੀ ਅਧੀਨ ਕੰਮਾ ਬਾਰੇ ਜਾਣਕਾਰੀ ਦਿੱਤੀ।