ਹਰੀਸ਼ ਕਾਲੜਾ
- ਸੰਗਤਾਂ ਨੂੰ ਘੱਟ ਤੋਂ ਘੱਟ ਸਮੇਂ ਲਈ ਠਹਿਰਨ ਦੀ ਅਪੀਲ, ਰਾਤ ਨੂੰ ਕਿਸੇ ਨੂੰ ਵੀ ਨਾ ਰੁਕਣ ਦੀ ਬੇਨਤੀ
- ਸੰਗਤਾਂ ਇੱਕ ਦੂਸਰੇ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣ
ਸ੍ਰੀ ਅਨੰਦਪੁਰ ਸਾਹਿਬ, 08 ਮਾਰਚ 2020 - ਮਹੱਲੇ ਦੇ ਪਵਿੱਤਰ ਅਵਸਰ 'ਤੇ ਸ੍ਰੀ ਆਨੰਦਪੁਰ ਸਾਹਿਬ ਆਉਣ ਵਾਲੀਆਂ ਸੰਗਤਾਂ ਦੀ ਸਿਹਤ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਸ੍ਰੀ ਆਨੰਦਪੁਰ ਸਾਹਿਬ ਆਉਣ ਵਾਲੇ ਤਿੰਨ ਪ੍ਰਮੁੱਖ ਮਾਰਗਾਂ 'ਤੇ ਲੱਗੇ ਨਾਕਿਆਂ (ਅਗੰਮਪੁਰ, ਚੰਡੇਸਰ, ਝਿੰਜੜੀ) 'ਤੇ ਹਰੇਕ ਮੋਟਰ ਗੱਡੀ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਮੁੱਖ ਮਾਰਗ ਉਤੇ ਝਿੰਜੜੀ ਵਿਖੇ ਲਗਾਏ ਗਏ ਨਾਕੇ ਦਾ ਉਚੇਚੇ ਤੌਰ 'ਤੇ ਨਿਰੀਖਣ ਕਰਨ ਉਪਰੰਤ ਦੱਸਿਆ ਕਿ ਇਨ੍ਹਾਂ ਨਾਕਿਆਂ ਦਾ ਉਦੇਸ਼ ਹੋਲੇ ਮਹੱਲੇ 'ਤੇ ਆਉਣ ਵਾਲੀਆਂ ਸੰਗਤਾਂ ਨੂੰ ਪੂਰਣ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਨਾਕੇ 'ਤੇ ਸਿਰਫ਼ ਮੋਟਰ ਗੱਡੀ ਦਾ ਨਾਮ 'ਤੇ ਸੰਗਤ ਕਿੱਥੋਂ ਆਈ ਹੈ, ਹੀ ਨੋਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਨਾਕੇ 'ਤੇ ਮੌਜੂਦ ਮੈਡੀਕਲ ਟੀਮ ਵੱਲੋਂ, ਜੇਕਰ ਕਿਸੇ ਨੂੰ ਖਾਂਸੀ ਜਾਂ ਜ਼ੁਕਾਮ ਹੈ, ਦੀ ਸਿਹਤ ਜਾਂਚ ਨੂੰ ਨਿਸ਼ਚਿਤ ਕੀਤਾ ਜਾ ਰਿਹਾ ਹੈ। ਜਿਹੜੇ ਸ਼ਰਧਾਲੂ ਇੱਕ ਫ਼ਰਵਰੀ ਤੋਂ ਬਾਅਦ ਵਿਦੇਸ਼ ਤੋਂ ਆਏ ਹਨ, ਉਨ੍ਹਾਂ ਦੀ ਵਿਸ਼ੇਸ਼ ਤੌਰ 'ਤੇ ਸਿਹਤ ਜਾਂਚ ਕੀਤੀ ਜਾ ਰਹੀ ਹੈ। ਜੇਕਰ ਸਿਹਤ ਜਾਂਚ ਦੌਰਾਨ ਕਿਸੇ ਵਿਅਕਤੀ 'ਚ ਕਿਸੇ ਤਰ੍ਹਾਂ ਦੇ ਵਿਸ਼ੇਸ਼ ਲੱਛਣ ਪਾਏ ਗਏ ਤਾਂ ਉਸ ਨੂੰ ਮੁਕੰਮਲ ਸਿਹਤ ਜਾਂਚ ਕਰਵਾਉਣ ਉਪਰੰਤ ਵਾਪਸ ਘਰ ਪਰਤਣ ਲਈ ਆਖਿਆ ਜਾਵੇਗਾ।
ਡੀ.ਸੀ. ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਆਉਣ ਵਾਲੇ ਮੁੱਖ ਮਾਰਗਾਂ ਤੇ ਮੇਲਾ ਖੇਤਰ ਦੀ ਪਹੁੰਚ ਵਾਲੇ ਮਾਰਗ ਨੰਗਲ- ਸ੍ਰੀ ਅਨੰਦਪੁਰ ਸਾਹਿਬ 'ਤੇ ਲੱਗੇ ਚੰਡੇਸਰ ਨਾਕੇ ਤੇ ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਅਗੰਮਪੁਰ ਨਾਕੇ ਅਤੇ ਰੂਪਨਗਰ ਤੋਂ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਝਿੰਜੜੀ ਨਾਕੇ 'ਤੇ ਮੈਡੀਕਲ ਟੀਮਾਂ, ਸਿਵਲ ਪ੍ਰਸਾਸ਼ਨ ਦੇ ਅਧਿਕਾਰੀ ਅਤੇ ਐਸ.ਪੀ ਰੈਂਕ ਦੇ ਪੁਲਿਸ ਅਧਿਕਾਰੀ ਤਾਇਨਾਤ ਹਨ। ਇਨ੍ਹਾਂ ਥਾਂਵਾਂ ਤੇ ਸ਼ਰਧਾਲੂਆਂ ਦੀਆਂ ਮੋਟਰ ਗੱਡੀਆਂ ਦੀ ਜਾਂਚ ਦੇ ਨਾਲ ਨਾਲ ਸ਼ਰਧਾਲੂਆਂ ਦਾ ਸਕਰੀਨਿਕ ਟੈਸਟ/ਥਰਮਲ ਸਕੈਨ ਵੀ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਹੋਰ ਪ੍ਰਚਾਰ ਸਾਧਨਾ ਰਾਹੀਂ ਵੀ ਲੋਕਾ ਨੂੰ ਆਪਣੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਸਾਰੇ ਢੰਗ ਤਰੀਕੇ ਦੱਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਦਾ ਇਹ ਫਰਜ਼ ਹੈ ਕਿ ਹੋਲੇ ਮੁਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਸਾਰੇ ਸ਼ਰਧਾਲੂਆਂ ਦੀ ਸਿਹਤ ਅਤੇ ਸੁਰੱਖਿਆਂ ਨੂੰ ਯਕੀਨੀ ਬਰਕਰਾਰ ਰੱਖਿਆ ਜਾਵੇ, ਇਸ ਲਈ ਸੰਗਤਾ ਦਾ ਸਹਿਯੋਗ ਵੀ ਬੇਹੱਦ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਹਤਿਆਤ ਵਜੋਂ ਸੰਗਤਾਂ ਨੂੰ ਇੱਕ ਦੂਸਰੇ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣ, ਸ੍ਰੀ ਆਨੰਦਪੁਰ ਸਾਹਿਬ ਵਿਖੇ ਥੋੜ੍ਹਾ ਸਮਾਂ ਠਹਿਰਣ ਅਤੇ ਰਾਤ ਨਾ ਰਹਿਣ ਦੀ ਬੇਨਤੀ ਵੀ ਕੀਤੀ ਜਾ ਰਹੀ ਹੈ।